ਕੈਪਟਨ ਦੀ ਬੇਸਮਝੀ ਕਾਰਨ ਪੰਜਾਬ ਦਾ ਨੁਕਸਾਨ ਹੋਇਆ : ਫੂਲਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਕੈਪਟਨ ਸਰਕਾਰ ਦੇ ਰਵੱਈਏ ਦਾ ਮੁੱਦਾ ਅਗਲੇ ਦਿਨੀਂ ਆਮ ਆਦਮੀ ਪਾਰਟੀ (ਆਪ) ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਚੁੱਕੇਗੀ। ‘ਆਪ’ ਦੇ ਵਿਧਾਇਕ ਐਡਵੋਕੇਟ ਐੱਚ ਐੱਸ ਫੂਲਕਾ ਨੇ ਇਸ ਮਾਮਲੇ ‘ਤੇ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰਨ ਦੀ ਤਿਆਰੀ ਖਿੱਚ ਲਈ ਹੈ ਅਤੇ ਮਤਾ ਵਿਧਾਨ ਸਭਾ ਦੇ ਦਫ਼ਤਰ ਨੂੰ ਮੁਹੱਈਆ ਕਰ ਦਿੱਤਾ ਹੈ। ਮਤੇ ਵਿੱਚ ਕੈਪਟਨ ਸਰਕਾਰ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਕੈਨੇਡਾ ਵੱਸਦੇ ਲੱਖਾਂ ਪੰਜਾਬੀਆਂ ਦੀਆਂ ਮੰਗਾਂ ਰੱਖਣ ਦੇ ਉਲਟ ਪਰਵਾਸੀਆਂ ਲਈ ਨਵੇਂ ਖ਼ਤਰੇ ਖੜ੍ਹੇ ਕੀਤੇ ਗਏ ਹਨ। ਹਲਕਾ ਦਾਖਾ ਦੇ ਵਿਧਾਇਕ ਫੂਲਕਾ ਨੇ ਮਤੇ ਵਿੱਚ ਦੋਸ਼ ਲਾਇਆ ਹੈ ਕਿ ਟਰੂਡੋ ਦੀ ਫੇਰੀ ਦੌਰਾਨ ਕੈਪਟਨ ਸਰਕਾਰ ਦੇ ਬੇਸਮਝੀ ਵਾਲੇ ਵਤੀਰੇ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਹਰ ਸਾਲ 80 ਤੋਂ 90 ਹਜ਼ਾਰ ਪੰਜਾਬੀ ਪਰਵਾਸ ਕਰਦੇ ਹਨ। ਇਨ੍ਹਾਂ ਵਿੱਚੋਂ 40 ਤੇ 50 ਹਜ਼ਾਰ ਪੰਜਾਬੀ ਨੌਜਵਾਨ ਵਿਦਿਆਰਥੀ ਵੀਜ਼ੇ ਦੇ ਆਧਾਰ ‘ਤੇ ਕੈਨੇਡਾ ਜਾ ਕੇ ਆਪਣਾ ਭਵਿੱਖ ਸਵਾਰਨ ਦਾ ਸੁਪਨਾ ਲੈਂਦੇ ਹਨ। ਇਸ ਤੋਂ ਇਲਾਵਾ 40 ਤੋਂ 50 ਹਜ਼ਾਰ ਦੇ ਕਰੀਬ ਪੰਜਾਬੀ ਫੈਮਿਲੀ ਵੀਜ਼ਾ ਜਾਂ ਪੀਆਰ ਦੇ ਆਧਾਰ ‘ਤੇ ਕੈਨੇਡਾ ਵਸਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਟਰੂਡੋ ਦੀ ਪੰਜਾਬ ਫੇਰੀ ਦੌਰਾਨ ਕੈਪਟਨ ਸਰਕਾਰ ਦਾ ਰਵੱਈਆ ਕੈਨੇਡਾ ਵਿੱਚ ਪਰਵਾਸ ਕਰ ਗਏ ਜਾਂ ਪਰਵਾਸ ਕਰਨ ਲਈ ਯਤਨਸ਼ੀਲ ਪੰਜਾਬੀਆਂ ‘ਤੇ ਮਾੜਾ ਅਸਰ ਪਾ ਸਕਦਾ ਹੈ। ਫੂਲਕਾ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਖ਼ਾਲਿਸਤਾਨ ਦਾ ਮੁੱਦਾ ਲਗਪਗ ਖਤਮ ਹੋ ਚੁੱਕਾ ਹੈ, ਪਰ ਕੈਪਟਨ ਸਰਕਾਰ ਦੇ ਗ਼ਲਤ ਵਤੀਰੇ ਕਾਰਨ ਇਹ ਮੁੱਦਾ ਬਿਨਾ ਕਾਰਨ ਹੀ ਸੰਸਾਰ ਭਰ ਵਿੱਚ ਚਰਚਾ ਵਿਚ ਆ ਗਿਆ ਹੈ, ਜਿਸ ਦਾ ਜਵਾਬ ਮੁੱਖ ਮੰਤਰੀ ਨੂੰ ਦੇਣਾ ਪਵੇਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …