-3.7 C
Toronto
Wednesday, December 3, 2025
spot_img
Homeਪੰਜਾਬਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਬਣੇ ਨਿਰਮਲ ਸਿੰਘ

ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਬਣੇ ਨਿਰਮਲ ਸਿੰਘ

ਨਿਰਮਲ ਸਿੰਘ ਧੜੇ ਦੇ ਪੰਜ ਮੈਂਬਰ ਜਿੱਤੇ ਅਤੇ ਸਰਬਜੀਤ ਸਿੰਘ ਧੜੇ ਦਾ ਇਕ ਹੀ ਮੈਂਬਰ ਜਿੱਤ ਸਕਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਚੀਫ ਖ਼ਾਲਸਾ ਦੀਵਾਨ ਦੇ ਛੇ ਅਹੁਦੇਦਾਰਾਂ ਦੀ ਚੋਣ ਲਈ ਐਤਵਾਰ ਨੂੰ ਪਈਆਂ ਵੋਟਾਂ ਵਿਚ ਨਿਰਮਲ ਸਿੰਘ ਧੜੇ ਦੇ ਪੰਜ ਮੈਂਬਰ ਜਿੱਤ ਗਏ ਹਨ, ਜਦੋਂਕਿ ਸਰਬਜੀਤ ਸਿੰਘ ਧੜੇ ਦਾ ਇਕ ਮੈਂਬਰ ਹੀ ਜਿੱਤ ਸਕਿਆ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਵੱਲੋਂ ਚੀਫ ਖ਼ਾਲਸਾ ਦੀਵਾਨ ਦੇ ਦਫ਼ਤਰ ਦੇ ਬਾਹਰ ਚੋਣ ਪ੍ਰਕਿਰਿਆ ਬੰਦ ਕਰਾਉਣ ਲਈ ਰੋਸ ਵਿਖਾਵਾ ਵੀ ਕੀਤਾ ਗਿਆ। ਇਕ ਚੋਣ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਪਤਿਤ ਔਰਤ ਵੋਟਰਾਂ ਨੂੰ ਵੋਟ ਪਾਉਣ ਤੋਂ ਨਾ ਰੋਕੇ ਜਾਣ ਦੇ ਵਿਰੋਧ ਵਿਚ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ।
ਚੋਣ ਜਿੱਤਣ ਵਾਲਿਆਂ ਵਿਚ ਪ੍ਰਧਾਨ ਵਜੋਂ ਨਿਰਮਲ ਸਿੰਘ, ਮੀਤ ਪ੍ਰਧਾਨ ਵਜੋਂ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਅਮਰਜੀਤ ਸਿੰਘ ਬਾਂਗਾ, ਆਨਰੇਰੀ ਸਕੱਤਰ ਵਜੋਂ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਸਵਿੰਦਰ ਸਿੰਘ ਕੱਥੂਨੰਗਲ ਸ਼ਾਮਲ ਹਨ, ਜਦੋਂਕਿ ਸਥਾਨਕ ਪ੍ਰਧਾਨ ਦੇ ਅਹੁਦੇ ਲਈ ਸਰਬਜੀਤ ਸਿੰਘ ਧੜੇ ਵੱਲੋਂ ਹਰਮਿੰਦਰ ਸਿੰਘ ਫਰੀਡਮ ਨੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ 165 ਵੋਟਾਂ ਪ੍ਰਾਪਤ ਕੀਤੀਆਂ ਹਨ, ਜਦੋਂਕਿ ਉਨ੍ਹਾਂ ਦੇ ਵਿਰੋਧੀ ਸੁਖਦੇਵ ਸਿੰਘ ਮੱਤੇਵਾਲ ਨੂੰ 151 ਵੋਟਾਂ ਮਿਲੀਆਂ। ਪ੍ਰਧਾਨ ਦੀ ਚੋਣ ਜਿੱਤੇ ਨਿਰਮਲ ਸਿੰਘ ਨੇ 176 ਵੋਟਾਂ ਪ੍ਰਾਪਤ ਕਰ ਕੇ ਦੂਜੇ ਧੜੇ ਦੇ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਸਰਬਜੀਤ ਸਿੰਘ ਨੂੰ 143 ਵੋਟਾਂ ਪ੍ਰਾਪਤ ਹੋਈਆਂ। ਮੀਤ ਪ੍ਰਧਾਨ ਵਜੋਂ ਜਿੱਤੇ ਡਾ. ਇੰਦਰਬੀਰ ਸਿੰਘ ਨੂੰ 205 ਅਤੇ ਅਮਰਜੀਤ ਸਿੰਘ ਬਾਂਗਾ ਨੂੰ 148 ਵੋਟਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੂਜੇ ਧੜੇ ਦੇ ਸੁਖਵਿੰਦਰ ਸਿੰਘ ਵਾਲੀਆ (141 ਵੋਟਾਂ) ਅਤੇ ਕੁਲਜੀਤ ਸਿੰਘ ਸਾਹਨੀ (128 ਵੋਟਾਂ) ਨੂੰ ਹਰਾਇਆ ਹੈ। ਆਨਰੇਰੀ ਸਕੱਤਰ ਲਈ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੂੰ 179 ਵੋਟਾਂ ਅਤੇ ਸਵਿੰਦਰ ਸਿੰਘ ਕੱਥੂਨੰਗਲ ਨੂੰ 171 ਵੋਟਾਂ ਪਈਆਂ। ਉਨ੍ਹਾਂ ਦੂਜੇ ਧੜੇ ਦੇ ਸੰਤੋਖ ਸਿੰਘ ਸੇਠੀ (158 ਵੋਟਾਂ) ਅਤੇ ਅਮਰਜੀਤ ਸਿੰਘ ਭਾਟੀਆ (119 ਵੋਟਾਂ) ਨੂੰ ਹਰਾਇਆ। ਇਸ ਮੌਕੇ ਕੁੱਲ 323 ਵੋਟਾਂ ਪਈਆਂ, ਜਦੋਂਕਿ 6 ਪਤਿਤ ਸਿੱਖ ਵੋਟਰਾਂ ਦੀਆਂ ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਚੋਣ ਜਿੱਤਣ ਮਗਰੋਂ ਨਿਰਮਲ ਸਿੰਘ ਧੜੇ ਦੇ ਮੈਂਬਰਾਂ ਵੱਲੋਂ ਗੁਰਦੁਆਰੇ ਵਿਚ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਨਿਰਮਲ ਸਿੰਘ ਨੇ ਆਖਿਆ ਕਿ ਉਹ ਚੀਫ ਖ਼ਾਲਸਾ ਦੀਵਾਨ ਦੇ ਸਿਸਟਮ ਨੂੰ ਪਾਰਦਰਸ਼ੀ ਬਣਾਉਣਗੇ। ਉਹ ਇਕ-ਦੋ ਦਿਨਾਂ ਵਿਚ ਪ੍ਰਧਾਨ ਵਜੋਂ ਕਾਰਜਭਾਰ ਸਾਂਭਣਗੇ। ਇਸ ਤੋਂ ਪਹਿਲਾਂ ਚੀਫ ਖ਼ਾਲਸਾ ਦੀਵਾਨ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਪ੍ਰਣ ਪੱਤਰ ਵੀ ਭਰਿਆ, ਜਿਸ ਵਿਚ ਮੈਂਬਰਾਂ ਵੱਲੋਂ ਛੇ ਮਹੀਨੇ ਵਿਚ ਅੰਮ੍ਰਿਤਧਾਰੀ ਹੋਣ ਦਾ ਵਾਅਦਾ ਕੀਤਾ ਗਿਆ। ਵੋਟਾਂ ਪਾਉਣ ਦੀ ਪ੍ਰਕਿਰਿਆ ਆਰੰਭ ਹੋਈ ਤਾਂ ਚੋਣ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਬਾਈਕਾਟ ਕਰ ਦਿੱਤਾ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਵੋਟ ਪ੍ਰਕਿਰਿਆ ਦੌਰਾਨ ਪਤਿਤ ਔਰਤ ਮੈਂਬਰਾਂ ਨੂੰ ਵੋਟ ਪਾਉਣ ਤੋਂ ਨਹੀਂ ਰੋਕਿਆ ਗਿਆ, ਜਿਸ ਦਾ ਉਨ੍ਹਾਂ ਵਿਰੋਧ ਕੀਤਾ। ਇਸ ਚੋਣ ਵਿਚ ਪ੍ਰੋ. ਬਲਜਿੰਦਰ ਸਿੰਘ, ਸਾਬਕਾ ਪੁਲਿਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਤੇ ਡਾ. ਜਸਵਿੰਦਰ ਸਿੰਘ ਢਿੱਲੋਂ ਤਿੰਨ ਚੋਣ ਅਧਿਕਾਰੀ ਸ਼ਾਮਲ ਸਨ। ਚੋਣ ਪ੍ਰਕਿਰਿਆ ਦੌਰਾਨ ਦੁਪਹਿਰ ਵੇਲੇ ਲੋਕ ਇਨਸਾਫ਼ ਪਾਰਟੀ ਦੇ ਕਾਰਕੁਨਾਂ ਨੇ ਦੀਵਾਨ ਦੇ ਦਫ਼ਤਰ ਬਾਹਰ ਰੋਸ ਵਿਖਾਵਾ ਕੀਤਾ।

RELATED ARTICLES
POPULAR POSTS