Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ‘ਚੋਂ ਬਾਦਲਾਂ ਦਾ ਗਲਬਾ ਖਤਮ ਕਰਾਉਣ ਲਈ ਕਾਂਗਰਸ ਕੋਲੋਂ ਵੀ ਮੱਦਦ ਲੈਣ ‘ਚ ਕੋਈ ਝਿਜਕ ਨਹੀਂ : ਫੂਲਕਾ

ਸ਼੍ਰੋਮਣੀ ਕਮੇਟੀ ‘ਚੋਂ ਬਾਦਲਾਂ ਦਾ ਗਲਬਾ ਖਤਮ ਕਰਾਉਣ ਲਈ ਕਾਂਗਰਸ ਕੋਲੋਂ ਵੀ ਮੱਦਦ ਲੈਣ ‘ਚ ਕੋਈ ਝਿਜਕ ਨਹੀਂ : ਫੂਲਕਾ

ਚੰਡੀਗੜ੍ਹ/ਬਿਊਰੋ ਨਿਊਜ਼
ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਆਖਿਆ ਕਿ ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਭਾਜਪਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵਿਚੋਂ ਬਾਦਲ ਅਕਾਲੀ ਦਲ ਦਾ ਗਲਬਾ ਖ਼ਤਮ ਕਰਵਾਉਣ ਲਈ ਕਾਂਗਰਸ ਕੋਲੋਂ ਮਦਦ ਲੈਣ ਵਿਚ ਕੋਈ ਝਿਜਕ ਨਹੀਂ ਹੈ।
ਫੂਲਕਾ ਨੇ ਕਿਹਾ ਕਿ ਉਨ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਅਤੇ ਐੱਸਜੀਪੀਸੀ ਵਿਚੋਂ ਸਿਆਸੀ ਦਖ਼ਲਅੰਦਾਜ਼ੀ ਦਾ ਖਾਤਮਾ ਕਰਵਾਉਣ ਦੇ ਦੋ ਮਿਸ਼ਨ ਮਿਥੇ ਹਨ। ਸੱਜਣ ਕੁਮਾਰ ਨੂੰ ਸਜ਼ਾ ਮਿਲਣ ਨਾਲ ਉਨ੍ਹਾਂ ਦੇ ਪਹਿਲੇ ਮਿਸ਼ਨ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਉਨ੍ਹਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਫਿਰ ਉਨ੍ਹਾਂ ਬਰਗਾੜੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਲਈ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਮਿਸ਼ਨਾਂ ਲਈ ਆਪਣੇ ਆਪ ਨੂੰ ਸਿਆਸੀ ਜ਼ੰਜੀਰਾਂ ਤੋਂ ਮੁਕਤ ਕਰਨ ਲਈ ‘ਆਪ’ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਨ੍ਹਾਂ ਦੋਵਾਂ ਮਿਸ਼ਨਾਂ ਦੀ ਪ੍ਰਾਪਤੀ ਲਈ ਕਿਸੇ ਵੀ ਸਿਆਸੀ ਪਾਰਟੀ ਤੋਂ ਮਦਦ ਲੈਣ ਲਈ ਝਿਜਕ ਨਹੀਂ ਦਿਖਾਉਣਗੇ। ਉਨ੍ਹਾਂ ਸਾਫ ਕਿਹਾ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਹੈ ਅਤੇ ਇਸ ਸਰਕਾਰ ਦੀ ਮਦਦ ਤੋਂ ਬਿਨਾ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਬੜਾ ਮੁਸ਼ਕਲ ਕਾਰਜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਹੈ ਅਤੇ ਐੱਸਜੀਪੀਸੀ ਵਿੱਚੋਂ ਸਿਆਸੀ ਗਲਬਾ ਖ਼ਤਮ ਕਰਨ ਲਈ ਇੱਥੇ ਕੈਪਟਨ ਸਰਕਾਰ ਕੋਲੋਂ ਉਹ ਬਿਨਾ ਕਿਸੇ ਝਿਜਕ ਦੇ ਮਦਦ ਲੈਣਗੇ। ਉਨ੍ਹਾਂ ਮੰਨਿਆ ਕਿ ਐੱਸਜੀਪੀਸੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਉਨ੍ਹਾਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ ਤੋਂ ਪਹਿਲਾਂ ਕਾਂਗਰਸ ਦੇ ਕੁਝ ਮੰਤਰੀਆਂ ਨਾਲ ਮੁਲਾਕਾਤਾਂ ਕੀਤੀਆਂ ਸਨ, ਕਿਉਂਕਿ ਸਦਨ ਵਿਚ ਇਹ ਮਤਾ ਕਾਂਗਰਸ ਦੀ ਸਹਿਮਤੀ ਤੋਂ ਬਿਨਾ ਸੰਭਵ ਹੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਅਕਾਲੀਆਂ ਵੱਲੋਂ ਕੈਪਟਨ ਸਰਕਾਰ ਨਾਲ ਗਿੱਟਮਿੱਟ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਦੀ ਕੋਈ ਪ੍ਰਵਾਹ ਨਹੀਂ ਹੈ। ਫੂਲਕਾ ਨੇ ਕਿਹਾ ਕਿ ਉਹ ਸਿਆਸਤ ਵਿਚ ਆਪਣਾ ਵਪਾਰ ਵਧਾਉਣ ਜਾਂ ਰੋਟੀ-ਪਾਣੀ ਦਾ ਜੁਗਾੜ ਕਰਨ ਲਈ ਨਹੀਂ ਆਏ ਸਨ ਅਤੇ ਅਕਾਲੀਆਂ ਦੇ ਅਜਿਹੇ ਦੋਸ਼ਾਂ ਤੋਂ ਬੇਪ੍ਰਵਾਹ ਹੋ ਕੇ ਉਹ ਆਪਣੇ ਮਿਸ਼ਨ ਵੱਲ ਵਧਦੇ ਜਾਣਗੇ।

ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦਾ ਮੁੱਲ ਨਹੀਂ ਪਵਾਉਣਾ’
ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ ਜਦੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਮਿਲੀ ਸੀ ਤਾਂ ਸਿਆਸੀ ਪਾਰਟੀਆਂ ਨੇ ਇਸ ਦੇ ਬਦਲੇ ਉਨ੍ਹਾਂ ਨੂੰ ਪਾਰਲੀਮੈਂਟ ਭੇਜਣ ਦੀਆਂ ਪੇਸ਼ਕਸ਼ ਕੀਤੀਆਂ ਸਨ। ਇਨ੍ਹਾਂ ਪੇਸ਼ਕਸ਼ਾਂ ਬਾਬਤ ਉਨ੍ਹਾਂ ਨੇ ਆਪਣੀ ਪਤਨੀ ਨਾਲ ਗੰਭੀਰ ਮੰਥਨ ਕੀਤਾ ਸੀ। ਇਸ ਦੌਰਾਨ ਫੈਸਲਾ ਕੀਤਾ ਸੀ ਕਿ ਉਹ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਦਾ ਕੋਈ ਮੁੱਲ ਨਹੀਂ ਪਵਾਉਣਗੇ।
ਨੰਬਰ ਬਣਾਉਣ ਦੀ ਹੋੜ
ਵਿਧਾਨ ਸਭਾ ਦੇ ਦੌਰਾਨ ਅਲੱਗ-ਅਲੱਗ ਮੁੱਦਿਆਂ ‘ਤੇ ਆਪਣੇ ਕੁਮੈਂਟ ਦੇ ਕੇ ਨੰਬਰ ਬਣਾਉਣ ਦੀ ਹੋੜ ਲੱਗੀ ਹੋਈ ਹੈ। ਇਹ ਹੋੜ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਿਧਾਇਕਾਂ ‘ਚ ਜ਼ਿਆਦਾ ਹੈ। ਵਿਰੋਧੀ ਧਿਰ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਜ਼ਿਆਦਾ ਅਤੇ ਅਕਾਲੀ ਦਲ ਦੇ ਵਿਧਾਇਕ ਘੱਟ ਹਨ। ਵਿਧਾਨ ਸਭਾ ‘ਚ ਉਠਣ ਵਾਲੇ ਮੁੱਦਿਆਂ ‘ਤੇ ਆਪ ਅਤੇ ਅਕਾਲੀ ਦਲ ਦੋਵਾਂ ਦੇ ਵਿਧਾਇਕ ਆਪਣੇ-ਆਪਣੇ ਕੁਮੈਂਟ ਦੇ ਕੇ ਨੰਬਰ ਬਣਾਉਣ ‘ਚ ਲੱਗੇ ਹੋਏ ਹਨ। ਵਿਰੋਧੀ ਧਿਰ ਦੇ ਬਾਕੀ ਵਿਧਾਇਕ ਉਸ ‘ਤੇ ਸ਼ੋਰ-ਸ਼ਰਾਬਾ ਕਰਕੇ ਮੁੱਦਿਆਂ ਨੂੰ ਗਰਮਾਉਣ ਦੀ ਕੋਸ਼ਿਸ਼ ਕਰਦੇ ਹਨ। ‘ਆਪ’ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੋਣ ‘ਤੇ ਸ਼ੋਰ-ਸ਼ਰਾਬਾ ਜ਼ਿਆਦਾ ਹੁੰਦਾ ਹੈ ਜਦਕਿ ਅਕਾਲੀ ਦਲ ਦੇ ਵਿਧਾਇਕਾਂ ਦੀ ਗਿਣਤੀ ਘੱਟ ਹੋਣ ਕਾਰਨ ਸ਼ੋਰ-ਸ਼ਰਾਬਾ ਘੱਟ ਹੁੰਦਾ ਹੈ।
ਸਦਨ ‘ਚ ਭਾਸ਼ਾ ‘ਤੇ ਕੰਟਰੋਲ ਰੱਖੋ
ਵਿਧਾਨ ਸਭਾ ਸੈਸ਼ਨ ‘ਚ ਕੁਝ ਵਿਧਾਇਕਾਂ ਵੱਲੋਂ ਸਦਨ ‘ਚ ਘਟੀਆ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ‘ਤੇ ਖੁਦ ਵਿਧਾਨ ਸਭਾ ਦੇ ਸਪੀਕਰਨ ਨੂੰ ਖੁਦ ਸਦਨ ‘ਚ ਵਿਧਾਇਕਾਂ ਨੂੰ ਆਪਣੀ ਭਾਸ਼ਾ ‘ਤੇ ਕੰਟਰੋਲ ਰੱਖਣ ਦੇ ਲਈ ਕਹਿਣਾ ਪਿਆ ਪ੍ਰੰਤੂ ਇਸ ਤੋਂ ਬਾਅਦ ਵੀ ਸਦਨ ‘ਚ ਕੁਝ ਵਿਧਾਇਕ ਬਾਜ ਨਹੀਂ ਆ ਰਹੇ। ਜਿਸ ‘ਤੇ ਸਪੀਕਰ ਨੂੰ ਚੀਕ ਕੇ ਸਦਨ ‘ਚ ਇਹ ਕਹਿਣਾ ਪਿਆ ਕਿ ਪਲੀਜ਼ ਪਲੀਜ਼ ਆਪਣਾ ਸ਼ਬਦਾਵਲੀ ਨੂੰ ਕੰਟਰੋਲ ‘ਚ ਰੱਖ ਕੇ ਸਦਨ ਚ ਗੱਲ ਕਰੋ।
ਸਦਨ ਦੇ ਅੰਦਰ ਹਮਲੇ ਤੇ ਬਾਹਰ ਸਤਿਕਾਰ
ਸਦਨ ਦੇ ਅੰਦਰ ਬੇਸ਼ਕ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਇਕ-ਦੂਜੇ ਨੂੰ ਆੜੇ ਹੱਥੀਂ ਲਿਆ ਜਾਂਦਾ ਹੋਵੇ ਪ੍ਰੰਤੂ ਸਦਨ ਦੇ ਬਾਹਰ ਵਿਰੋਧੀ ਦਲਾਂ ਦੇ ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਨੂੰ ਮਿਲਦੇ ਸਮੇਂ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਗਾਉਂਦੇ ਹਨ। ਇਸ ‘ਤੇ ਮੁੱਖ ਮੰਤਰੀ ਵੀ ਪਿੱਛੇ ਨਹੀਂ ਰਹਿੇੰਦ ਅਤੇ ਆਪਣੇ ਪੈਰ ਛੂਹਣ ਵਾਲੇ ਵਿਧਾਇਕਾਂ ਦੀ ਪਿੱਠ ਥਾਪੜਦੇ ਹਨ।
ਅੰਧ ਵਿਸ਼ਵਾਸ ਛੱਡੋ ਤੇ ਫਿਰ ਗੱਲ ਕਰੋ
ਬਜਟ ਸੈਸ਼ਨ ਦੌਰਾਨ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਨੇ ਅੰਧ ਵਿਸ਼ਵਾਸ ਨੂੰ ਲੈ ਕੇ ਕਾਨੂੰਨ ਬਣਾਏ ਜਾਣ ਦੀ ਮੰਗ ਰੱਖੀ ਸੀ ਪ੍ਰੰਤੂ ਇਸ ਦੌਰਾਨ ਇਕ ਵਿਧਾਇਕ ਨੇ ਇਹ ਕਹਿ ਦਿੱਤਾ ਕਿ ਜੋ ਲੋਕ ਇਸ ਕਾਨੂੰਨ ਨੂੰ ਬਣਾਉਣ ਦੀ ਗੱਲ ਕਰ ਰਹੇ ਹਨ ਉਹ ਖੁਦ ਹੀ ਹੱਥਾਂ ‘ਚ ਨਗਾਂ ਵਾਲੀਆਂ ਅੰਗੂਠੀਆਂ ਪਾ ਕੇ ਬੈਠੇ ਨ। ਪਹਿਲਾਂ ਉਹ ਆਪਣੇ ਹੱਥਾਂ ਚੋਂ ਨਗਾਂ ਵਾਲੀਆਂ ਅੰਗੂਠੀਆਂ ਨੂੰ ਬਾਹਰ ਕੱਢ ਕੇ ਸੁੱਟਣ, ਫਿਰ ਇਸ ‘ਤੇ ਗੱਲ ਕਰਾਂਗੇ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …