ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਾਨਫਰੰਸਾਂ ਕਰਵਾਈਆਂ ਗਈਆਂ। ਇਨ੍ਹਾਂ ਕਾਨਫਰੰਸਾਂ ਦੀ ਅਗਵਾਈ ਮਹਿਲਾ ਆਗੂਆਂ ਵੱਲੋਂ ਹੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂ ਹਰਿੰਦਰ ਬਿੰਦੂ, ਕੁਲਦੀਪ ਕੌਰ ਕੁੱਸਾ, ਹਰਪ੍ਰੀਤ ਕੌਰ ਜੇਠੂਕੇ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ, ਕਮਲ ਬਰਨਾਲਾ, ਪਰਮਜੀਤ ਕੌਰ ਕੋਟੜਾ, ਮਾਲਣ ਕੌਰ ਕੋਠਾਗੁਰੂ, ਕੁਲਦੀਪ ਕੌਰ, ਅਮਰਜੀਤ ਕੌਰ ਬਰਨਾਲਾ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਅਧੀਨ ਮਹਿਲਾਵਾਂ ਜਮਾਤੀ ਲੁੱਟ ਤੇ ਜਗੀਰੂ ਸਾਮਰਾਜੀ ਦਾਬੇ ਤੋਂ ਇਲਾਵਾ ਪਿਤਰੀ-ਸੱਤਾ ਦਾ ਸੰਤਾਪ ਹੰਢਾਉਂਦੀਆਂ ਹੋਈਆਂ ਦੂਹਰੀ ਗੁਲਾਮੀ ਭੋਗ ਰਹੀਆਂ ਹਨ। ਇਸੇ ਤਰ੍ਹਾਂ ਫਿਰਕੂ ਤੇ ਜਾਤ-ਪਾਤ ਆਧਾਰਿਤ ਵੰਡੀਆਂ ਵਾਲੀ ਸਮਾਜਿਕ ਵਿਵਸਥਾ ਕਾਰਨ ਦਲਿਤ ਮਹਿਲਾਵਾਂ ਤੀਹਰੇ ਦਾਬੇ ਦਾ ਸ਼ਿਕਾਰ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਪੰਜਾਬ ਵਿੱਚ ਹੋਏ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਮਹਿਲਾਵਾਂ ਦੀਆਂ ਲਾਮਬੰਦੀਆਂ ਨੇ ਔਰਤਾਂ ਦੇ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ। ਇਸ ਨਾਲ ਔਰਤ ਹੱਕਾਂ ਦੀ ਗੱਲ ਚੱਲਣ ਦਾ ਹਾਂ-ਪੱਖੀ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਲੜੇ ਗਏ ਇਤਿਹਾਸਿਕ ਕਿਸਾਨ ਸੰਘਰਸ਼ ਦੌਰਾਨ ਕਿਸਾਨ-ਮਜ਼ਦੂਰ ਮਹਿਲਾਵਾਂ ਵੱਲੋਂ ਪਾਏ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਇਸ ਮਿਸਾਲੀ ਸੰਘਰਸ਼ ਸਮੇਤ ਬੀਤੇ ਸਮਿਆਂ ਦੇ ਸੰਘਰਸ਼ਾਂ ‘ਚ ਔਰਤਾਂ ਵੱਲੋਂ ਨਿਭਾਏ ਵਿਲੱਖਣ ਰੋਲ ਸਦਕਾ ਕਿਸਾਨ ਪਰਿਵਾਰਾਂ ‘ਚ ਵੀ ਔਰਤ ਵਿਰੋਧੀ ਜਗੀਰੂ ਰਵਾਇਤਾਂ ਖਤਮ ਹੋਣ ਲੱਗੀਆਂ ਹਨ।
ਉਨ੍ਹਾਂ ਕਿਹਾ ਕਿ ਔਰਤ ਦੀ ਮੁਕਤੀ ਤੇ ਸਮਾਜਿਕ ਬਰਾਬਰੀ ਲਈ ਜਮਾਤੀ ਸੰਘਰਸ਼ਾਂ ਰਾਹੀਂ ਹੀ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਜਗਤ ਖਿਲਾਫ ਕਿਸਾਨਾਂ ਸਮੇਤ ਸਮੂਹ ਕਿਰਤੀ ਲੋਕਾਂ ਦਾ ਮੱਥਾ ਲੱਗਿਆ ਹੋਇਆ ਹੈ, ਉਨ੍ਹਾਂ ਲੁਟੇਰਿਆਂ ਦਾ ਔਰਤਾਂ ਨਾਲ ਵੀ ਦੁਸ਼ਮਣੀ ਵਾਲਾ ਰਿਸ਼ਤਾ ਹੈ। ਇਸ ਲਈ ਕਾਰਪੋਰੇਟਾਂ ਖਿਲਾਫ ਸੰਘਰਸ਼ ਔਰਤ ਹੱਕਾਂ ਦੇ ਸੰਘਰਸ਼ ਦਾ ਜੁੜਵਾਂ ਹਿੱਸਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ, ਬਰਨਾਲਾ, ਸੁਨਾਮ (ਸੰਗਰੂਰ), ਬਾਘਾਪੁਰਾਣਾ (ਮੋਗਾ), ਪਟਿਆਲਾ, ਵਰ੍ਹੇ (ਮਾਨਸਾ), ਚੱਕ ਰੋਹੀਵਾਲਾ (ਫਾਜ਼ਿਲਕਾ), ਵਾੜਾ ਭਾਈਕਾ (ਫਰੀਦਕੋਟ), ਗੁੱਜਰਵਾਲ (ਲੁਧਿਆਣਾ), ਦੋਦਾ ਤੇ ਕਿਲਿਆਂਵਾਲੀ (ਮੁਕਤਸਰ ਸਾਹਿਬ), ਭਾਦਸੋਂ (ਪਟਿਆਲਾ), ਅਮਲਾ ਸਿੰਘ ਵਾਲਾ (ਬਰਨਾਲਾ), ਮਾਨਸਾ, ਭੁੱਚੋ ਮੰਡੀ (ਬਠਿੰਡਾ), ਅੱਡਾ ਗਾਲੜੀ (ਗੁਰਦਾਸਪੁਰ) ਸਮੇਤ ਹੋਰ ਥਾਈਂ ਮਹਿਲਾ ਕਾਨਫਰੰਸਾਂ ਕਰਵਾਈਆਂ ਗਈਆਂ ਹਨ।