ਪੰਜਾਬ ਸਣੇ 5 ਰਾਜਾਂ ’ਚ 40 ਥਾਵਾਂ ’ਤੇ ਕੀਤੀ ਗਈ ਛਾਪੇਮਾਰੀ
ਮੁਹਾਲੀ/ਬਿਊਰੋ ਨਿਊਜ਼ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਅੱਜ ਪੰਜਾਬ ਸਮੇਤ ਪੰਜ ਰਾਜਾਂ ’ਚ 40 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਦਿੱਲੀ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਪੰਜਾਬ ਵਿਚ ਰੇਡ ਕੀਤੀ। ਇਹ ਛਾਪੇਮਾਰੀ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਉਭਰ ਰਹੇ ਗੱਠਜੋੜ ਨੂੰ ਖਤਮ ਕਰਨ ਲਈ ਕੀਤੀ ਗਈ ਹੈ। ਐੱਨਆਈਏ ਨੇ ਉਨ੍ਹਾਂ ਵਕੀਲਾਂ ਦੇ ਘਰਾਂ ਵਿੱਚ ਵੀ ਦਸਤਕ ਦਿੱਤੀ, ਜਿਹੜੇ ਵਕੀਲ ਗੈਂਗਸਟਰਾਂ ਦੇ ਕੇਸ ਲੜ ਰਹੇ ਹਨ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਗਾ ਜੰਡੀਆ ’ਚ ਵੀ ਐਨ ਆਈ ੲੋ ਵੱਲੋਂ ਛਾਪੇਮਾਰੀ ਕੀਤੀ ਗਈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ’ਚ ਲਾਰੈਂਸ ਬਿਸ਼ਨੋਈ, ਨੀਰਜ ਬਵਾਨਾ ਸਮੇਤ ਕਈ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲਿਆਂ ’ਤੇ ਇਹ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਜਾਂਚ ਏਜੰਸੀ ਨੇ ਡਰੋਨ ਮਾਮਲੇ ’ਚ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਸਮੇਤ ਕਈ ਥਾਵਾਂ ’ਤੇ ਤਲਾਸ਼ੀ ਲਈ ਸੀ। ਐੱਨਆਈਏ ਮੁਤਾਬਕ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗਿ੍ਰਫ਼ਤਾਰੀ ਨਹੀਂ ਕੀਤੀ ਗਈ। ਪਿਛਲੇ ਨੌਂ ਮਹੀਨਿਆਂ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਤੋਂ 191 ਡਰੋਨ ਭਾਰਤ ਆਏ ਹਨ ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ।