-11.8 C
Toronto
Wednesday, January 21, 2026
spot_img
Homeਪੰਜਾਬਹੁਣ ਪਲਾਸਟਿਕ ਦੀ ਥਾਂ ਵਰਤੇ ਜਾਣਗੇ ਮੱਕੀ ਦੇ ਆਟੇ ਦੇ ਲਿਫਾਫੇ

ਹੁਣ ਪਲਾਸਟਿਕ ਦੀ ਥਾਂ ਵਰਤੇ ਜਾਣਗੇ ਮੱਕੀ ਦੇ ਆਟੇ ਦੇ ਲਿਫਾਫੇ

ਹਰਿਮੰਦਰ ਸਾਹਿਬ ਤੋਂ ਹੋਵੇਗੀ ਸ਼ੁਰੂਆਤ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਵਾਤਾਵਰਣ ਪੱਖੀ ਬਣਾਉਣ ਦੇ ਯਤਨਾਂ ਤਹਿਤ ਹੁਣ ਇੱਥੇ ਹੁੰਦੀ ਪਲਾਸਟਿਕ ਦੇ ਲਿਫ਼ਾਫ਼ੇ ਦੀ ਵਰਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਦੀ ਥਾਂ ਹੁਣ ਮੱਕੀ ਦੇ ਆਟੇ ਤੋਂ ਬਣੇ ਵਾਤਾਵਰਣ ਪੱਖੀ ਲਿਫ਼ਾਫ਼ੇ ਵਰਤੇ ਜਾਣ ਦੀ ਯੋਜਨਾ ਹੈ।
ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵੱਡੀ ਵਰਤੋਂ ਹੋ ਰਹੀ ਹੈ। ਪਲਾਸਟਿਕ ਦੇ ਲਿਫ਼ਾਫ਼ੇ ਕੜਾਹ ਪ੍ਰਸ਼ਾਦਿ ਲਿਜਾਣ ਲਈ ਵਰਤੇ ਜਾ ਰਹੇ ਹਨ। ਇਸੇ ਤਰ੍ਹਾਂ ਪਿੰਨੀ ਪ੍ਰਸ਼ਾਦਿ ਵਾਸਤੇ ਵੀ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਹੋ ਰਹੀ ਹੈ। ਲੰਗਰ ਘਰ ਵਿੱਚ ਆਉਂਦੀਆਂ ਰਸਦਾਂ ਆਦਿ ਵਾਸਤੇ ਵੀ ਇਹੀ ਪਲਾਸਟਿਕ ਦੇ ਲਿਫ਼ਾਫ਼ੇ ਵਰਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਮੁਕੰਮਲ ਤੌਰ ‘ਤੇ ਬੰਦ ਕਰਕੇ ਹਰਿਮੰਦਰ ਸਾਹਿਬ ਤੋਂ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਜਾਵੇਗਾ ਕਿ ਸੰਗਤ ਖੁਦ ਵੀ ਵਾਤਾਵਰਣ ਪੱਖੀ ਚੀਜ਼ਾਂ ਦੀ ਵਰਤੋਂ ਕਰੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਬਦਲ ਲੱਭਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਹੀ ਈਕੋ ਅੰਮ੍ਰਿਤਸਰ ਅਤੇ ਦਲਬੀਰ ਫਾਊਂਡੇਸ਼ਨ ਜਥੇਬੰਦੀ ਦੇ ਆਗੂ ਗੁਨਬੀਰ ਸਿੰਘ ਵੱਲੋਂ ਇਸ ਦਾ ਬਦਲ ਸੁਝਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਬਦਲ ਵਜੋਂ ਵਰਤੇ ਜਾ ਰਹੇ ਮੱਕੀ ਦੇ ਆਟੇ ਨਾਲ ਤਿਆਰ ਕੀਤੇ ਲਿਫ਼ਾਫ਼ੇ ਦੇਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪੱਖੀ ਲਿਫ਼ਾਫ਼ੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਾਣੀ ਦੇ ਸੰਪਰਕ ਵਿਚ ਆਉਂਦਿਆਂ ਹੀ ਘੁਲ ਜਾਂਦੇ ਹਨ ਅਤੇ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੇ। ਉਨ੍ਹਾਂ ਆਖਿਆ ਕਿ ਜਿਵੇਂ ਹੀ ਇਹ ਵਾਤਾਵਰਣ ਪੱਖੀ ਲਿਫ਼ਾਫ਼ੇ ਸ਼੍ਰੋਮਣੀ ਕਮੇਟੀ ਕੋਲ ਪੁੱਜਣਗੇ, ਸ਼੍ਰੋਮਣੀ ਕਮੇਟੀ ਇਨ੍ਹਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਬਦਲ ਵਜੋਂ ਵਰਤਣਾ ਸ਼ੁਰੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਵਾਤਾਵਰਣ ਪੱਖੀ ਅਤੇ ਪ੍ਰਦੂਸ਼ਣ ਮੁਕਤ ਖੇਤਰ ਬਣਾਉਣ ਲਈ ਵਚਨਬੱਧ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਘਰ ਵਿੱਚ ਵੀ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਸੰਭਵ ਯਤਨ ਜਾਰੀ ਹਨ। ਦਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਆਖਿਆ ਕਿ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਰੱਦ ਕਰਕੇ ਵਾਤਾਵਰਣ ਪੱਖੀ ਲਿਫ਼ਾਫ਼ੇ ਵਰਤਣ ਲਈ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਹੋ ਚੁੱਕੀ ਹੈ। ਇਸੇ ਤਰ੍ਹਾਂ ਲੰਗਰ ਦੀ ਰਹਿੰਦ ਖੂੰਹਦ ਦੀ ਵਰਤੋਂ ਵਾਸਤੇ ਵੀ ਗਰੀਨ ਬੈਗ ਤਿਆਰ ਕੀਤੇ ਗਏ ਹਨ। ਇਨ੍ਹਾਂ ਵੱਡੇ ਲਿਫ਼ਾਫ਼ਿਆਂ ਨੂੰ ਲੰਗਰ ਦੀ ਸੁੱਕੀ ਤੇ ਗਿੱਲੀ ਰਹਿੰਦ ਖੂੰਹਦ ਵਾਸਤੇ ਵਰਤਿਆ ਜਾ ਸਕਦਾ ਹੈ।

RELATED ARTICLES
POPULAR POSTS