21 ਫਰਵਰੀ ਤੱਕ ਦਿੱਤਾ ਅਲਟੀਮੇਟਮ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਹੁਣ ਸਰਕਾਰੀ ਅਤੇ ਨਿੱਜੀ ਇਮਾਰਤਾਂ ’ਤੇ ਲਗਾਏ ਜਾਣ ਵਾਲੇ ਸਾਰੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਗਾਏ ਜਾਣਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇਨ੍ਹਾਂ ਆਦੇਸ਼ਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਲਈ ਕਿਹਾ ਹੈ। ਇਸਦੇ ਨਾਲ ਹੀ 21 ਫਰਵਰੀ ਤੱਕ ਆਖਰੀ ਅਲਟੀਮੇਟਮ ਵੀ ਦੇ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਜੇਕਰ ਨਿਰਧਾਰਤ ਸਮਾਂ ਸੀਮਾ ਵਿਚ ਪੰਜਾਬੀ ਭਾਸ਼ਾ ’ਚ ਸਾਈਨ ਬੋਰਡ ਨਾ ਲਗਾਏ ਗਏ ਤਾਂ ਸਰਕਾਰ ਵਲੋਂ ਜੁਰਮਾਨਾ ਲਗਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪੰਜਾਬ ਵਿਚ ਮੰਡੀ ਬੋਰਡ, ਨਿਗਮ, ਕਾਰਪੋਰੇਸ਼ਨ, ਕਾੳੂਂਸਿਲ, ਸਰਕਾਰੀ ਦਫਤਰ, ਪੁਲਿਸ ਥਾਣੇ, ਤਹਿਸੀਲ ਅਤੇ ਹੋਰ ਸਾਰੇ ਤਰ੍ਹਾਂ ਦੀਆਂ ਸਰਕਾਰੀ ਇਮਾਰਤਾਂ ’ਤੇ ਪੰਜਾਬੀ ਭਾਸ਼ਾ ਵਿਚ ਲਿਖੇ ਸਾਈਨ ਬੋਰਡ ਵੀ ਲਗਾਏ ਜਾਣ ਲਈ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਆਦੇਸ਼ਾਂ ਨੂੰ ਪੰਜਾਬ ਦੀਆਂ ਨਿੱਜੀ ਇਮਾਰਤਾਂ ਅਤੇ ਨਿੱਜੀ ਦਫਤਰਾਂ ਲਈ ਵੀ ਜ਼ਰੂਰੀ ਕੀਤਾ ਗਿਆ ਹੈ। ਭਗਵੰਤ ਮਾਨ ਸਰਕਾਰ ਦੇ ਅਨੁਸਾਰ ਪੰਜਾਬ ਵਿਚ ਸੂਬੇ ਦੀ ਮਾਂ ਬੋਲੀ ਨੂੰ ਤਰਜੀਹ ਦੇਣ ਦੇ ਮਕਸਦ ਨਾਲ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨ ਲਈ ਕਾਫੀ ਸਮਾਂ ਦਿੱਤਾ ਜਾ ਚੁੱਕਾ ਹੈ ਅਤੇ ਇਸ ਵਾਰ 21 ਫਰਵਰੀ ਤੱਕ ਆਖਰੀ ਅਲਟੀਮੇਟਮ ਦਿੱਤਾ ਗਿਆ ਹੈ।