Breaking News
Home / ਪੰਜਾਬ / ਡੇਰਾ ਸਿਰਸਾ ਨੇ ਕੋਡ ਵਰਡਾਂ ਰਾਹੀਂ ਭੜਕਾਈ ਹਿੰਸਾ

ਡੇਰਾ ਸਿਰਸਾ ਨੇ ਕੋਡ ਵਰਡਾਂ ਰਾਹੀਂ ਭੜਕਾਈ ਹਿੰਸਾ

ਚੰਡੀਗੜ੍ਹ/ਬਿਊਰੋ ਨਿਊਜ਼ : ਸਮਝਦਾਰ ਵਿਅਕਤੀ ਨੂੰ ‘ਟਮਾਟਰ ਫੋੜਨਾ’ ਦਾ ਸ਼ਬਦ ਅਜੀਬ ਲੱਗ ਸਕਦਾ ਹੈ, ਖ਼ਾਸ ਤੌਰ ‘ਤੇ ਉਦੋਂ ਜਦੋਂ ਟਮਾਟਰ ਦੀ ਕੀਮਤ ਆਸਮਾਨ ਛੂਹ ਰਹੀ ਹੈ ਪਰ ਅਸਲ ਵਿੱਚ ਇਹ ਸ਼ਬਦ ਡੇਰਾ ਸਿਰਸਾ ਵੱਲੋਂ ਹਿੰਸਾ ਭੜਕਾਉਣ ਲਈ ਗੁੱਝੇ ਇਸ਼ਾਰੇ ਦੇ ਤੌਰ ਉਤੇ ਵਰਤੇ ਕੋਡ-ਵਰਡਾਂ ਵਿੱਚੋਂ ਇਕ ਸੀ। ਇਹ ਦਾਅਵਾ ਹਰਿਆਣਾ ਪੁਲਿਸ ਨੇ ਕੀਤਾ ਹੈ। ਡੇਰਾ ਮੁਖੀ ਨੂੰ ਦੋਸ਼ੀ ਠਹਿਰਾਉਣ ਮਗਰੋਂ ਭੜਕੀ ਹਿੰਸਾ ਦੇ ਕੇਸ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਸਾਹਮਣੇ ਦਾਖ਼ਲ ਹਲਫ਼ਨਾਮੇ ਵਿੱਚ ਪੁਲਿਸ ਨੇ ਕੋਡ ਸ਼ਬਦਾਵਲੀ ਦੀ ਵਰਤੋਂ ਦਾ ਦਾਅਵਾ ਕੀਤਾ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਡੇਰਾ ਮੁਖੀ ਨੂੰ ਬਰੀ ਕਰਨ ਲਈ ਸਰਕਾਰ ਤੇ ਨਿਆਂਪਾਲਿਕਾ ਉਤੇ ਦਬਾਅ ਬਣਾਉਣ ਲਈ ਇਕ ਮੀਟਿੰਗ ਵੀ ਹੋਈ ਅਤੇ ਮੁਲਜ਼ਮ ਹਨੀਪ੍ਰੀਤ ਨੇ 1.25 ਕਰੋੜ ਰੁਪਏ ਵੰਡੇ ਸਨ।
ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਪੀ.ਕੇ. ਅਗਰਵਾਲ ਨੇ ਆਪਣੀ ਪ੍ਰਗਤੀ ਰਿਪੋਰਟ ਵਿੱਚ ਜਾਂਚ ਦੇ ਆਧਾਰ ਉਤੇ ਦਾਅਵਾ ਕੀਤਾ ਕਿ ਡੇਰਾ ਪ੍ਰਬੰਧਕ ਤੇ ਸ਼ਰਧਾਲੂ ਟੈਲੀਫੋਨ ਉਤੇ ਗੱਲਬਾਤ ਵੇਲੇ ਬੇਹੱਦ ਚੌਕਸ ਰਹਿੰਦੇ ਸਨ ਅਤੇ ਉਹ ਕੋਡ ਸ਼ਬਦਾਵਲੀ ਦੀ ਵਰਤੋਂ ਕਰਦੇ ਸਨ। ਉਨ੍ਹਾਂ ਕਿਹਾ ਕਿ ਡੇਰਾ ਪ੍ਰਬੰਧਕਾਂ ਤੇ ਸ਼ਰਧਾਲੂਆਂ ਵਿਚਾਲੇ ਗੱਲਬਾਤ ਵਿੱਚ ‘ਪੌਦਾ ਰੋਪਣ’, ‘ਟਮਾਟਰ ਫੋੜਨਾ’ ਅਤੇ ‘ਝਾੜੂ ਕਿਸ ਤਰਫ਼ ਨਿਕਾਲਨੀ ਹੈ’ ਵਰਗੇ ਸ਼ੱਕੀ ਸ਼ਬਦ ਵਰਤੇ ਗਏ, ਜਿਨ੍ਹਾਂ ਦਾ ਮਤਲਬ ਹਿੰਸਾ ਤੇ ਸਾੜ-ਫੂਕ ਕਰਨਾ ਸੀ। ਇਸ ਪ੍ਰਗਤੀ ਰਿਪੋਰਟ ਵਿੱਚ ਕਿਹਾ ਗਿਆ ਕਿ ਜਾਂਚ ਵਿੱਚ ਡੇਰਾ ਸਿਰਸਾ ਦੇ ਸੀਨੀਅਰ ਅਹੁਦੇਦਾਰਾਂ ਦੇ ਕਹਿਣ ਉਤੇ ਪੰਚਕੂਲਾ ਵਿੱਚ ਸ਼ਰਧਾਲੂਆਂ ਨੂੰ ਵੱਡੇ ਪੱਧਰ ਉਤੇ ਇਕੱਠਾ ਕਰਨ ਦੇ ਸਬੂਤ ਮਿਲੇ ਹਨ।
ਸੀਬੀਆਈ ਜਾਂਚ ਬਾਰੇ ਕੇਂਦਰ ਤੋਂ ਜਵਾਬ ਮੰਗਿਆ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਕਿਹਾ ਕਿ ਕੀ ਡੇਰਾ ਸਿਰਸਾ ਵਿੱਚ ਹੋਏ ਕਥਿਤ ਵਿੱਤੀ ਅਪਰਾਧਾਂ ਬਾਰੇ ਸੀਬੀਆਈ ਦੇ ਆਰਥਿਕ ਅਪਰਾਧ ਵਿੰਗ ਤੋਂ ਜਾਂਚ ਕਰਾਈ ਜਾ ਸਕਦੀ ਹੈ। ਜਸਟਿਸ ਸੂਰਿਆ ਕਾਂਤ, ਜਸਟਿਸ ਅਗਸਟਿਨ ਜਾਰਜ ਮਸੀਹ ਅਤੇ ਜਸਟਿਸ ਅਵਨੀਸ਼ ਝਿੰਗਨ ਦੇ ਫੁੱਲ ਬੈਂਚ ਨੇ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸੱਤਿਆ ਪਾਲ ਜੈਨ ਨੂੰ 17 ਜਨਵਰੀ ਤੱਕ ਲੋੜੀਂਦੀ ਜਾਣਕਾਰੀ ਦੇਣ ਲਈ ਕਿਹਾ। ਇਸ ਸਮੇਂ ਇਨ੍ਹਾਂ ਕੇਸਾਂ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਕਰ ਰਹੇ ਹਨ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …