2 ਪਾਇਲਟਾਂ ਸਮੇਤ 7 ਸ਼ਰਧਾਲੂਆਂ ਦੀ ਹੋਈ ਮੌਤ
ਦੇਹਰਾਦੂਨ/ਬਿਊਰੋ ਨਿਊਜ਼ : ਉਤਰਾਖੰਡ ਦੇ ਫਾਟਾ ਤੋਂ ਕੇਦਾਰਨਾਥ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਦੌਰਾਨ ਦੌਰਾਨ 2 ਪਾਇਲਟਾਂ ਸਮੇਤ 7 ਸ਼ਰਧਾਲੂਆਂ ਦੀ ਮੌਤ ਹੋ ਗਈ। ਇਹ ਹਾਦਸਾ ਕੇਦਾਰਨਾਥ ਤੋਂ 2 ਕਿਲੋਮੀਟਰ ਦੂਰ ਗਰੁੜਚੱਟੀ ’ਚ ਸੰਘਣੀ ਧੁੰਦ ਹੋਣ ਕਾਰਨ ਵਾਪਰਿਆ। ਹਾਦਸੇ ਮੌਕੇ ਉਥੇ ਮੌਜੂਦ ਕੁੱਝ ਲੋਕਾਂ ਨੇ ਦੱਸਿਆ ਕਿ ਅੱਜ ਇਥੇ ਮੌਸਮ ਬਹੁਤ ਖਰਾਬ ਅਤੇ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ, ਜਿਸ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਨਿੱਜੀ ਕੰਪਨੀ ਦਾ ਆਰਅਨ ਹੈਲੀ ਸੀ। ਇਹ ਉਤਰਕਾਸ਼ੀ ਦੀ ਕੰਪਨੀ ਹੈ ਅਤੇ ਕੇਦਾਰਨਾਥ ’ਚ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਨੂੰ ਟੂਰ ਪੈਕੇਜ ਦਿੰਦੀ ਹੈ। ਉਧਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਇਸ ਹੈਲੀਕਾਪਟਰ ਹਾਦਸੇ ਨੂੰ ਬੇਹੱਦ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਰਾਜ ਸਰਕਾਰ ਦੇ ਸੰਪਰਕ ਵਿਚ ਹਾਂ ਅਤੇ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ। ਉਨ੍ਹਾਂ ਇਸ ਹਾਦਸੇ ਦੌਰਾਨ ਮਾਰੇ ਵਿਅਕਤੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।