Breaking News
Home / ਮੁੱਖ ਲੇਖ / ਪਰਵਾਸੀਆਂ ਦੀ ਕੂੰਜਾਂ ਵਾਲੀ ਉਡਾਰੀ

ਪਰਵਾਸੀਆਂ ਦੀ ਕੂੰਜਾਂ ਵਾਲੀ ਉਡਾਰੀ

ਪ੍ਰਿੰ. ਸਰਵਣ ਸਿੰਘ
ਮੋਰ ਕੂੰਜਾਂ ਨੂੰ ਦੇਵਣ ਤਾਅ੍ਹਨੇ, ਥੋਡੀ ਨਿੱਤ ਪਰਦੇਸ ਤਿਆਰੀ
ਤੁਸੀਂ ਕੁਪੱਤੀਆਂ ਜਾਂ ਦੇਸ਼ ਕੁਪੱਤਾ, ਜਾਂ ਲੱਗਗੀ ਕਿਸੇ ਨਾਲ ਯਾਰੀ
ਨਾ ਵੇ ਮੋਰਾ ਅਸੀਂ ਕੁਪੱਤੀਆਂ, ਨਾ ਹੀ ਕਿਸੇ ਨਾਲ ਯਾਰੀ
ਡਾਢੇ ਨੇ ਸਾਡੀ ਚੋਗ ਖਿਲਾਰੀ, ਲੈਣੀ ਪਵੇ ਉਡਾਰੀ
ਟੋਰਾਂਟੋ ਤੋਂ ਹਵਾਈ ਜਹਾਜ਼ ‘ਤੇ ਦੇਸ਼ ਜਾਣ ਦੀ ਮੇਰੀ ਟਿਕਟ ਸੀ। ਸਮਝ ਲਓ ਕੂੰਜਾਂ ਵਾਲੀ ਉਡਾਰੀ ਭਰਨੀ ਸੀ। ਮੇਰਾ ਪੁੱਤਰ ਮੈਨੂੰ ਕਾਰ ਵਿਚ ਹਵਾਈ ਅੱਡੇ ‘ਤੇ ਲੈ ਆਇਆ। ਅਸੀਂ ਰੇੜ੍ਹੀ ਉਤੇ ਸਮਾਨ ਟਿਕਾਅ ਲਿਆ। ਮੇਰੇ ਨੈਣ ਪ੍ਰਾਣ ਅਜੇ ਚਲਦੇ ਹਨ, ਇਸ ਕਰਕੇ ਵੀਲ੍ਹ ਚੇਅਰ ਜਾਂ ਕਿਸੇ ਸਹਾਇਕ ਦੀ ਲੋੜ ਨਹੀਂ ਸੀ। ਮੈਂ ਅੱਡੇ ਦੇ ਬਾਹਰੋਂ ਹੀ ਪੁੱਤਰ ਨੂੰ ਅਲਵਿਦਾ ਕਹਿ ਦਿੱਤੀ ਤੇ ਰੇੜ੍ਹੀ ਲੈ ਕੇ ਅੰਦਰ ਚਲਾ ਗਿਆ। ਜਹਾਜ਼ ਚੜ੍ਹਨ ਆਏ ਤੇ ਚੜ੍ਹਾਉਨ ਆਇਆਂ ਦੀ ਚਹਿਲ ਪਹਿਲ ਸੀ। ਜਾਣ ਵਾਲਿਆਂ ਨੂੰ ਜਾਣ ਦੀ ਤਾਂਘ ਤੇ ਚੜ੍ਹਾਉਣ ਵਾਲਿਆਂ ਨੂੰ ਮੁੜਨ ਦੀ ਕਾਹਲੀ। ਸਾਡੇ ਦੇਸੀ ਭਾਈਵੰਦ ਕਾਫੀ ਗਿਣਤੀ ਵਿਚ ਸਨ ਜੋ ਮੇਰੇ ਵਾਂਗ ਹੀ ਦੇਸ਼ ਨੂੰ ਚੱਲੇ ਸਨ। ਸਾਰੇ ਹੀ ਭਾਰੇ ਸੂਟ ਕੇਸਾਂ ਤੇ ਬੈਗਾਂ ਨਾਲ ਲੈਸ ਸਨ। ਮੈਨੂੰ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਛੰਦ ਯਾਦ ਆ ਗਿਆ:
ਰਲ ਸੰਗ ਕਾਫ਼ਲੇ ਦੇ, ਛੇਤੀ ਬੰਨ੍ਹ ਬਿਸਤਰਾ ਕਾਫਰ
ਕਈ ਪਹਿਲੀ ਡਾਕ ਚੜ੍ਹੇ, ਬਾਕੀ ਟਿਕਟਾਂ ਲੈਣ ਮੁਸਾਫ਼ਰ
ਹੈ ਸਿਗਨਲ ਹੋਇਆ ਵਾ, ਗਾਰਡ ਵਿਸਲਾਂ ਪਿਆ ਵਜਾਵੇ
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ…
ਹਵਾਈ ਅੱਡਾ ਦੇਸੀ ਸਵਾਰੀਆਂ ਨਾਲ ਬਠਿੰਡੇ ਦਾ ਜੰਕਸ਼ਨ ਹੀ ਤਾਂ ਲੱਗ ਰਿਹਾ ਸੀ। ਸਿਆਲ ਚੜ੍ਹ ਗਿਆ ਸੀ। ਸਨੋਅ ਪੈਣ ਦੇ ਦਿਨ ਆ ਗਏ ਸਨ। ਹਰੀ ਭਰੀ ਬਣਸਪਤੀ ਪਤਝੜ ਦੇ ਰੰਗ ਖਿੰਡਾਉਣ ਪਿੱਛੋਂ ਭੂਸਲੀ ਜਿਹੀ ਹੋ ਗਈ ਸੀ। ਚਾਰ ਚੁਫੇਰੇ ਸੁੱਕੇ ਨਿਪੱਤਰੇ ਰੁੱਖ ਦਿਸਣ ਲੱਗ ਪਏ ਸਨ ਅਤੇ ਸੁੱਕੀਆਂ ਮੁਰਝਾਈਆਂ ਝਾੜੀਆਂ। ਮੈਂ ਹਵਾਈ ਜਹਾਜ਼ ਦਾ ਬੋਰਡਿੰਗ ਪਾਸ ਲੈ ਕੇ, ਸਮਾਨ ਜਮ੍ਹਾਂ ਕਰਾ ਕੇ, ਸੁਰਖਰੂ ਹੋਇਆ ਹਵਾਈ ਅੱਡੇ ਅੰਦਰ ਤੁਰ ਫਿਰ ਕੇ ਮੁਸਾਫ਼ਿਰਾਂ ਦੀ ਵਿਦਾਇਗੀ ਦੇ ਦ੍ਰਿਸ਼ ਵੇਖਣ ਲੱਗ ਪਿਆ। ਮਾਈਆਂ, ਬਜ਼ੁਰਗ ਤੇ ਕਿਸੇ ਕਿਸੇ ਨਾਲ ਬੱਚੇ ਵੀ ਲਾਈਨਾਂ ਵਿਚ ਲੱਗੇ ਹੋਏ ਸਨ। ਵਿਦਾਇਗੀ ਵੇਲੇ ਸਿਆਣਿਆਂ ਬਿਆਣਿਆਂ ਦੀਆਂ ਅੱਖਾਂ ਵੀ ਸਿਮ ਰਹੀਆਂ ਸਨ ਤੇ ਕਈਆਂ ਬੱਚਿਆਂ ਦੇ ਪਾਲਣਹਾਰ ਦਾਦੇ/ਦਾਦੀਆਂ ਤੇ ਨਾਨੇ/ਨਾਨੀਆਂ ਬੱਚਿਆਂ ਨੂੰ ਵੀ ਨਾਲ ਹੀ ਲਈ ਜਾ ਰਹੇ ਸਨ। ਉਨ੍ਹਾਂ ਬੱਚਿਆਂ ਦੀਆਂ ਮਾਵਾਂ ਕੋਲ ਆਪਣੇ ਢਿੱਡੋਂ ਜਾਇਆਂ ਨੂੰ ਪਾਲਣ/ਸੰਭਾਲਣ ਦਾ ਸਮਾਂ ਜੁ ਨਹੀਂ ਸੀ। ਉਹ ਬਾਹਰਲਾ ਕੰਮ ਕਰਨ ਕਿ ਬੱਚੇ ਸੰਭਾਲਣ?
1995 ਤੋਂ ਮੈਨੂੰ ਇਸ ਹਵਾਈ ਅੱਡੇ ਤੋਂ ਚੜ੍ਹਨ-ਉਤਰਨ ਦੇ ਮੌਕੇ ਮਿਲਦੇ ਆ ਰਹੇ ਹਨ। ਕਦੇ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ, ਕਦੇ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਭਾਗ ਲੈਣ, ਕਦੇ ਦੋਸਤਾਂ-ਮਿੱਤਰਾਂ ਤੇ ਸਕੇ-ਸੰਬੰਧੀਆਂ ਨੂੰ ਮਿਲਣ ਤੇ ਕਦੇ ਉਨ੍ਹਾਂ ਦੇ ਮਰਨਿਆਂ/ਪਰਨਿਆਂ ‘ਤੇ ਜਾਣ/ਆਉਣ। ਹਰੇਕ ਚੜ੍ਹਦੇ ਸਿਆਲ ਵਤਨੀਂ ਫੇਰਾ ਪਾਉਣ ਤਾਂ ਜਾਣਾ ਹੀ ਹੋਇਆ। ਵਤਨੀਂ ਫੇਰਾ ਪਾਉਣਾ ਮੈਨੂੰ ਕੂੰਜਾਂ ਵਾਲੀ ਫੇਰੀ ਲੱਗ ਰਿਹੈ। ਕੁਝ ਦਿਨ ਪਹਿਲਾਂ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੇ ਤੇ ਇਕ ਦਿਨ ਪਹਿਲਾਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਡਾਰੀ ਭਰੀ ਸੀ।
ਪੜ੍ਹਦੇ-ਸੁਣਦੇ ਰਹੇ ਹਾਂ ਕਿ ਸਾਇਬੇਰੀਆ ‘ਚ ਬਰਫ਼ਾਂ ਪੈਣ ਲੱਗਦੀਆਂ ਨੇ ਤਾਂ ਕੂੰਜਾਂ ਉੱਡ ਜਾਂਦੀਆਂ ਨੇ। ਕੋਈ ਕਿਸੇ ਦਿਸ਼ਾ ਵੱਲ, ਕੋਈ ਕਿਸੇ ਦਿਸ਼ਾ ਵੱਲ। ਕਈ ਡਾਰਾਂ ਬੰਨ੍ਹੀ ਹਰੀਕੇ ਪੱਤਣ ‘ਤੇ ਵੀ ਆ ਲਹਿੰਦੀਆਂ ਨੇ। ਉਨ੍ਹਾਂ ਕੂੰਜਾਂ ਨੇ ਪਿੱਛੇ ਆਂਡੇ ਦਿੱਤੇ ਹੁੰਦੇ ਨੇ ਜਿਥੇ ਚੂਚਿਆਂ ਨੇ ਗਰਮੀ ਆਈ ਤੋਂ ਨਿਕਲਣਾ ਹੁੰਦੈ। ਚੂਚਿਆਂ ਦੇ ਨਿਕਲਣ ਸਮੇਂ ਉਹ ਮੁੜ ਬੱਚਿਆਂ ਕੋਲ ਪਹੁੰਚ ਜਾਂਦੀਆਂ ਨੇ। ਡਾਢੇ ਨੇ ਉਨ੍ਹਾਂ ਦੀ ਚੋਗ ਖਿਲਾਰੀ ਹੈ ਜਿਸ ਨੂੰ ਚੁਗਣ ਲਈ ਉਡਾਰੀਆਂ ਲੈਣੀਆਂ ਪੈਂਦੀਆਂ ਨੇ।
ਸਾਡੇ ਬਹੁਤ ਸਾਰੇ ਮਾਪਿਆਂ ਨੇ ਆਪਣੇ ਲਾਡਲੇ ਧੀਆਂ/ਪੁੱਤਰ ਪਰਦੇਸਾਂ ਨੂੰ ਤੋਰ ਛੱਡੇ ਨੇ। ਜਿਨ੍ਹਾਂ ਨੇ ਨਹੀਂ ਤੋਰੇ, ਤੋਰਨ ਦੀਆਂ ਤਿਆਰੀਆਂ ‘ਚ ਲੱਗੇ ਹੋਏ ਨੇ। ਨੌਜੁਆਨਾਂ ਨੂੰ ਆਈਲੈਟਸ ਪਾਸ ਕਰਾਉਣ ਦੀਆਂ ਦੁਕਾਨਾਂ, ਬਾਹਰਲੇ ਮੁਲਕਾਂ ਦੇ ਕਾਲਜਾਂ/ਯੂਨੀਵਰਸਿਟੀਆਂ ਵਿਚ ਦਾਖਲਾ ਦੁਆਉਣ ਦੇ ਅੱਡੇ ਅਤੇ ਵੀਜ਼ੇ ਲੁਆਉਣ ਤੇ ਹਵਾਈ ਟਿਕਟਾਂ ਵੇਚਣ ਵਾਲੇ ਏਜੰਟਾਂ ਨਾਲ ਪੰਜਾਬ ਭਰਿਆ ਪਿਐ। ਕੋਈ ਅਖ਼ਬਾਰ ਚੁੱਕੋ, ਟੀਵੀ ਚੈਨਲ ਵੇਖੋ, ਸੜਕਾਂ ਤੇ ਲੱਗੇ ਬੋਰਡਾਂ ਵੱਲ ਝਾਕੋ, ‘ਚਲੋ ਬਾਹਰ’, ‘ਚਲੋ ਕੈਨੇਡਾ’ ਦੀਆਂ ਮਸ਼ਹੂਰੀਆਂ ਹੀ ਮਸ਼ਹੂਰੀਆਂ ਵਿਖਾਈ ਦਿੰਦੀਆਂ ਨੇ। ਸਾਡਾ ਸੋਹਣਾ ਦੇਸ਼ ਪੰਜਾਬ ਅਜਿਹਾ ਬਣਾ ਦਿੱਤਾ ਗਿਐ ਕਿ ਇਹਦੇ ਹੋਣਹਾਰਾਂ ਨੂੰ ਏਥੇ ਆਪਣਾ ਭਵਿੱਖ ਹਨ੍ਹੇਰਾ-ਹਨ੍ਹੇਰਾ ਦਿਸ ਰਿਹੈ ਤੇ ਉਹ ਏਥੋਂ ਉਡਣ-ਉਡਣ ਕਰ ਰਹੇ ਨੇ। ਤੇ ਉਡ ਵੀ ਜਾਣਗੇ ਕਿਸੇ ਦਿਨ। ਜਿਹੜੇ ਨਹੀਂ ਵੀ ਉਡਣਾ ਚਾਹੁਣਗੇ, ਭੈੜੇ ਨਿਜ਼ਾਮ ਨੇ ਉਨ੍ਹਾਂ ਨੂੰ ਉਂਜ ਈ ਉਡਾ ਦੇਣੈ ਉਨ੍ਹਾਂ ਨੂੰ। ਤੇ ਫੇਰ ਉਨ੍ਹਾਂ ਦੇ ਮਾਪਿਆਂ ਨੇ ਵੀ ਮਜਬੂਰਨ ਕੂੰਜਾਂ ਬਣ ਜਾਣੈ! ਤੁਸੀਂ ਕੁਪੱਤੀਆਂ ਜਾਂ ਦੇਸ਼ ਕੁਪੱਤਾ…?
ਕੁਝ ਸਾਲਾਂ ਪਹਿਲਾਂ ਮੈਂ ‘ਫੇਰੀ ਵਤਨਾਂ ਦੀ’ ਨਾਂ ਦਾ ਸਫ਼ਰਨਾਮਾ ਲਿਖਿਆ ਸੀ। ਉਹਦਾ ਪਹਿਲਾ ਕਾਂਡ ਸੀ-ਪੇਕਿਆਂ ਨੂੰ ਜਾਣ ਵਰਗਾ ਚਾਅ। ਉਹਦੀਆਂ ਮੁੱਢਲੀਆਂ ਸਤਰਾਂ ਸਨ: ਕੈਨੇਡਾ ਤੋਂ ਪੰਜਾਬ ਜਾਣਾ ਮੈਨੂੰ ਇੰਜ ਲੱਗਦੈ ਜਿਵੇਂ ਵਿਆਹੀ ਧੀ ਪੇਕੀਂ ਚੱਲੀ ਹੋਵੇ। ਉਹੋ ਜਿਹੀ ਖਿੱਚ ਤੇ ਉਹੋ ਜਿਹਾ ਹੀ ਚਾਅ। ਪੰਜਾਬ ‘ਚ ਰਹਿੰਦਿਆਂ ਕਦੇ ਅਜਿਹਾ ਮੋਹ ਨਹੀਂ ਸੀ ਮਹਿਸੂਸੀ ਦਾ। ਵੈਰਾਗ ਨਹੀਂ ਸੀ ਜਾਗਦਾ। ਪਰਦੇਸ ਬੈਠਿਆਂ ਪਤਾ ਨਹੀਂ ਕਿਉਂ ਦੇਸ਼ ਲਈ ਖੋਹ ਜਿਹੀ ਪੈਣ ਲੱਗਦੀ ਹੈ? ਦੇਸ਼ ਕੁਝ ਵਧੇਰੇ ਈ ਯਾਦ ਆਉਣ ਲੱਗਦੈ। ਦੇਸ਼ ਪਿਆਰ ਅਸਲ ਵਿਚ ਪਰਦੇਸੀ ਬਣ ਕੇ ਈ ਜਾਗਦੈ।
ਇਹ ਵੀ ਲਿਖਿਆ ਸੀ ਕਿ ਬੰਦੇ ਬਿਹਤਰ ਜੀਵਨ ਦੀ ਆਸ ਵਿਚ ਬਾਹਰ ਨੂੰ ਦੌੜ ਰਹੇ ਨੇ। ਇਹ ਦੌੜ ਕਦੇ ਮੁੱਕਣ ਵਾਲੀ ਨਹੀਂ। ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਨਿਕਲਣ ਦੀਆਂ ਧਾਈਆਂ ਕੀਤੀਆਂ ਹੋਈਆਂ ਨੇ। ਉਹ ਪੁੱਠੇ ਸਿੱਧੇ ਸਾਰੇ ਰਾਹ ਅਖਤਿਆਰ ਕਰੀ ਜਾ ਰਹੇ ਨੇ। ਉਹ ਤਾਂ ਜਹਾਜ਼ ਦੇ ਪਹੀਆਂ ‘ਚ ਬੈਠ ਕੇ ਵੀ ਬਾਹਰ ਜਾਣ ਨੂੰ ਤਿਆਰ ਨੇ ਭਾਵੇਂ ਠਰ ਕੇ ਮਰ ਜਾਣ ਜਾਂ ਪਹੀਏ ਖੁਲ੍ਹਦਿਆਂ ਡਿੱਗ ਕੇ ਮਰ ਜਾਣ! ਬਿਜਲੀ ਦੀਆਂ ਖ਼ੂੰਨੀ ਤਾਰਾਂ ਟੱਪਣ, ਡੂੰਘੇ ਪਾਣੀਆਂ ‘ਚ ਡੋਬ ਮਾਰਨ ਵਾਲੀਆਂ ਬੇੜੀਆਂ ਵਿਚ ਚੜ੍ਹਨ ਅਤੇ ਜੰਗਲਾਂ ਵਿਚ ਖੂੰਖਾਰ ਸ਼ੇਰ ਬਘੇਲਿਆਂ ਕੋਲੋਂ ਲੰਘਣ ਨੂੰ ਵੀ ਤਿਆਰ ਬਰਤਿਆਰ ਨੇ। ਬਾਹਰ ਜਾਣ ਲਈ ਉਹ ਹਰ ਖ਼ਤਰਾ ਸਹੇੜਨ ਲਈ ਮੁੱਠਾਂ ‘ਚ ਥੁੱਕੀ ਬੈਠੇ ਨੇ। ਉਹ ਦੁਨੀਆਂ ਦੇ ਘੱਟੋਘਟ ਸੌ ਮੁਲਕਾਂ ਵਿਚ ਖਿਲਰ ਗਏ ਨੇ ਤੇ ਹੋਰ ਖਿਲਰੀ ਜਾਂਦੇ ਨੇ।
ਪਰ ਹੈਰਾਨੀ ਦੀ ਗੱਲ ਹੈ ਕਿ ਉਹ ਪੰਜਾਬ ਛੱਡ ਕੇ ਵੀ ਪੰਜਾਬ ਨੂੰ ਭੁਲਾ ਨਹੀਂ ਰਹੇ। ਉਹ ਬਦੇਸ਼ ਰਹਿੰਦੇ ਹੋਏ ਵੀ ਪੰਜਾਬ ਵਿਚ ਪੱਕੇ ਮਕਾਨ ਪਾਈ ਜਾ ਰਹੇ ਨੇ। ਬਿਨਾਂ ਸੋਚੇ ਸਮਝੇ ਕਿ ਉਨ੍ਹਾਂ ਦੀ ਉਲਾਦ ਉਨ੍ਹਾਂ ਮਕਾਨਾਂ ਨੂੰ ਆਪਣਾ ਪੱਕਾ ‘ਘਰ’ ਬਣਾਏਗੀ ਜਾਂ ਨਹੀਂ? ਸਫ਼ਰਨਾਮੇ ਦਾ ਅੰਤ ਮੈਂ ਇਹ ਲਿਖ ਕੇ ਕੀਤਾ ਸੀ: ਆਉਂਦੇ ਸਿਆਲ ਮੈਂ ਫਿਰ ਪੰਜਾਬ ਜਾਵਾਂਗਾ ਤਾਂ ਵੇਖਾਂਗਾ ਕਿ ਕਈਆਂ ਬਾਹਰਲਿਆਂ ਨੇ ਹੋਰ ਕੋਠੀਆਂ ਉਸਾਰ ਦਿੱਤੀਆਂ ਹਨ ਪਰ ਨਾਲ ਹੀ ਹੋਰ ਘਰਾਂ ਨੂੰ ਜਿੰਦਰੇ ਲਟਕ ਗਏ ਹਨ। ਵੱਸਦੇ ਘਰ ਹੋਰ ਸੁੰਨੇ ਹੋ ਗਏ ਹਨ ਤੇ ਸੁੰਨੇ ਪਏ ਘਰ ਓਪਰੇ ਬੰਦਿਆਂ ਨੇ ਆਣ ਮੱਲੇ ਹਨ। ਜਿਥੇ ਕਿਤੇ ਬਿਰਧ ਮਾਈ ਬਾਪ ਦੀਵਾ ਬੱਤੀ ਜਗਾਉਣ ਜੋਗੇ ਸਨ ਉਨ੍ਹਾਂ ‘ਚੋਂ ਵੀ ਕਈ ਚੱਲ ਵਸੇ ਹਨ। ਉਥੇ ਹੁਣ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਹੁੜਦਾ। ਇਹ ਸੋਚ ਕੇ ਮੇਰਾ ਮਨ ਹੋਰ ਵੀ ਮਸੋਸਿਆ ਜਾਵੇਗਾ ਪਈ ਇਹੋ ਪਰਵਾਸੀਆਂ ਦੀ ਹੋਣੀ ਹੈ ਤੇ ਇਸ ਹੋਣੀ ਨੂੰ ਮੋੜਾ ਪਾਉਣਾ ਸੌਖਾ ਨਹੀਂ। ਬਾਹਰ ਗਿਆਂ ਦੀ ਉਲਾਦ ਨੇ ਬਾਹਰ ਹੀ ਰਹਿ ਜਾਣਾ ਹੈ। ਉਨ੍ਹਾਂ ਦੇ ਧੀਆਂ-ਪੁੱਤਰਾਂ ਨੇ ਮਾਪਿਆਂ ਦੇ ਛੱਤੇ ਦੁਹਾਸਵਿਆਂ ਤਿਹਾਸਵਿਆਂ ਦਿਆਂ ਬੂਹਿਆਂ ਉਤੇ ਤੇਲ ਚੁਆਉਣ ਨਹੀਂ ਮੁੜਨਾ। ਉਨ੍ਹਾਂ ਦੇ ‘ਪੱਕੇ’ ਪਤਾ ਨਹੀਂ ਕਿਨ੍ਹਾਂ ਮੱਲ ਬਹਿਣੇ ਨੇ? ਲੋਕਾਂ ਨੇ ਜੱਗੇ ਬਾਰੇ ਐਵੇਂ ਨਹੀਂ ਸੀ ਇਹ ਟੱਪਾ ਜੋੜਿਆ: ਜੱਗਿਆ, ਤੁਰ ਪਰਦੇਸ ਗਿਓਂ ਬੂਹਾ ਵੱਜਿਆ…!
ਇਹ ਹੈ ‘ਦੇਸਾਂ ਵਿਚੋਂ ਦੇਸ ਪੰਜਾਬ’ ਸਾਡੇ ਸੋਹਣੇ ਦੇਸ਼ ਪੰਜਾਬ ਦੀ ਹੋਣੀ! ਬੇਸ਼ਕ ਪਰਵਾਸੀਆਂ ਨੂੰ ਪਤਾ ਹੈ ਕਿ ਪਿੱਛੇ ਰਹਿ ਗਏ ਘਰਬਾਰ, ਕੋਠੀਆਂ, ਜ਼ਮੀਨਾਂ ਜਾਇਦਾਦਾਂ ਤੇ ਭਾਈਚਾਰਕ ਸਾਂਝਾਂ ਨੇ ਅਗਲੀ ਪੀੜ੍ਹੀ ਤਕ ‘ਆਪਣੀਆਂ’ ਨਹੀਂ ਰਹਿਣਾ, ਫਿਰ ਵੀ ਕੂੰਜਾਂ ਵਾਲੀ ਫੇਰੀ ਜਾਰੀ ਹੈ। ਮੈਂ ਆਪਣੀ ਉਡਾਣ ਤੋਂ ਚਾਰ ਕੁ ਘੰਟੇ ਪਹਿਲਾਂ ਹਵਾਈ ਅੱਡੇ ਦੇ ਡੀਪਾਰਚਰ ਲੌਂਜ ਵਿਚ ਪੁੱਜ ਗਿਆ ਸਾਂ। ਬਾਹਰ ਠਾਰੀ ਸੀ ਤੇ ਅੰਦਰ ਨਿੱਘ। ਮੁਸਾਫ਼ਿਰਾਂ ਦੀ ਆਮਦੋ ਰਫ਼ਤ ਜਾਰੀ ਸੀ। ਵਿਚੇ ਅਮਰੀਕਨ, ਯੂਰਪੀਨ, ਏਸ਼ੀਅਨ ਤੇ ਵਿਚੇ ਅਫਰੀਕਨ। ਅਨੇਕਾਂ ਰੰਗ, ਅਨੇਕਾਂ ਨਸਲਾਂ, ਅਨੇਕਾਂ ਮੁਹਾਂਦਰੇ। ਪਰ ਮੇਰੀ ਨਜ਼ਰ ਪੱਗਾਂ ਦਾੜ੍ਹੀਆਂ ਵਾਲੇ ਬਾਬੇ ਤੇ ਚੁੰਨੀਆਂ ਵਾਲੀਆਂ ਮਾਈਆਂ ਵੱਲ ਸੀ। ਹਾਣੀਆਂ ਨੂੰ ਹਾਣ ਪਿਆਰੇ। ਕੂੰਜਾਂ ਦੀ ਡਾਰ ‘ਚ ਜੁ ਰਲਣਾ ਸੀ।
ਇਕ ਬੰਨੇ ਕੁਝ ਜਗ੍ਹਾ ਬਗਲੀ ਹੋਈ ਸੀ ਜਿਸ ਵਿਚ ਵੀਲ੍ਹ ਚੇਅਰਾਂ ‘ਤੇ ਜਾਣ ਵਾਲੇ ਬੈਠੇ ਸਨ। ਵਧੇਰੇ ਮੁਸਾਫ਼ਿਰ ਸਾਡੇ ਦੇਸੀ ਬਾਬੇ ਤੇ ਮਾਈਆਂ ਹੀ ਸਨ। ਉਨ੍ਹਾਂ ਦੇ ਆਲੇ ਦੁਆਲੇ ਪੋਤੇ ਪੋਤੀਆਂ ਤੇ ਦੋਹਤੇ ਦੋਹਤੀਆਂ ਲਿਪਟੇ ਹੋਏ ਸਨ। ਵੀਲ੍ਹ ਚੇਅਰਾਂ ਗੇਟਾਂ ਵੱਲ ਚੱਲੀਆਂ ਤਾਂ ਬੱਚਿਆਂ ਨੂੰ ਉਨ੍ਹਾਂ ਦੇ ਗਲੋਂ ਲਾਹਿਆ ਗਿਆ। ਵਧੇਰੇ ਬੁੱਢੇ ਦਾਦੇ ਦਾਦੀਆਂ ਤੇ ਨਾਨੇ ਨਾਨੀਆਂ ਦਾ ਕੀ ਪਤਾ ਸੀ ਕਿ ਸੁਖੀਂ ਸਾਂਦੀ ਮੁੜਨਗੇ ਜਾਂ ਪੰਜਾਬ ਦਾ ਸਿਆਲ ਪਿੱਛੇ ਹੀ ਲੈ ਬਹੇਗਾ। ਹਰ ਸਾਲ ਕੁਝ ਵਡੇਰੇ ਵਾਪਸ ਨਹੀਂ ਪਰਤਦੇ। ਸਾਇਬੇਰੀਆ ਤੋਂ ਉੱਡੀਆਂ ਕੂੰਜਾਂ ਕਿਹੜਾ ਸਾਰੀਆ ਹੀ ਪਰਤ ਜਾਂਦੀਆਂ ਹੋਣਗੀਆਂ? ਇਕ ਬਜ਼ੁਰਗ ਦੇ ਵਿਦਾਇਗੀ ਵੇਲੇ ਕਹੇ ਬੋਲ ਸਨ, ”ਚਲੋ-ਚਲੀ ਦਾ ਮੇਲਾ ਐ ਭਾਈ। ਕੋਈ ਅੱਗੇ, ਕੋਈ ਪਿੱਛੇ।”
ਜਹਾਜ਼ ਵਿਚ ਮੇਰੇ ਨਾਲ ਇਕ ਦੇਸੀ ਮਾਈ ਤੇ ਦੇਸੀ ਬਾਬੇ ਦੀ ਸੀਟ ਸੀ। ਮਾਈ ਕੋਲ ਦੋ ਕੁ ਸਾਲਾਂ ਦੀ ਬੱਚੀ ਸੀ ਜੋ ਉਹਦੇ ਨਾਲ ਹੀ ਸੌਂਦੀ ਆਈ ਸੀ। ਉਹੀ ਉਸ ਨੂੰ ਸਾਂਭਦੀ ਸੀ। ਨੂੰਹ ਤੇ ਪੁੱਤ ਕੰਮਾਂ ‘ਤੇ ਜਾਂਦੇ ਸਨ। ਉਹ ਮਾਈ ਨੂੰ ਸੋਨੇ ਦੀਆਂ ਨਵੀਆਂ ਵਾਲੀਆਂ ਨਾਲ ਸ਼ਿੰਗਾਰ ਕੇ, ਤਿੰਨ ਭਾਰੇ ਸੂਟ ਕੇਸਾਂ ਤੇ ਬੱਚੀ ਨਾਲ ਜਹਾਜ਼ ਚੜ੍ਹਾ ਗਏ ਸਨ। ਉਹ ਪਿੱਛੇ ਪੇਕੇ ਸਹੁਰੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਆਪਣੀ ‘ਟੌਅਰ’ ਵਿਖਾਉਣ ਚੱਲੀ ਸੀ। ਬਾਬੇ ਨੂੰ ਠੇਕੇ ‘ਤੇ ਦਿੱਤੀ ਜ਼ਮੀਨ ਦਾ ਮਾਮਲਾ ਤੇ ਕਿਸੇ ਵੱਲੋਂ ਨੱਪ ਲੈਣ ਦਾ ਫ਼ਿਕਰ ਹਰ ਸਾਲ ਪਿੰਡ ਦਾ ਗੇੜਾ ਕਢਵਾਉਂਦਾ ਸੀ। ਕਹਿੰਦਾ ਸੀ, ”ਹਰ ਸਾਲ ਸੋਚੀਦਾ ਬਈ ਜ਼ਮੀਨ ਦਾ ਫਾਹਾ ਵੱਢ ਦਿਆਂ ਪਰ ਹੁਣ ਸਸਤੀ ਹੋ ਜਾਣ ਕਰਕੇ ਵੱਢ ਨਹੀਂ ਹੁੰਦਾ।”
ਬਾਬਾ ਸੱਚ ਹੀ ਕਹਿੰਦਾ ਸੀ। ਜ਼ਮੀਨ ਸੱਚਮੁੱਚ ਹੀ ਫਾਹਾ ਬਣਾ ਦਿੱਤੀ ਗਈ ਹੈ ਤਦੇ ਤਾਂ ਕਿਸਾਨ ਮਜ਼ਦੂਰ ਫਾਹੇ ਲੱਗੀ ਜਾਂਦੇ ਨੇ! ਬਾਬੇ ਤੋਂ ਤਾਂ ਸ਼ਾਇਦ ਫਾਹਾ ਨਾ ਵੱਢਿਆ ਜਾਵੇ ਪਰ ਭਾਰਤ ਤੇ ਸੂਬਾਈ ਸਰਕਾਰਾਂ ਦੀਆਂ ਜੋ ਨੀਤੀਆਂ ਹਨ ਕਿਸਾਨਾਂ ਨੂੰ ਅਖ਼ੀਰ ਜ਼ਮੀਨਾਂ ਦਾ ਫਾਹਾ ਵੱਢਣਾ ਈ ਪੈਣੇ। ਭਾਵੇਂ ਹੁਣੇ ਵੱਢ ਲੈਣ ਭਾਵੇਂ ਠਹਿਰ ਕੇ। ਜਿਹੜੇ ਮਾਪੇ ਆਪਣੇ ਹੋਣਹਾਰਾਂ ਨੂੰ ਬਾਹਰ ਭੇਜ ਰਹੇ ਨੇ ਉਹ ਜ਼ਮੀਨਾਂ ਦੇ ਫਾਹੇ ਹੀ ਤਾਂ ਵੱਢ ਰਹੇ ਨੇ। ਪੰਜਾਬ ਪੌਣ ਪਾਣੀ ਵੱਲੋਂ ਹੀ ਨਹੀਂ, ਪ੍ਰਤਿਭਾ ਵੱਲੋਂ ਵੀ ਰੰਡਾ ਹੋਣ ਦੇ ਰਾਹ ਪੈ ਗਿਆ ਹੋਇਐ। ਅੱਗੇ ਕਿਸਾਨ ਆਪਣੀਆਂ ਕੱਟੀਆਂ ਵੱਛੀਆਂ ਮਜ਼ਦੂਰਾਂ ਨੂੰ ਅਧਿਆਰੇ ‘ਤੇ ਦੇ ਦਿੰਦੇ ਸਨ ਕਿ ਪਾਲ ਲਓ। ਜਦੋਂ ਸੂਅ ਪਈਆਂ ਤਾਂ ਅੱਧੋ-ਅੱਧ ਕਰ ਲਵਾਂਗੇ। ਦੋਹਾਂ ਧਿਰਾਂ ਨੂੰ ਸੌਦਾ ਪੁਗਦਾ ਸੀ। ਹੁਣ ਦੇਸ਼ ਵਾਸੀ ਆਪਣੀਆਂ ਪੜ੍ਹਾ ਲਿਖਾ ਕੇ ਪਾਲੀਆਂ ਹੋਈਆਂ ਕੱਟੀਆਂ ਵੱਛੀਆਂ ਤੇ ਪਾਲੇ ਹੋਏ ਵਹਿੜੇ ਅਧਿਆਰੇ ‘ਤੇ ਦੇਣ ਦੀ ਥਾਂ ਕੋਲੋਂ ਪੈਸੇ ਦੇ ਕੇ ਬਦੇਸ਼ੀਆਂ ਨੂੰ ਭੇਟ ਕਰੀ ਜਾ ਰਹੇ ਨੇ। ਇਕ ਬੱਚੇ ਨੂੰ ਪਾਲਣ, ਪੜ੍ਹਾਉਣ ਤੇ ਜੁਆਨ ਕਰ ਕੇ ਕਮਾਊ ਬਣਾਉਣ ‘ਤੇ ਲੱਖਾਂ ਕਰੋੜਾਂ ਲੱਗਦੇ ਹਨ। ਕਮਾਉਂਦਾ ਉਹ ਕਿਸੇ ਹੋਰ ਮੁਲਕ ਲਈ ਹੈ। ਇਹ ਹੈ ਭਾਰਤ ਮਹਾਨ ਦੀ ਸ਼ਾਨ!
ਮੇਰੇ ਨਾਲ ਬੈਠਾ ਬਾਬਾ ਜਾਂ ਉਸ ਦੀ ਉਲਾਦ ਜ਼ਰੂਰ ਕਿਸੇ ਦਿਨ ਆਪਣੀ ਪੰਜਾਬ ਵਿਚਲੀ ਜ਼ਮੀਨ ਜਾਇਦਾਦ ਦਾ ਫਾਹਾ ਵੱਢ ਦੇਵੇਗੀ। ਮੇਰੇ ਨਾਲ ਬੈਠੀ ਮਾਈ ਕੰਨਾਂ ‘ਚ ਪਾਈਆਂ ਨਵੀਆਂ ਵਾਲੀਆਂ ਨਾਲ ਭਲਾ ਕਿੰਨਾ ਕੁ ਚਿਰ ਖੁਸ਼ ਰਹੇਗੀ। ਪਤਾ ਤਾਂ ਦਿੱਲੀ ਦੇ ਹਵਾਈ ਅੱਡੇ ‘ਤੇ ਹੀ ਲੱਗ ਗਿਆ ਸੀ ਜਦੋਂ ਬੁੱਢੇਵਾਰੇ ਰੇੜ੍ਹੀ ਉਤੇ ਤਿੰਨ ਅਟੈਚੀ ਕੇਸ ਲੱਦਣੇ ਪਏ ਤੇ ਬੱਚੀ ਨੂੰ ਉਨ੍ਹਾਂ ਉਤੇ ਬਿਠਾ ਕੇ ਔਖੇ ਸੌਖੇ ਬਾਹਰ ਆਇਆ ਗਿਆ ਸੀ। ਅੱਗੇ ਜੋ ਕੁਝ ਸੀ ਉਹਦੇ ‘ਚੋਂ ਟੈਕਸ ਦੀ ਲੁੱਟ ਦਾ ਇਕੋ ਨਮੂਨਾ ਹਾਜ਼ਰ ਹੈ। ਇੰਡੋ-ਕੈਨੇਡੀਅਨ ਬੱਸ ਮੁਸਾਫ਼ਿਰਾਂ ਨੂੰ ਪੰਜਾਬ ਲਿਜਾਣ ਲਈ ਲੱਗੀ ਖੜ੍ਹੀ ਸੀ। ਮੈਂ ਟਿਕਟ ਲੈਣੀ ਚਾਹੀ। ਜਵਾਬ ਮਿਲਿਆ, ਸਮਾਨ ਡਿੱਗੀ ‘ਚ ਰਖਵਾ ਕੇ ਬੱਸ ਵਿਚ ਸੀਟ ਰੋਕ ਲਓ। ਮੈਂ ਸੀਟ ਰੋਕ ਲਈ। ਇਕ ਸੂਟਿਡ ਬੂਟਿਡ ਨੌਜੁਆਨ ਸਵਾਰੀਆਂ ਤੋਂ ਪੈਸੇ ਉਗਰਾਹੁਣ ਆ ਗਿਆ। ਮੂਹਰਲੀਆਂ 9 ਸੀਟਾਂ ਦਾ ਕਿਰਾਇਆ 2900 ਪ੍ਰਤੀ ਸਵਾਰੀ ਤੇ ਪਿਛਲੀਆਂ 29 ਸੀਟਾਂ ਦਾ 1850 ਰੁਪਏ ਪ੍ਰਤੀ ਸਵਾਰੀ। ਟਿਕਟ ਮੰਗੀ ਤਾਂ ਟਿਕਟ ਕਿਸੇ ਸਵਾਰੀ ਨੂੰ ਵੀ ਨਾ ਦਿੱਤੀ ਜਿਵੇਂ ਅਸੀਂ ਬੱਸ ‘ਤੇ ਨਹੀਂ ਯੱਕੇ ‘ਤੇ ਚੜ੍ਹੇ ਹੋਈਏ। ਉਹ ਸੂਟਿਡ ਬੂਟਿਡ ਨੌਜੁਆਨ ਅੱਸੀ ਕੁ ਹਜ਼ਾਰ ਰੁਪਏ ਬਿਨਾਂ ਕਿਸੇ ਟੈਕਸ ਦੇ, ਲੈ ਕੇ ਤੁਰਦਾ ਹੋਇਆ। ਸਾਰੇ ਮੰਨ ਗਏ ਭਾਰਤ ਦੀ ‘ਤਰੱਕੀ’ ਨੂੰ!
ਬੱਸ ਦਿੱਲੀ ਤੋਂ ਜਲੰਧਰ ਪੁੱਜੀ। ਨਾ ਦਿੱਲੀ ‘ਚ ਕਿਸੇ ਨੇ ਬੱਸ ਵਾਲਿਆਂ ਨੂੰ ਪੁੱਛਿਆ, ਨਾ ਹਰਿਆਣੇ ਵਿਚ ਤੇ ਪੰਜਾਬ ਵਿਚ ਤਾਂ ਕਿਸੇ ਨੇ ਪੁੱਛਣਾ ਹੀ ਕੀ ਸੀ?ਹੁਣ ਵੀ ਜੇ ਕਿਸੇ ਨੇ ਪੁੱਛਣਾ ਹੋਵੇ, ਬੇਸ਼ਕ ਪੁੱਛ ਲਵੇ। ਇੰਡੋ-ਕੈਨੇਡੀਅਨ ਨਾਂ ਦੀ ਉਹ ਬੱਸ 30 ਨਵੰਬਰ ਨੂੰ ਸਵੇਰੇ ਸੱਤ ਵਜੇ ਦਿੱਲੀ ਹਵਾਈ ਅੱਡੇ ਤੋਂ ਚੱਲੀ ਸੀ ਤੇ ਚਾਰ ਕੁ ਵਜੇ ਜਲੰਧਰ ਪੁੱਜੀ ਸੀ। ਜੇ ਟੈਕਸ ਨਹੀਂ ਆਏਗਾ ਤਾਂ ਸਰਕਾਰੀ ਖ਼ਜ਼ਾਨੇ ਦਾ ਕੀ ਬਣੇਗਾ?ਕੂੰਜਾਂ ਨੇ ਤਾਂ ਖਿਲਾਰੀ ਚੋਗ ਚੁਗ ਕੇ ਮੁੜ ਜਾਣਾ ਹੈ। ਸੋਚੋ, ਦੇਸ਼ ‘ਚ ਰਹਿੰਦਿਆਂ ਦਾ ਕੀ ਬਣੇਗਾ?

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …