Breaking News
Home / ਪੰਜਾਬ / ਗੁਰਪਾਲ ਸਿੰਘ ਵਿਰੁੱਧ ਕੇਸ ਨਾਲ ਕੈਪਟਨ ਅਮਰਿੰਦਰ ਦੀਆਂ ਮੁਸ਼ਕਿਲਾਂ ਵਧੀਆਂ

ਗੁਰਪਾਲ ਸਿੰਘ ਵਿਰੁੱਧ ਕੇਸ ਨਾਲ ਕੈਪਟਨ ਅਮਰਿੰਦਰ ਦੀਆਂ ਮੁਸ਼ਕਿਲਾਂ ਵਧੀਆਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਮਾਦ ਗੁਰਪਾਲ ਸਿੰਘ ਖਿਲਾਫ਼ ਸੀਬੀਆਈ ਵੱਲੋਂ ਕੇਸ ਦਰਜ ਕਰਨ ਕਾਰਨ ਕਾਂਗਰਸੀ ਹਲਕਿਆਂ ਵਿੱਚ ਬੇਚੈਨੀ ਹੈ। ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਤਾਜ਼ਾ ਘਟਨਾਕ੍ਰਮ ਨਾਲ ਮੁੱਖ ਮੰਤਰੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਗੁਰਪਾਲ ਸਿੰਘ ਵਿਰੁੱਧ ਦਰਜ ਕੇਸ ਮੁੱਖ ਮੰਤਰੀ ਵਿਰੋਧੀ ਕਾਂਗਰਸੀ ਧੜਿਆਂ ਨੂੰ ਵੀ ਸ਼ਕਤੀ ਦੇਣ ਵਿਚ ਸਹਾਈ ਹੋ ਸਕਦਾ ਹੈ।
ਗੁਰਪਾਲ ਸਿੰਘ ਜੋ ਕਿ ਸਿੰਭੌਲੀ ਸ਼ੂਗਰਜ਼ ਲਿਮਟਿਡ ਦਾ ਡਿਪਟੀ ਮੈਨੇਜਿੰਗ ਡਾਇਰੈਕਟਰ ਹੈ, ਵਿਰੁੱਧ ਸੀਬੀਆਈ ਨੇ ਬੈਂਕ ਨਾਲ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੀਐਨਬੀ ਘੁਟਾਲੇ ਅਤੇ ਹੋਰਨਾਂ ਮਾਮਲਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉੱਤੇ ਆਈ ਭਾਜਪਾ ਨੇ ਗੁਰਪਾਲ ਸਿੰਘ ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੇ ਗਠਿਨ ਤੋਂ ਬਾਅਦ ਮੁੱਖ ਮੰਤਰੀ ਦੇ ਦਾਮਾਦ ਦਾ ਨਾਂ ਕਈ ਮਾਮਲਿਆਂ ਵਿੱਚ ਉਭਰ ਕੇ ਸਾਹਮਣੇ ਆਇਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਿਸ ਤਰੀਕੇ ਪਿਛਲੇ ਸਮੇਂ ਤੋਂ ਰਾਜਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੀ ਰਹੀ ਹੈ ਉਸ ਦਾ ਝਲਕਾਰਾ ਗੁਰਪਾਲ ਸਿੰਘ ਦੇ ਮਾਮਲੇ ਵਿਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੈਂਕਾਂ ਨਾਲ ਧੋਖਾਧੜੀ ਦੇ ਵੱਡੇ-ਵੱਡੇ ਘੁਟਾਲੇ ਸਾਹਮਣੇ ਆਉਣ ਕਾਰਨ ਕਰਨਾਟਕਾ ਤੇ ਉਤਰ ਪੂਰਬੀ ਰਾਜਾਂ ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਸਿਆਸੀ ਤੌਰ ‘ਤੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਸਿੰਭੌਲੀ ਸ਼ੂਗਰਜ਼ ਵਿਰੁੱਧ ਕੇਸ ਨਾਲ ਭਾਜਪਾ ਨੂੰ ਕਾਂਗਰਸ ਦੇ ਖਿਲਾਫ਼ ਬੋਲਣ ਦਾ ਮੁੱਦਾ ਮਿਲਿਆ ਹੈ।
ਮੇਰੇ ਦਾਮਾਦ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹੈ: ਅਮਰਿੰਦਰ ਸਿੰਘ
ਇਸ ਮਾਮਲੇ ਉੱਤੇ ਟਿੱਪਣੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਮੇਰੇ ਦਾਮਾਦ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।’ ਉਨ੍ਹਾਂ ਘਪਲਾ ਨਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਅਦਾਲਤੀ ਸੁਣਵਾਈ ਅਧੀਨ ਹੈ ਤੇ ਗੁਰਪਾਲ ਸਿੰਘ ਕਾਨੂੰਨ ਅਨੁਸਾਰ ਚੱਲਣ ਵਾਲਾ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਰਾਜਨੀਤੀਕਰਨ ਇਸ ਕਰਕੇ ਹੋ ਰਿਹਾ ਹੈ ਕਿ ਕਿਉਂਕਿ ਗੁਰਪਾਲ ਸਿੰਘ ਦਾ ਉਨ੍ਹਾਂ ਨਾਲ ਕਰੀਬੀ ਰਿਸ਼ਤਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗੁਰਪਾਲ ਸਿੰਘ ਦੇ ਸਬੰਧਤ ਕੰਪਨੀ ਵਿਚ ਮਹਿਜ਼ 12.5 ਫੀਸਦੀ ਸ਼ੇਅਰ ਹਨ ਤੇ ਉਹ ਵੱਡਾ ਹਿੱਸਾਦਾਰ ਨਹੀਂ ਹੈ।
ਅਮਰਿੰਦਰ ਦੇ ਜਵਾਈ ਨੇ ਕਿਸਾਨਾਂ ਦਾ ਪੈਸਾ ਹੜੱਪਿਆ : ਅਮਿਤ ਸ਼ਾਹ
ਨਵੀਂ ਦਿੱਲੀ : ਓਬੀਸੀ ਬੈਂਕ ਵਿਚ ਹੋਈ ਧੋਖਾਧੜੀ ਮਾਮਲੇ ‘ਚ ਕਾਂਗਰਸ ‘ਤੇ ਪਲਟਵਾਰ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਕਮਾਈ ਦਾ ਪੈਸਾ ਹੜਪ ਲਿਆ। ਭਾਜਪਾ ਪ੍ਰਧਾਨ ਦਾ ਇਸ਼ਾਰਾ ਬੈਂਕ ਦੇ ਉਸ ਕਥਿਤ ਧੋਖਾਧੜੀ ਮਾਮਲੇ ਵੱਲ ਸੀ, ਜਿਸ ਵਿਚ ਅਮਰਿੰਦਰ ਸਿੰਘ ਦੇ ਜਵਾਈ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਾਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਵਾਈ ਨੇ ਭਾਰਤ ਦੇ ਮਿਹਨਤੀ ਕਿਸਾਨਾਂ ਦੇ ਪੈਸਿਆਂ ਨੂੰ ਹੜਪ ਲਿਆ। ਇਸ ਤੋਂ ਵਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਲੁੱਟਿਆ ਹੀ ਹੈ। ਬੈਂਕ ਘਪਲੇ ਸਬੰਧੀ ਜਿਸ ਗੁਰਪਾਲ ਸਿੰਘ ‘ਤੇ ਮਾਮਲਾ ਦਰਜ ਹੋਇਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਜਵਾਈ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …