ਹੁਣ ਮੇਰੀ ਸਮਾਜ ਪ੍ਰਤੀ, ਮਾਂ ਬੋਲੀ ਪ੍ਰਤੀ ਤੇ ਆਪਣੀ ਲੇਖਣੀ ਦੇ ਕਾਰਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ : ਦੀਪਕ ਚਨਾਰਥਲ
ਅਕਾਦਮੀ ਐਵਾਰਡ ਮਿਲਣ ‘ਤੇ ‘ਅਦਾਰਾ ਪਰਵਾਸੀ’ ਲਈ ਵੀ ਖੁਸ਼ੀਆਂ ਭਰਿਆ ਦਿਨ ਹੈ : ਰਜਿੰਦਰ ਸੈਣੀ-ਮੀਨਾਕਸ਼ੀ ਸੈਣੀ
ਨੌਜਵਾਨ ਕਵੀ ਅਤੇ ਲੇਖਕ ਦੀਪਕ ਚਨਾਰਥਲ ਲੰਮੇ ਸਮੇਂ ਤੋਂ ‘ਪਰਵਾਸੀ’ ਅਖ਼ਬਾਰ ‘ਚ ਬਤੌਰ ਨਿਊਜ਼ ਐਡੀਟਰ ਨਿਭਾਅ ਰਹੇ ਹਨ ਸੇਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਇਤਿਹਾਸਕ ਧਰਤੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਕਲਾਂ ਦੇ ਜੰਮਪਲ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਪੱਤਰਕਾਰਤਾ ਦੀ ਸ਼ੁਰੂਆਤ ਕਰਨ ਵਾਲੇ ਦੀਪਕ ਸ਼ਰਮਾ ਚਨਾਰਥਲ ਨੂੰ ਇਸ ਵਰ੍ਹੇ ਦਾ ਸਾਹਿਤਕਾਰ ਅਤੇ ਪੱਤਰਕਾਰਤਾ ਦਾ ਅਕਾਦਮੀ ਐਵਾਰਡ ਹਾਸਲ ਹੋਇਆ। ਪੰਜਾਬ ਕਲਾ ਸਾਹਿਤ ਅਕਾਦਮੀ (ਰਜਿ.) ਜਲੰਧਰ ਵਲੋਂ ਆਯੋਜਿਤ ਇਸ ਵਰ੍ਹੇ ਦੇ 20ਵੇਂ ਅਕਾਦਮੀ ਐਵਾਰਡ ਸਮਾਰੋਹ ਦੌਰਾਨ ਲੇਖਣੀ ਦੇ ਖੇਤਰ ਨਾਲ ਸਬੰਧਤ ਵੱਖੋ-ਵੱਖ ਵਰਗਾਂ ਦੀਆਂ ਹਸਤੀਆਂ ਨੂੰ ਐਵਾਰਡ ਪ੍ਰਦਾਨ ਕੀਤੇ ਗਏ। ਜਿਨ੍ਹਾਂ ਵਿਚ ਦੀਪਕ ਸ਼ਰਮਾ ਚਨਾਰਥਲ ਨੂੰ ਸਾਹਿਤਕਾਰ ਅਤੇ ਪੱਤਰਕਾਰਤਾ ਦਾ ਅਕਾਦਮੀ ਐਵਾਰਡ ਪ੍ਰਦਾਨ ਕੀਤਾ ਗਿਆ। ਜਿਸ ਵਿਚ ਇਕ ਦੋਸ਼ਾਲਾ, ਇਕ ਮੈਡਲ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦਾ ਸੈਟ ਦਿੱਤਾ ਗਿਆ।
ਐਵਾਰਡ ਮਿਲਣ ‘ਤੇ ਜਿੱਥੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੇ ਨੰਗਲ ਆਦਿ ਦੇ ਪੂਰੇ ਖੇਤਰ ਵਿਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਇਸਦੇ ਲਈ ਮੈਂ ਜਿੱਥੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ, ਉਥੇ ਸਾਹਿਤ ਅਕਾਦਮੀ ਦਾ, ਇਸਦੇ ਕਰਤਾ ਧਰਤਾ ਸ੍ਰੀ ਸਿਮਰ ਸਦੋਸ਼ ਜੀ ਦਾ ਅਤੇ ਸਮੁੱਚੀ ਕਾਰਜਕਾਰਨੀ ਦਾ ਧੰਨਵਾਦ ਹਾਂ ਕਿ ਉਹਨਾਂ ਇਸ ਸਨਮਾਨ ਲਈ ਮੈਨੂੰ ਚੁਣਿਆ ਅਤੇ ਅੱਜ ਤੋਂ ਮੇਰੀ ਸਮਾਜ ਪ੍ਰਤੀ, ਆਪਣੀ ਮਾਂ ਬੋਲੀ ਪ੍ਰਤੀ ਤੇ ਆਪਣੀ ਲੇਖਣੀ ਦੇ ਕਾਰਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਦੇ ਬਤੌਰ ਕਵੀ ਅਤੇ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਦੀਪਕ ਸ਼ਰਮਾ ਚਨਾਰਥਲ ਨੇ ਆਪਣੀ ਪੱਤਰਕਾਰਤਾ ਦੀ ਸ਼ੁਰੂਆਤ ਸੰਨ 1998-99 ਵਿਚ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਤੀ ਸੀ ਤੇ ਵੱਖੋ-ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ ਵੱਖੋ-ਵੱਖ ਅਹੁਦਿਆਂ ‘ਤੇ ਕੰਮ ਕਰਦਿਆਂ ਇਸ ਵਕਤ ਉਹ ਚੰਡੀਗੜ੍ਹ ਵਿਚ ਕੈਨੇਡਾ ਦੇ ‘ਪਰਵਾਸੀ’ ਅਖਬਾਰ ਵਿਚ ਬਤੌਰ ਨਿਊਜ਼ ਐਡੀਟਰ ਸੇਵਾਵਾਂ ਨਿਭਾ ਰਹੇ ਹਨ। ਰਾਜਨੀਤਕ ਵਿਸ਼ਿਆਂ ਦੇ ਮਾਹਿਰ ਵਜੋਂ ਵੀ ਜਿੱਥੇ ਉਹ ਆਪਣੀ ਪਹਿਚਾਣ ਬਣਾ ਚੁੱਕੇ ਹਨ, ਉਥੇ ਪੰਜਾਬ ਵਿਚ ਨਸ਼ਿਆਂ ਖਿਲਾਫ ਮੁਹਿੰਮ ਚਲਾ ਕੇ, ਵਾਤਾਵਰਣ ਪ੍ਰਤੀ ਜਾਗਰੂਕ ਹਿਤ ਬੂਟੇ ਵੰਡ ਕੇ, ਲੋੜਵੰਦ ਵਿਦਿਆਰਥੀਆਂ ਨੂੰ ਸਮੇਂ-ਸਮੇਂ ਵਰਦੀਆਂ ਆਦਿ ਵੰਡ ਕੇ ਅਤੇ ਸਮਾਜਿਕ ਚੇਤਨਾ ਲਈ ਵੱਖੋ-ਵੱਖ ਸੈਮੀਨਾਰਾਂ ਦੀ ਅਗਵਾਈ ਕਰਦਿਆਂ ਉਹ ਇਕ ਸਮਾਜ ਸੇਵੀ ਵਜੋਂ ਵੀ ਆਪਣੀ ਪਹਿਚਾਣ ਬਣਾ ਚੁੱਕੇ ਹਨ। ਨੰਗਲ ਦੇ ਸ਼ਿਵਾਲਿਕ ਕਾਲਜ ਤੋਂ ਵਿੱਦਿਆ ਹਾਸਲ ਕਰਨ ਵਾਲੇ ਨੌਜਵਾਨ ਲੇਖਕ, ਕਵੀ ਅਤੇ ਪੱਤਰਕਾਰ ਨੂੰ ਇਹ ਸਨਮਾਨ ਮਿਲਣ ‘ਤੇ ਜਿੱਥੇ ਵੱਖੋ-ਵੱਖ ਸਾਹਿਤਕ ਸਭਾਵਾਂ, ਵੱਖੋ-ਵੱਖ ਪ੍ਰੈਸ ਕਲੱਬਾਂ ਆਦਿ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ, ਉਥੇ ‘ਪਰਵਾਸੀ’ ਅਖ਼ਬਾਰ ਦੇ ਮੁਖੀ ਰਜਿੰਦਰ ਸੈਣੀ, ਮੈਡਮ ਮੀਨਾਕਸ਼ੀ ਸੈਣੀ ਸਮੇਤ ਸਮੁੱਚੀ ‘ਪਰਵਾਸੀ’ ਟੀਮ ਨੇ ਦੀਪਕ ਚਨਾਰਥਲ ਨੂੰ ਇਹ ਸਨਮਾਨ ਮਿਲਣ ‘ਤੇ ਮੁਬਾਰਕਾਂ ਦਿੰਦਿਆਂ ਆਖਿਆ ਕਿ ਅੱਜ ‘ਅਦਾਰਾ ਪਰਵਾਸੀ’ ਲਈ ਵੀ ਖੁਸ਼ੀਆਂ ਵਾਲਾ ਦਿਨ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …