ਖੰਨਾ/ਬਿਊਰੋ ਨਿਊਜ਼ : ਸਿੱਖ ਇਤਿਹਾਸ ‘ਚ ਅਹਿਮ ਸਥਾਨ ਰੱਖਣ ਵਾਲੇ ਰਾਮਗੜ੍ਹੀਆ ਭਾਈਚਾਰੇ ਦਾ ਪੰਜਾਬ ‘ਚ ਪਹਿਲਾ ਅਜਾਇਬ ਘਰ ਖੰਨਾ ਦੇ ਜੀਟੀ ਰੋਡ ‘ਤੇ ਭੱਟੀਆਂ ਸਥਿਤ ਰਾਮਗੜ੍ਹੀਆ ਭਵਨ ‘ਚ ਬਣਾਇਆ ਗਿਆ ਹੈ। ਰਾਮਗੜ੍ਹੀਆ ਭਾਈਚਾਰਾ ਆਪਣੇ ਇਤਿਹਾਸ ਨੂੰ ਜਿਊਂਦਾ ਰੱਖਣ ਅਤੇ ਭਾਈਚਾਰੇ ਦੀ ਨੌਜਵਾਨ ਪੀੜ੍ਹੀਆ ਨੂੰ ਇਤਿਹਾਸ ਨਾਲ ਜੋੜਨ ਦੇ ਲਈ ਇਹ ਅਜਾਇਬ ਘਰ ਬਣਾਇਆ ਗਿਆ ਹੈ। ਇਸ ਅਜਾਇਬ ਘਰ ਦੀ ਬਿਲਡਿੰਗ ਤਿਆਰ ਹੋ ਚੁੱਕੀ ਹੈ। ਇਸ ‘ਚ ਪੇਂਟਰ ਦੀ ਬਣਾਈ ਬਾਬਾ ਵਿਸ਼ਵਕਰਮਾ ਜੀ ਦੀ ਤਸਵੀਰ ਲਗਾਈ ਗਈ ਹੈ। ਭਾਈ ਲਾਲੋ ਅਤੇ ਜੱਸਾ ਸਿੰਘ ਆਹਲੂਵਾਲੀਆ ਸਮੇਤ ਰਾਮਗੜ੍ਹੀਆ ਭਾਈਚਾਰੇ ਦੇ ਹੋਰ ਯੋਧਿਆਂ ਦੀਆਂ ਤਸਵੀਰਾਂ ਵੀ ਲੱਗਣਗੀਆਂ। ਇਸ ਤੋਂ ਇਲਾਵਾ ਲਿਟਰੇਚਰ ਵੀ ਰੱਖਿਆ ਜਾਵੇਗਾ ਤਾਂ ਕਿ ਅਜਾਇਬ ਘਰ ‘ਚ ਆਉਣ ਵਾਲੇ ਹਰ ਵਿਅਕਤੀ ਨੂੰ ਇਥੋਂ ਜਾਣ ਤੋਂ ਬਾਅਦ ਕਿਸੇ ਤੋਂ ਰਾਮਗੜ੍ਹੀਆ ਭਾਈਚਾਰੇ ਦੇ ਇਤਿਹਾਸ ਦੇ ਬਾਰੇ ‘ਚ ਕੁਝ ਪੁੱਛਣਾ ਨਾ ਪਵੇ।
ਰਾਮਗੜ੍ਹੀਆ ਭਾਈਚਾਰੇ ਦੇ ਵਿਅਕਤੀ ਹੀ ਜਾਣੂ ਨਹੀਂ ਆਪਣੇ ਇਤਿਹਾਸ ਤੋਂ
ਰਾਮਗੜ੍ਹੀਆ ਭਾਈਚਾਰੇ ਦੇ ਅਨੇਕਾਂ ਯੋਧਿਆਂ ਨੇ ਸਿੱਖ ਧਰਮ ‘ਚ ਕੁਰਬਾਨੀਆਂ ਦਿੱਤੀਆਂ। ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਤਿਹਾਸ ਤੋਂ ਜ਼ਿਆਦਾਤਰ ਲੋਕ ਅਣਜਾਣ ਹਨ। ਇਸ ਲਈ ਸਭਾ ਨੇ ਅਜਾਇਬ ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬਿਲਡਿੰਗ ਬਣ ਗਈ ਹੈ, ਪੇਂਟਰਾਂ ਤੋਂ ਯੋਧਿਆਂ ਦੇ ਸਵਰੂਪ ਬਣਵਾਏ ਜਾ ਰਹੇ ਹਨ। ਦੋ ਜਾਂ ਤਿੰਨ ਮਹੀਨਿਆਂ ‘ਚ ਅਜਾਇਬਰ ਘਰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਮੀਟਿੰਗ ‘ਚ ਸਰਬਸੰਮਤੀ ਨਾਲ 2017 ‘ਚ ਹੋਇਆ ਸੀ ਫੈਸਲਾ
ਅਜਾਇਬ ਘਰ ਦੇ ਲਈ ਖੰਨਾ ਤੋਂ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ 5 ਲੱਖ ਰੁਪਏ ਦੀ ਗ੍ਰਾਂਟ ਦੇ ਚੁੱਕੇ ਹਨ। ਇਲਾਕੇ ‘ਚ ਲਗਭਗ 20 ਸਾਲਾਂ ਤੋਂ ਰਾਮਗੜ੍ਹੀਆ ਭਾਈਚਾਰੇ ਨੂੰ ਇਕਜੁੱਟ ਕਰਨ ਦੇ ਲਈ ਕੰਮ ਕਰ ਰਹੀ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਦੇ ਯਤਨਾਂ ਨਾਲ ਅਜਾਇਬ ਘਰ ਬਣਾਇਆ ਜਾ ਰਿਹਾ ਹੈ। 2017 ‘ਚ ਸਭਾ ਦੀ ਮੀਟਿੰਗ ਦੇ ਦੌਰਾਨ ਇਹ ਮੰਗ ਉਠਾਈ ਗਈ ਸੀ ਕਿ ਸਿੱਖ ਇਤਿਹਾਸ ‘ਚ ਰਾਮਗੜ੍ਹੀਆ ਭਾਈਚਾਰੇ ਦਾ ਯੋਗਦਾਨ ਤੇ ਕੁਰਬਾਨੀਆਂ ਕੀਤੀਆਂ ਹੋਈਆਂ ਹਨ ਤੇ ਉਨ੍ਹਾਂ ਤੋਂ ਰਾਮਗੜ੍ਹੀਆ ਭਾਈਚਾਰੇ ਦੇ ਵਿਅਕਤੀ ਵੀ ਜਾਣੂ ਨਹੀਂ ਹਨ। ਇਸ ‘ਤੇ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ ਅਜਾਇਬ ਘਰ ਬਣਾ ਕੇ ਪੰਜਾਬ ‘ਚ ਨਵੀਂ ਮਿਸਾਲ ਪੇਸ਼ ਕੀਤੀ ਜਾਵੇਗੀ ਤਾਂ ਕਿ ਪ੍ਰੇਰਣਾ ਲੈ ਕੇ ਹੋਰ ਜ਼ਿਲ੍ਹਿਆਂ ‘ਚ ਵੀ ਭਾਈਚਾਰੇ ਨਾਲ ਸਬੰਧਤ ਅਜਾਇਬ ਘਰ ਬਣ ਸਕਣ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …