Breaking News
Home / ਪੰਜਾਬ / ਸੁਖਪਾਲ ਖਹਿਰਾ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਪੱਤਰ

ਸੁਖਪਾਲ ਖਹਿਰਾ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਪੱਤਰ

ਕਿਹਾ – ਕਰਤਾਰਪੁਰ ਸਾਹਿਬ ਲਾਂਘਾ ਸੰਗਤਾਂ ਲਈ ਮੁੜ ਖੋਲ੍ਹਿਆ ਜਾਵੇ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਰੋਨਾ ਦੇ ਮੱਦੇਨਜ਼ਰ ਬੰਦ ਕੀਤਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਸਬੰਧੀ ਨਿੱਜੀ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਅਪੀਲ ਕੀਤੀ ਕਿ ਉਹ ਲਾਂਘਾ ਖੁੱਲ੍ਹਵਾਉਣ ਲਈ ਯੋਗ ਪੈਰਵਾਈ ਕਰਨ।
ਮੁਹਾਲੀ ਵਿਖੇ ਖਹਿਰਾ ਨੇ ਕਿਹਾ ਕਿ ਕਰੋਨਾ ਦੇ ਚੱਲਦਿਆਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਨੇ ਲੰਘੀ 16 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਆਰਜ਼ੀ ਤੌਰ ‘ਤੇ ਬੰਦ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਬੀਤੀ 29 ਜੂਨ ਨੂੰ ਪਾਕਿਸਤਾਨ ਨੇ ਲਾਂਘਾ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤਾ ਹੈ ਪਰ ਪੰਜਾਬ ਵਾਲੇ ਪਾਸਿਓਂ ਇਹ ਹਾਲੇ ਵੀ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਗੁਰਦੁਆਰੇ, ਮੰਦਰ, ਮਸਜਿਦਾਂ, ਗਿਰਜਾਘਰ ਅਤੇ ਧਰਮਸ਼ਾਲਾ ਆਦਿ ਸਥਾਨ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ ਅਤੇ 5 ਅਗਸਤ ਨੂੰ ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਬਾਬਤ ਨੀਂਹ ਪੱਥਰ ਰੱਖਿਆ ਹੈ, ਲਿਹਾਜ਼ਾ ਹੁਣ ਇਹ ਲਾਂਘਾ ਵੀ ਖੋਲ੍ਹਿਆ ਜਾਣਾ ਚਾਹੀਦਾ ਹੈ।
ਖਹਿਰਾ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਪਿੰਡਾਂ ਵਿੱਚ ਸ਼ਰ੍ਹੇਆਮ ਸਰਕਾਰੀ ਸਰਪ੍ਰਸਤੀ ਹੇਠ ਨਕਲੀ ਸ਼ਰਾਬ ਦਾ ਗੋਰਖ ਧੰਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਣ ਬਾਰੇ ਮੁੱਖ ਮੰਤਰੀ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸਬੰਧਤ ਖੇਤਰ ਦਾ ਦੌਰਾ ਮਹਿਜ਼ ਜਾਂਚ ਨੂੰ ਪ੍ਰਭਾਵਿਤ ਕਰਨਾ ਸੀ। ਉਨ੍ਹਾਂ ਸਿੱਖ ਨੌਜਵਾਨਾਂ ਦੀ ਫੜੋ-ਫੜੀ ਦੇ ਮਾਮਲੇ ‘ਤੇ ਵੀ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜ਼ਮੀਨੀ ਹਕੀਕਤ ਜਾਣਨ ਲਈ ਉਹ ਇਕੱਲੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਲੋਕਾਂ ਦੀ ਕਚਹਿਰੀ ਵਿੱਚ ਬੈਠ ਕੇ ਉਨ੍ਹਾਂ ਦਾ ਦਰਦ ਸੁਣਨ ਤਾਂ ਜੋ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ। ਇਸ ਮੌਕੇ ਮੌੜ ਦੇ ਵਿਧਾਇਕ ਜਗਦੇਵ ਸਿੰਘ ਵੀ ਹਾਜ਼ਰ ਸਨ। ਖਹਿਰਾ ਨੇ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਸੀਨੀਅਰ ਜੱਜ ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ ਤੇ ਮ੍ਰਿਤਕ ਦੇ ਵਾਰਸਾਂ ਨੂੰ ਪ੍ਰਤੀ ਵਿਅਕਤੀ 25 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਵਿਚੋਂ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …