150 ਸੀਸੀਟੀਵੀ ਕੈਮਰਿਆਂ ਨਾਲ ਹੋਵੇਗੀ ਨਿਗਰਾਨੀ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ੍ਰੀ ਕੀਰਤਪੁਰ ਸਾਹਿਬ ਅਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ 14 ਤੋਂ 19 ਮਾਰਚ ਤੱਕ ਮਨਾਏ ਜਾ ਰਹੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਮੌਕੇ ਗੁਰਦੁਆਰਾ ਕੰਪਲੈਕਸ ਦੇ ਸਮੁੱਚੇ ਏਰੀਏ ਅੰਦਰ 150 ਸੀਸੀਟੀਵੀ ਕੈਮਰੇ ਲਾਏ ਗਏ ਹਨ ਤਾਂ ਕਿ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖੀ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦੇ ਇਵਜ਼ ਵਜੋਂ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਲੂਆਂ ਦਾ ਬੀਮਾ ਕਰਵਾਇਆ ਗਿਆ ਹੈ।
ਤਖਤ ਕੇਸਗੜ੍ਹ ਸਾਹਿਬ ਦੇ 20 ਕਿਲੋਮੀਟਰ ਏਰੀਏ ਵਿਚ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਲਈ ਸ਼ਰਧਾਲੂਆਂ ਦਾ ਬੀਮਾ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਖਤ ਦੇ ਆਸ ਪਾਸ ਦੋ ਹਜ਼ਾਰ ਦੇ ਕਰੀਬ ਆਰਜ਼ੀ ਟੈਂਟ ਲਗਵਾਏ ਜਾ ਰਹੇ ਹਨ ਜਿੱਥੇ ਪਰਿਵਾਰਾਂ ਸਮੇਤ ਸ਼ਰਧਾਲੂਆਂ ਦੇ ਰਹਿਣ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਮੈਡੀਕਲ ਵੈਨਾਂ ਚਲਾਈਆਂ ਜਾਣਗੀਆਂ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਵੈਨਾਂ ਬੀਮਾਰ ਜਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਗੀਆਂ। ਇਸ ਮੌਕੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਮੀਤ ਮੈਨੇਜਰ ਅਵਤਾਰ ਸਿੰਘ, ਕਰਮਜੀਤ ਸਿੰਘ, ਸਰੂਪ ਸਿੰਘ, ਕਰਨੈਲ ਸਿੰਘ ਹਾਜ਼ਰ ਸਨ।