ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ ਸਰੋਵਰ ਵਿੱਚ ਇਸ਼ਨਾਨ ਕੀਤਾ। ਸੋਮਵਾਰ ਤੜਕੇ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸੰਗਤਾਂ ਦੀ ਭਾਰੀ ਆਮਦ ਸ਼ੁਰੂ ਹੋ ਗਈ ਸੀ। ਦੂਰ ਦੁਰਾਡੇ ਤੋਂ ਸੰਗਤ ਰਾਤ ਨੂੰ ਹੀ ਇੱਥੇ ਪੁੱਜ ਗਈ ਸੀ, ਜਿਨ੍ਹਾਂ ਤੜਕੇ ਸਵੇਰੇ ਪਾਲਕੀ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਹ ਸਿਲਸਿਲਾ ਸਾਰਾ ਦਿਨ ਜਾਰੀ ਰਿਹਾ। ਇੱਥੇ ਪਰਿਕਰਮਾ ਵਿੱਚ ਸੰਗਤ ਦੀ ਵੱਡਾ ਇਕੱਠ ਸੀ ਅਤੇ ਸੱਚਖੰਡ ਵਿਖੇ ਮੱਥਾ ਟੇਕਣ ਲਈ ਵੀ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਪ੍ਰਬੰਧਕਾਂ ਮੁਤਾਬਕ ਵੱਡੇ ਦਿਨਾਂ ਦੀਆਂ ਛੁੱਟੀਆਂ ਅਤੇ ਗੁਰਪੁਰਬ ਇਕੱਠਾ ਆਉਣ ਕਾਰਨ ਇਨ੍ਹਾਂ ਦਿਨਾਂ ਵਿਚ ਸੰਗਤ ਦੀ ਆਮਦ ਵਧੇਰੇ ਵਧ ਗਈ ਹੈ। ਪ੍ਰਬੰਧਕਾਂ ਦੇ ਅਨੁਮਾਨ ਮੁਤਾਬਕ ਸੋਮਵਾਰ ਨੂੰ ਢਾਈ ਲੱਖ ਤੋਂ ਵੱਧ ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਇਸ਼ਨਾਨ ਕੀਤਾ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਲੰਗਰ ਛਕਿਆ ਹੈ। ਵਧੀਕ ਮੈਨੇਜਰ ਸੁਖਬੀਰ ਸਿੰਘ ਨੇ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਨੂੰ ਵੇਖਦਿਆਂ ਵਧੇਰੇ ਪ੍ਰਬੰਧ ਕੀਤੇ ਗਏ ਸਨ। ਗੁਰਪੁਰਬ ਕਾਰਨ ਲੰਗਰ ਘਰ ਵਿੱਚ ਵੀ ਵਧੇਰੇ ਪਕਵਾਨ ਤਿਆਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਵੇਰ ਵੇਲੇ 9 ਤੋਂ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ , ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਵਿਖੇ ਜਲੌਅ ਸਜਾਏ ਗਏ ਸਨ।
Home / ਪੰਜਾਬ / ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਟੇਕਿਆ ਮੱਥਾ
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …