Breaking News
Home / ਭਾਰਤ / ਦਿਆਲ ਸਿੰਘ ਕਾਲਜ ਦਾ ਨਹੀਂ ਬਦਲੇਗਾ ਨਾਂ

ਦਿਆਲ ਸਿੰਘ ਕਾਲਜ ਦਾ ਨਹੀਂ ਬਦਲੇਗਾ ਨਾਂ

ਕਾਲਜ ਦਾ ਨਾਂ ਬਦਲਣ ਦਾ ਫੈਸਲਾ ਕੇਂਦਰ ਦਾ ਨਹੀਂ : ਜਾਵੜੇਕਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਥੋਂ ਦੇ ਇਕ ਈਵਨਿੰਗ ਕਾਲਜ ਦਾ ਨਾਂ ਬਦਲਣ ਵਾਲਾ ਫ਼ੈਸਲਾ ਕੇਂਦਰ ਸਰਕਾਰ ਦਾ ਨਹੀਂ ਸੀ ਅਤੇ ਇਸ ਨੂੰ ਰੋਕ ਲਿਆ ਹੈ। ਰਾਜ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਰੇਸ਼ ਗੁਜਰਾਲ ਨੇ ਕਿਹਾ ਕਿ ‘ਬਦਕਿਸਮਤੀ’ ਨਾਲ ਦਿਆਲ ਸਿੰਘ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਹਾਲ ਹੀ ਵਿੱਚ ਇਸ ਈਵਨਿੰਗ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾ ਵਿਦਿਆਲਾ ਰੱਖਣ ਦਾ ਫ਼ੈਸਲਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਵੰਦੇ ਮਾਤਰਮ ਸ਼ਬਦ ਹਰੇਕ ਭਾਰਤੀ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰਦਾ ਹੈ ਅਤੇ ਸਰਕਾਰ ਨੂੰ ਮੁਲਕ ਭਰ ਵਿੱਚ ਵੰਦੇ ਮਾਤਰਮ ਯੂਨੀਵਰਸਿਟੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ। ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਤੁਰੰਤ ਬਦਲਣ ਦੀ ਮੰਗ ਕਰਦਿਆਂ ਗੁਜਰਾਲ ਨੇ ਕਿਹਾ, ‘ਪਰ ਘੱਟ ਗਿਣਤੀ ਭਾਈਚਾਰੇ ਦੀ ਇਸ ਵਿਦਿਅਕ ਸੰਸਥਾ ਦਾ ਨਾਂ ਬਦਲਣਾ ਸਿੱਖਾਂ ਦੀਆਂ ਭਾਵਨਾਵਾਂ ਉਤੇ ਸਿੱਧਾ ਹਮਲਾ ਹੈ। ਮੈਨੂੰ ਲੱਗਦਾ ਹੈ ਕਿ ਇਸ ਦੀ ਵੱਧ ਤੋਂ ਵੱਧ ਨਿੰਦਾ ਕੀਤੀ ਜਾਣੀ ਚਾਹੀਦੀ ਹੈ।’ ਇਸ ਦੇ ਜਵਾਬ ਵਿੱਚ ਜਾਵੜੇਕਰ ਨੇ ਕਿਹਾ ਕਿ ਇਸ ਕਾਲਜ ਦਾ ਨਾਂ ਬਦਲਣ ਵਾਲਾ ਫ਼ੈਸਲਾ ਕੇਂਦਰ ਸਰਕਾਰ ਦਾ ਨਹੀਂ ਸੀ। ਉਨ੍ਹਾਂ ਕਿਹਾ, ‘ਇਹ ਸਰਕਾਰ ਦਾ ਫ਼ੈਸਲਾ ਨਹੀਂ ਸੀ ਅਤੇ ਸਰਕਾਰ ਇਸ ਨੂੰ ਪਸੰਦ ਨਹੀਂ ਕਰਦੀ। ਇਸੇ ਕਾਰਨ ਅਸੀਂ ਕਿਹਾ ਹੈ ਕਿ ਇਸ ਫ਼ੈਸਲੇ ਨੂੰ ਫੌਰੀ ਤੌਰ ‘ਤੇ ਰੋਕਿਆ ਜਾਵੇ ਅਤੇ ਤੁਰੰਤ ਬੈਠਕ ਸੱਦੀ ਜਾਵੇ। ਅਸੀਂ ਇਸ ਨੂੰ ਪਸੰਦ ਨਹੀਂ ਕਰਦੇ ਅਤੇ ਅਜਿਹਾ ਕੁੱਝ ਨਹੀਂ ਹੋਵੇਗਾ।’ ਉਨ੍ਹਾਂ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਨੂੰ ਵੀ ਇਸ ਬਾਰੇ ਜਾਣੂ ਕਰਾ ਦਿੱਤਾ ਹੈ, ਜਿਸ ਅਧੀਨ ਇਹ ਕਾਲਜ ਚੱਲ ਰਿਹਾ ਹੈ। ਜਾਵੜੇਕਰ ਨੇ ਕਿਹਾ, ‘ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਬੇਲੋੜੇ ਵਿਵਾਦ ਖੜ੍ਹੇ ਕਰਨੇ ਗਲਤ ਹਨ।’ ਗੁਜਰਾਲ ਨੇ ਕਿਹਾ ਕਿ ਪਰਉਪਕਾਰੀ ਦਿਆਲ ਸਿੰਘ ਮਜੀਠੀਆ ਨੇ ਆਪਣੀ ਸਾਰੀ ਜਾਇਦਾਦ ਅਤੇ ਜ਼ਿੰਦਗੀ ਸਿੱਖਿਆ ਦੇ ਲੇਖੇ ਲਾਈ ਸੀ ਅਤੇ ਉਨ੍ਹਾਂ ਨੇ ਕਈ ਕਾਲਜ ਅਤੇ ਸਕੂਲ ਖੋਲ੍ਹੇ। ਅਕਾਲੀ ਆਗੂ ਨੇ ਦੱਸਿਆ ਕਿ ਲਾਹੌਰ ਵਿੱਚ ਵੀ ਦਿਆਲ ਸਿੰਘ ਕਾਲਜ ਚੱਲ ਰਿਹਾ ਹੈ।
ਸਿਰਸਾ ਵੱਲੋਂ ઠ ਧੰਨਵਾਦ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਆਲ ਸਿੰਘ ਕਾਲਜ ਦਾ ਨਾਂ ਬਦਲੇ ਜਾਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਸ ਨੇ ਦਿੱਲੀ ਯੂਨੀਵਰਸਿਟੀ ਨੂੰ ਹਦਾਇਤ ਕੀਤੀ ਹੈ ਕਿ ਇਸ ਕਾਲਜ ਦੀ ਨਾਂ-ਬਦਲੀ ‘ਤੇ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਨਿਆਂ ਪਸੰਦ ਲੋਕਾਂ ਦਾ ਸਥਾਪਤ ਪ੍ਰਣਾਲੀ ਵਿੱਚ ਵਿਸ਼ਵਾਸ ਬਹਾਲ ਕਰੇਗਾ ਅਤੇ ਇਸ ਨਾਲ ਭਵਿੱਖ ਵਿੱਚ ਅਜਿਹੀਆਂ ਸ਼ਰਾਰਤਾਂ ਤੇ ਸਾਜ਼ਿਸ਼ਾਂ ਨੂੰ ਨੱਥ ਪਵੇਗੀ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਦਿਆਲ ਸਿੰਘ ਕਾਲਜ ਦਾ ਨਾਮ ਨਾ ਬਦਲਣ ਦੇ ਦਿੱਤੇ ਭਰੋਸੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਤਸੱਲੀ ਵਾਲੀ ਹੈ ਕਿ ਜਾਵੜੇਕਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ’ ਰੱਖਣ ਦਾ ਫ਼ੈਸਲਾ ਕੇਂਦਰ ਸਰਕਾਰ ਦਾ ਨਹੀਂ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਫ਼ੈਸਲੇ ਦਾ ਸਵਾਗਤ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ઠਗੋਬਿੰਦ ਸਿੰਘ ਲੌਂਗੋਵਾਲ ਨੇ ਦਿਆਲ ਸਿੰਘ ਈਵਨਿੰਗ ਕਾਲਜ, ਨਵੀਂ ਦਿੱਲੀ ਦਾ ਨਾਂ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ‘ਤੇ ਰੋਕ ਲਾਉਣ ਵਾਲੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਕਾਲਜ ਦੀ ਇਤਿਹਾਸਿਕ ਵਿਰਾਸਤ ਬਰਕਰਾਰ ਰੱਖੀ ਜਾ ਸਕੇਗੀ ਅਤੇ ਸਿੱਖਾਂ ਅੰਦਰ ਪਾਈ ਜਾ ਰਹੀ ਰੋਸ ਦੀ ਭਾਵਨਾ ਵੀ ਖਤਮ ਹੋਵੇਗੀ।

Check Also

ਮੁਹਾਲੀ ‘ਚ ਆਈਪੀਐੱਲ ਮੈਚ ਨਾ ਕਰਾਉਣ ਤੋਂ ਕੈਪਟਨ ਅਮਰਿੰਦਰ ਨੇ ਪ੍ਰਗਟਾਈ ਹੈਰਾਨੀ

ਕਿਹਾ – ਕ੍ਰਿਕਟ ਬੋਰਡ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰੇ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ …