ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਲ 2020 ਵਿੱਚ ਕਰੋਨਾ ਕਾਲ ਵੇਲੇ ਬੰਦ ਹੋਈ ਮਲੇਸ਼ੀਆ ਦੀ ਹਵਾਈ ਕੰਪਨੀ ਏਅਰ ਏਸ਼ੀਆ ਐਕਸ ਦੀ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਚਲਦੀ ਸਿੱਧੀ ਹਵਾਈ ਉਡਾਣ ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ। ਜਥੇਬੰਦੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰ ਏਸ਼ੀਆ ਐਕਸ ਹਵਾਈ ਕੰਪਨੀ ਆਪਣੀ ਉਡਾਣ ਹੁਣ ਮੁੜ ਹਫਤੇ ਵਿੱਚ ਚਾਰ ਦਿਨ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸ਼ੁਰੂ ਕਰੇਗੀ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਰਸਤੇ ਆਸਟਰੇਲੀਆ ਦੇ ਸ਼ਹਿਰ ਮੈਲਬਰਨ, ਸਿਡਨੀ, ਪਰਥ ਆਦਿ ਜਾਣ ਦੇ ਚਾਹਵਾਨ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ। ਇਹ ਉਡਾਣ ਸੋਮਵਾਰ ਅਤੇ ਐਤਵਾਰ ਵਾਲੇ ਦਿਨ ਕੁਆਲਾਲੰਪੁਰ ਤੋਂ ਸਵੇਰੇ ਚੱਲੇਗੀ ਜਦੋਂਕਿ ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਸ਼ਾਮ ਨੂੰ ਰਵਾਨਾ ਹੋਵੇਗੀ।