Breaking News
Home / ਪੰਜਾਬ / ਸੁਨੀਲ ਜਾਖੜ ਨੇ ਹਲਕੇ ‘ਚ ਕਿਸੇ ਆਗੂ ਨੂੰ ਉੱਠਣ ਨਹੀਂ ਦਿੱਤਾ : ਰਾਜਾ ਵੜਿੰਗ

ਸੁਨੀਲ ਜਾਖੜ ਨੇ ਹਲਕੇ ‘ਚ ਕਿਸੇ ਆਗੂ ਨੂੰ ਉੱਠਣ ਨਹੀਂ ਦਿੱਤਾ : ਰਾਜਾ ਵੜਿੰਗ

ਕੇਂਦਰ ‘ਤੇ ਲਾਏ ਆਜ਼ਾਦੀ ਦਿਵਸ ਸਮਾਗਮਾਂ ਵਿੱਚ ਵੰਡੀਆਂ ਪਾਉਣ ਦੇ ਦੋਸ਼
ਅਬੋਹਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਵੱਲੋਂ ਸੂਬੇ ਭਰ ਵਿੱਚ ਕੱਢੀ ਜਾ ਰਹੀ ਤਿਰੰਗਾ ਯਾਤਰਾ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ ‘ਤੇ ਅਬੋਹਰ ਪੁੱਜੇ। ਅਬੋਹਰ ਵਿੱਚ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਆਜ਼ਾਦੀ ਦਿਵਸ ਮੌਕੇ ਸਮਾਗਮਾਂ ਵਿੱਚ ਵੰਡੀਆਂ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਸਰਬ ਪਾਰਟੀ ਮੀਟਿੰਗ ਸੱਦ ਕੇ ਸਾਂਝੇ ਤੌਰ ‘ਤੇ ਇਹ ਸਮਾਗਮ ਕਰਵਾਉਂਦੇ, ਪਰ ਅਜਿਹਾ ਨਹੀਂ ਕੀਤਾ ਗਿਆ।
ਉਨ੍ਹਾਂ ਪੰਜਾਬ ਪੱਧਰ ‘ਤੇ ਪਾਰਟੀ ਵਿੱਚ ਆਏ ਨਿਘਾਰ ਲਈ ਸੁਨੀਲ ਜਾਖੜ ਪਰਿਵਾਰ ਨੂੰ ਕਸੂਰਵਾਰ ਠਹਿਰਾਉਂਦਿਆਂ ਕਿਹਾ ਕਿ ਪੰਜਾਹ ਸਾਲਾਂ ਤੱਕ ਜਾਖੜ ਪਰਿਵਾਰ ਨੇ ਇਸ ਖੇਤਰ ਵਿਚ ਕਿਸੇ ਵੀ ਲੀਡਰ ਨੂੰ ਉੱਠਣ ਨਹੀਂ ਦਿੱਤਾ। ਉਨ੍ਹਾਂ ਸੁਨੀਲ ਜਾਖੜ ਦੇ ਘਰ ‘ਤੇ ਲੱਗੇ ਭਾਜਪਾ ਦੇ ਝੰਡੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਚਾਚਾ ਪਾਰਟੀ ਛੱਡ ਗਿਆ ਤਾਂ ਕਾਂਗਰਸੀ ਵਿਧਾਇਕ ਭਤੀਜੇ ਸੰਦੀਪ ਜਾਖੜ ਨੂੰ ਵੀ ਪਾਰਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਇਥੇ ਕਰਵਾਏ ਗਏ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ 49 ‘ਚੋਂ ਸਿਰਫ਼ ਦੋ ਕੌਂਸਲਰ ਹੀ ਸ਼ਾਮਲ ਹੋਏ। ਇਸ ‘ਤੇ ਵੜਿੰਗ ਨੇ ਕਿਹਾ ਕਿ ਸਮਾਗਮ ਵਿੱਚ ਸ਼ਾਮਲ ਨਾ ਹੋਣ ਵਾਲੇ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਮਾੜੇ ਦੌਰ ਲਈ ਸਿੱਧੇ ਤੌਰ ‘ਤੇ ਸੁਨੀਲ ਜਾਖੜ ਜ਼ਿੰਮਵਾਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਾਖੜ ਨੇ ਖ਼ੁਦ ਨੂੰ ਇਕ ਹਿੰਦੂ ਚਿਹਰਾ ਸਾਬਤ ਕਰਨ ਲਈ ਹਰ ਹੀਲਾ ਵਰਤਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਹ ਸਾਲਾਂ ਤੱਕ ਜਾਖੜ ਪਰਿਵਾਰ ਨੂੰ ਮਾਣ-ਸਨਮਾਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਉਨ੍ਹਾਂ ਆਪਣੇ ਸੌੜੇ ਸਿਆਸੀ ਹਿਤਾਂ ਲਈ ਪਾਰਟੀ ਨਾਲ ਧੋਖਾ ਕੀਤਾ।
ਰੈਲੀ ਦੌਰਾਨ ਸਾਬਕਾ ਵਿਧਾਇਕ ਸ਼ੇਰ ਸਿੰਘ ਘੁਬਾਇਆ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਦਵਿੰਦਰ ਸਿੰਘ ਸਾਰੇ ਸਮਾਗਮ ਦੌਰਾਨ ਮੌਜੂਦ ਰਹੇ, ਪਰ ਉਨ੍ਹਾਂ ਨੂੰ ਕਿਸੇ ਵੱਲੋਂ ਵੀ ਸਟੇਜ ‘ਤੇ ਬੋਲਣ ਦਾ ਸੱਦਾ ਨਹੀਂ ਦਿੱਤਾ ਗਿਆ ਤੇ ਸਮਾਗਮ ਖ਼ਤਮ ਹੋਣ ਮਗਰੋਂ ਦੋਵੇਂ ਆਗੂ ਬਿਨਾਂ ਕਿਸੇ ਨਾਲ ਗੱਲ ਕੀਤਿਆਂ ਉਥੋਂ ਚਲੇ ਗਏ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …