ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ ਅਨਿਲ ਦੇਸ਼ਮੁੱਖ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਬੰਬੇ ਹਾਈਕੋਰਟ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਅਨਿਲ ਦੇਸ਼ਮੁਖ ਨੂੰ ਭਿ੍ਰਸ਼ਟਾਚਾਰ ਦੇ ਇਕ ਮਾਮਲੇ ਵਿੱਚ ਅੱਜ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ। ਇਸ ਕੇਸ ਦੀ ਜਾਂਚ ਸੀਬੀਆਈ ਕਰ ਰਹੀ ਹੈ। ਫਿਲਹਾਲ ਦੇਸ਼ਮੁਖ ਜੇਲ੍ਹ ਵਿੱਚੋਂ ਬਾਹਰ ਨਹੀਂ ਨਿਕਲ ਸਕਣਗੇ ਕਿਉਂਕਿ ਸੀਬੀਆਈ ਨੇ ਹਾਈਕੋਰਟ ਦੇ ਇਨ੍ਹਾਂ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਦਸ ਦਿਨਾਂ ਦਾ ਸਮਾਂ ਮੰਗਿਆ ਹੈ। ਦੇਸ਼ਮੁਖ ਮੌਜੂਦਾ ਸਮੇਂ ਨਿਆਂਇਕ ਹਿਰਾਸਤ ਤਹਿਤ ਆਰਥਰ ਰੋਡ ਜੇਲ੍ਹ ਵਿੱਚ ਬੰਦ ਹਨ। ਇਸਦੇ ਚੱਲਦਿਆਂ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਉਮੀਦ ਇਕ ਵਾਰ ਫਿਰ ਤੋਂ ਟੁੱਟ ਗਈ ਹੈ। ਇਸ ਵਾਰ ਜ਼ਮਾਨਤ ਵੀ ਮਿਲ ਗਈ ਸੀ, ਪਰ ਸੀਬੀਆਈ ਦੀ ਆਖਰੀ ਦਲੀਲ ਨੇ 10 ਮਿੰਟ ਦੇ ਅੰਦਰ ਹੀ ਖੇਲ ਪਲਟ ਕੇ ਰੱਖ ਦਿੱਤਾ। ਦੱਸਣਯੋਗ ਹੈ ਕਿ ਅਨਿਲ ਦੇਸ਼ਮੁੱਖ ਦੋ ਜਾਂਚਾਂ ਵਿਚ ਉਲਝੇ ਹੋਏ ਹਨ। ਇਕ ਜਾਂਚ ਭਿ੍ਰਸ਼ਟਾਚਾਰ ਅਤੇ ਦੂਜੀ ਜਾਂਚ ਮਨੀ ਲਾਂਡਰਿੰਗ ਦੇ ਮਾਮਲੇ ਨਾਲ ਸਬੰਧਤ ਹੈ। ਹਾਲਾਂਕਿ ਦੇਸ਼ਮੁੱਖ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਬੰਬੇ ਹਾਈਕੋਰਟ ਨੇ ਲੰਘੀ 4 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਸੀ। ਪਰ ਸੀਬੀਆਈ ਵਾਲੇ ਮਾਮਲੇ ਵਿਚ, ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸੇ ਨੂੰ ਹੀ ਦੇਸ਼ਮੁੱਖ ਨੇ ਉਚ ਅਦਾਲਤ ’ਚ ਚੁਣੌਤੀ ਦਿੱਤੀ ਸੀ।