Breaking News
Home / ਪੰਜਾਬ / ‘ਆਪ’ ਪੰਜਾਬ ਵਿਚ ਉਭਰਦੇ ਆਗੂਆਂ ਨੂੰ ਖੂੰਜੇ ਲਾਉਣ ਦੀ ਖੇਡ ਸ਼ੁਰੂ

‘ਆਪ’ ਪੰਜਾਬ ਵਿਚ ਉਭਰਦੇ ਆਗੂਆਂ ਨੂੰ ਖੂੰਜੇ ਲਾਉਣ ਦੀ ਖੇਡ ਸ਼ੁਰੂ

ਆਮ ਆਦਮੀ ਪਾਰਟੀ ਦਾ ਝਾੜੂ ਫਿਰ ਖਿੰਡਣ ਲੱਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਵਿੱਚ ਇਕ ਵਾਰ ਮੁੜ ਮੱਤਭੇਦ ਪੈਦਾ ਹੋ ਰਹੇ ਹਨ ਅਤੇ ਪਾਰਟੀ ਵਿੱਚ ਮੁੱਢ ਤੋਂ ਚੱਲਦੀ ਆ ਰਹੀ ਉਭਰਦੇ ਆਗੂਆਂ ਨੂੰ ਖੂੰਜੇ ਲਾਉਣ ਦੀ ਖੇਡ ਸ਼ੁਰੂ ਹੋ ਗਈ ਹੈ। ਇਸ ਵਾਰ ਸੁਨਾਮ ਦੇ ਵਿਧਾਇਕ ਤੇ ਪਾਰਟੀ ਦੇ ਪੰਜਾਬ ਦੇ ਸਹਿ ਪ੍ਰਧਾਨ ਰਹਿ ਚੁੱਕੇ ਅਮਨ ਅਰੋੜਾ ਦੇ ਪਰ ਕੁਤਰਨ ਦੀ ਚਰਚਾ ਪਾਰਟੀ ਵਿੱਚ ਚੱਲ ਰਹੀ ਹੈ। ਦੱਸਣਯੋਗ ਹੈ ਕਿ ਸਮੇਂ-ਸਮੇਂ ਪਾਰਟੀ ਵਿੱਚੋਂ ਵੱਖ-ਵੱਖ ਢੰਗਾਂ ਨਾਲ ਦੂਰ ਕੀਤੇ ਡਾ ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਘੁੱਗੀ, ਹਰਿੰਦਰ ਸਿੰਘ ਖਾਲਸਾ ਸਮੇਤ ਸੁਖਪਾਲ ਸਿੰਘ ਖਹਿਰਾ ਅਤੇ ਹੋਰ ਵਿਧਾਇਕਾਂ ਆਦਿ ਕਾਰਨ ਪਾਰਟੀ ਨੂੰ ਭਾਰੀ ਢਾਹ ਲੱਗ ਚੁੱਕੀ ਹੈ। ‘ਆਪ’ ਦੇ ਕੁੱਲ 20 ਵਿਧਾਇਕਾਂ ਵਿਚੋਂ ਇਸ ਵੇਲੇ ਪਾਰਟੀ ਨਾਲ ਮਹਿਜ਼ 11 ਵਿਧਾਇਕ ਹੀ ਹੋਣ ਕਾਰਨ ਪਾਰਟੀ ਕੋਲੋਂ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਵੀ ਖੁੱਸਣ ਦਾ ਖਤਰਾ ਹੈ। ਪਾਰਟੀ ਵਿੱਚ ਮੁੜ ਪਰ ਕੁਤਰਨ ਦੀ ਚੱਲੀ ਖੇਡ ਕਾਰਨ ਅਗਲੇ ਦਿਨੀਂ ‘ਆਪ’ ਨੂੰ ਹੋਰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 2 ਜੂਨ ਨੂੰ ਦਿੱਲੀ ਵਿਖੇ ਪੰਜਾਬ ਦੇ ਵਿਧਾਇਕਾਂ ਦੀ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਵਿਰੁੱਧ ‘ਬਿਜਲੀ ਅੰਦੋਲਨ’ ਚਲਾਉਣ ਦੀ ਰੂਪਰੇਖਾ ਉਲੀਕੀ ਸੀ ਅਤੇ ਖ਼ੁਦ ਵਿਧਾਇਕ ਅਮਨ ਅਰੋੜਾ ਨੂੰ ਇਸ ਦੀ ਵਾਗਡੋਰ ਫੜਾਉਂਦਿਆਂ ਅੰਦੋਲਨ ਦਾ ਕੋਆਰਡੀਨੇਟਰ ਥਾਪਿਆ ਸੀ। ਸੂਤਰਾਂ ਅਨੁਸਾਰ ਇਸੇ ਮੀਟਿੰਗ ਵਿੱਚ ‘ਬਿਜਲੀ ਅੰਦੋਲਨ’ ਨੂੰ ਵਿਰਾਟ ਰੂਪ ਦੇਣ ਲਈ ਅਮਨ ਅਰੋੜਾ ਨੂੰ ਇੱਕ ਜੁਲਾਈ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ‘ਤੇ ਬਿਠਾਉਣ ਦਾ ਫੈਸਲਾ ਵੀ ਕੀਤਾ ਸੀ, ਜਿਸ ਤਹਿਤ ਅਰੋੜਾ ਨੇ ਅੰਦੋਲਨ ਸ਼ੁਰੂ ਕਰਨ ਦਾ ਮੁੱਢ ਬੰਨ੍ਹ ਦਿੱਤਾ ਸੀ ਅਤੇ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵੱਲੋਂ ਪੱਤਰ ਲਿਖਣ ਸਮੇਤ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇਣ ਦੀ ਪ੍ਰਕਿਰਿਆ ਆਰੰਭੀ ਸੀ।
ਸੂਤਰਾਂ ਅਨੁਸਾਰ ਜਦੋਂ ਅਰੋੜਾ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਕਰਨ ਲਈ ਤਿਆਰ ਸਨ ਤਾਂ ਇਸੇ ਦੌਰਾਨ ਹੀ ਕੇਜਰੀਵਾਲ ਨੇ ਅਚਨਚੇਤ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀ ਦਿੱਲੀ ਵਿਖੇ ਹੰਗਾਮੀ ਮੀਟਿੰਗ ਸੱਦ ਲਈ, ਜਿਸ ਵਿੱਚ ਕੇਜਰੀਵਾਲ ਨੇ ਨਾਟਕੀ ਢੰਗ ਨਾਲ ‘ਬਿਜਲੀ ਅੰਦੋਲਨ’ ਦੀ ਕਮਾਂਡ ਅਰੋੜਾ ਕੋਲੋਂ ਖੋਹ ਕੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੂੰ ਸੌਂਪ ਦਿੱਤੀ ਤੇ ਅਰੋੜਾ ਵੱਲੋਂ ਇੱਕ ਜੁਲਾਈ ਤੋਂ ਸ਼ੁਰੁ ਕੀਤੀ ਜਾਣ ਵਾਲੀ ਅਣਮਿਥੇ ਸਮੇਂ ਦੀ ਭੁੱਖ ਹੜਤਾਲ ਵੀ ਮੁਲਤਵੀ ਕਰ ਦਿੱਤੀ। ਇਸ ਫੈਸਲੇ ਤੋਂ ਬਾਅਦ ਪਾਰਟੀ ਵਿੱਚ ਨਵੀਂ ਤਰ੍ਹਾਂ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਅਰੋੜਾ ਨੇ ਕੁੱਝ ਦਿਨਾਂ ਤੋਂ ਖਾਮੋਸ਼ੀ ਸਾਧ ਲਈ ਸੀ।
ਇਸੇ ਦੌਰਾਨ 10 ਜੁਲਾਈ ਨੂੰ ਵਿਰੋਧੀ ਧਿਰ ਦੇ ਆਗੂ ਵਕੀਲ ਹਰਪਾਲ ਸਿੰਘ ਚੀਮਾ ਵੱਲੋਂ ਸੱਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਅਰੋੜਾ ਨੂੰ ਨਾ ਸੱਦਣ ਕਾਰਨ ਪਾਰਟੀ ਵਿੱਚ ਮੁੜ ਤਰੇੜਾਂ ਪੈਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਦੱਸਣਯੋਗ ਹੈ ਕਿ ਅਰੋੜਾ ਪਾਰਟੀ ਦੇ ਪੰਜਾਬ ‘ਚ ਪ੍ਰਮੱਖ ਹਿੰਦੂ ਚਿਹਰਾ ਹਨ ਅਤੇ ਉਸ ਦੇ ਪਰਿਵਾਰ ਦਾ ਪਿਛੋਕੜ ਸਿਆਸੀ ਹੋਣ ਕਾਰਨ ਉਹ ਨਿਰੰਤਰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਰੇਕ ਮੁੱਦੇ ਉਪਰ ਸਰਗਰਮ ਰਹਿੰਦੇ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਅਰੋੜਾ ਦੇ ਸਿਆਸੀ ਪਿੜ ਵਿੱਚ ਤੇਜ਼ੀ ਨਾਲ ਉਭਰਨ ਕਾਰਨ ਪਾਰਟੀ ਦੇ ਕਈ ਆਗੂਆਂ ਨੂੰ ਉਹ ਰਾਸ ਨਹੀਂ ਆ ਰਹੇ ਸੀ। ਸੂਤਰਾਂ ਅਨੁਸਾਰ ਇਸੇ ਰਣਨੀਤੀ ਤਹਿਤ ਹੀ ਅਰੋੜਾ ਕੋਲੋਂ ‘ਬਿਜਲੀ ਅੰਦੋਲਨ’ ਦੀ ਕਮਾਂਡ ਖੋਹ ਕੇ ਪਾਰਟੀ ਨਾਲ ਪੁਰਾਣੇ ਜੁੜੇ ਆਗੂ ਮੀਤ ਹੇਅਰ ਨੂੰ ਸੌਂਪੀ ਗਈ ਹੈ। ਅਰੋੜਾ ਫਿਲਹਾਲ ਖਾਮੋਸ਼ ਹਨ ਅਤੇ ਆਪਣੇ ਪੱਧਰ ‘ਤੇ ਹੀ ਸਿਆਸੀ ਸਰਗਰਮੀਆਂ ਚਲਾ ਰਹੇ ਹਨ।
ਅਮਨ ਨਾਲ ਕੋਈ ਮੱਤਭੇਦ ਨਹੀਂ: ਚੀਮਾઠ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਦੱਸਿਆ ਕਿ ਅਮਨ ਅਰੋੜਾ ਨਾਲ ਕਿਸੇ ਤਰ੍ਹਾਂ ਦੇ ਮੱਤਭੇਦ ਨਹੀਂ ਹਨ ਅਤੇ ਮੀਟਿੰਗ ਵਿੱਚ ਨਾ ਸੱਦਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ‘ਬਿਜਲੀ ਅੰਦੋਲਨ’ ‘ਦੇਖਣ’ ਦੀ ਜ਼ਿੰਮੇਵਾਰੀ ਅੱਜ ਵੀ ਅਰੋੜਾ ਕੋਲ ਹੈ ਅਤੇ ਮੀਤ ਹੇਅਰ ਤਾਂ ਇਸ ਅੰਦੋਲਨ ਨੂੰ ਜਥੇਬੰਦ ਹੀ ਕਰ ਰਹੇ ਹਨ।
ਮੈਂ ਅੱਜ ਵੀ ਪਾਰਟੀ ਦਾ ਸਿਪਾਹੀ ਹਾਂ : ਅਰੋੜਾ
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਭਾਵੇਂ ਉਸ ਨੂੰ ਵਿਧਾਇਕ ਦਲ ਦੀ ਮੀਟਿੰਗ ਵਿਚ ਨਾ ਸੱਦਣ ਦਾ ਦੁੱਖ ਹੋਇਆ ਹੈ ਪਰ ਉਹ ਪਾਰਟੀ ਦਾ ਸਿਪਾਹੀ ਸੀ ਅਤੇ ਅੱਜ ਵੀ ਹੈ। ਪਾਰਟੀ ਜਿਹੜੀ ਵੀ ਜ਼ਿੰਮੇਵਾਰੀ ਲਾਵੇਗੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …