Breaking News
Home / ਪੰਜਾਬ / ਵਿਦੇਸ਼ ਜਾਣ ਦੀ ਚਾਹਤ ਨੇ ਪੰਜਾਬ ਦੇ ਕਾਲਜ ਕੀਤੇ ਖਾਲੀ

ਵਿਦੇਸ਼ ਜਾਣ ਦੀ ਚਾਹਤ ਨੇ ਪੰਜਾਬ ਦੇ ਕਾਲਜ ਕੀਤੇ ਖਾਲੀ

ਲੰਘੇ ਛੇ ਸਾਲਾਂ ‘ਚ ਕਾਲਜ ਵਿਚਾਲੇ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ 15-40 ਫੀਸਦ ਤੱਕ ਵਧੀ
ਜਲੰਧਰ/ਬਿਊਰੋ ਨਿਊਜ਼ : ਪੰਜਾਬ ‘ਚ ਇਕ ਪਾਸੇ ਜਿੱਥੇ ‘ਆਈਲਟਸ’ ਕੇਂਦਰਾਂ ਅੱਗੇ ਕਤਾਰਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ, ਉੱਥੇ ਦੂਜੇ ਪਾਸੇ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਫਰਕ ਤੇ ਵਿਦੇਸ਼ ਜਾਣ ਦੀ ਵਧਦੀ ਖ਼ਾਹਿਸ਼ ਨੇ ਕਈ ਕਾਲਜਾਂ ਨੂੰ ਲਗਪਗ ਖਾਲੀ ਹੀ ਕਰ ਦਿੱਤਾ ਹੈ।
ਕਾਲਜ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਕਾਲਜ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਪਿਛਲੇ 5-6 ਸਾਲਾਂ ਵਿਚ 15 ਤੋਂ 40 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ ਹੈ। ਮਾਸਟਰਜ਼ (ਐੱਮਏ) ਪੱਧਰ ਦੇ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਐਨੇ ਘੱਟ ਹਨ ਕਿ ਕਈ ਕਾਲਜਾਂ ਨੂੰ ਇਹ ਕਲਾਸਾਂ ਬੰਦ ਕਰਨੀਆਂ ਪਈਆਂ ਹਨ।
ਮਿਸਾਲ ਵਜੋਂ ਨਕੋਦਰ ਦਾ ਗੁਰੂ ਨਾਨਕ ਨੈਸ਼ਨਲ ਕਾਲਜ, ਜੋ ਕਿ 1969 ਤੋਂ ਚੱਲ ਰਿਹਾ ਹੈ, ‘ਚ ਵਿਦਿਆਰਥੀਆਂ ਦੀ ਗਿਣਤੀ ਇਸ ਵੇਲੇ ਕਰੀਬ 500 ਹੈ, ਜੋ ਕਿ ਕਿਸੇ ਵੇਲੇ 1500 ਤੋਂ ਵੱਧ ਹੁੰਦੀ ਸੀ। ਪਿਛਲੇ ਸਾਲ 250 ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਕੋਰਸਾਂ ਲਈ ਪਹਿਲੇ ਸਾਲ ਵਿਚ ਦਾਖਲਾ ਲਿਆ ਸੀ। ਜਦਕਿ ਦੂਜੇ ਸਾਲ ਵਿਚ ਇਹ ਗਿਣਤੀ 125 ਰਹਿ ਗਈ। ਕਾਲਜ ਦੇ ਪ੍ਰਿੰਸੀਪਲ ਪ੍ਰਬਲ ਜੋਸ਼ੀ ਨੇ ਕਿਹਾ ਕਿ ‘ਵਿਦਿਆਰਥੀ ਇਹ ਕਹਿ ਕੇ ਦਾਖਲਾ ਲੈਂਦੇ ਹਨ ਕਿ ਵੀਜ਼ਾ ਆਉਣ ‘ਤੇ ਉਹ ਕੋਰਸ ਛੱਡ ਦੇਣਗੇ।’ ਇਸੇ ਤਰ੍ਹਾਂ ਬੀਡੀ ਆਰੀਆ ਕਾਲਜ ‘ਚ ਵਿਦਿਆਰਥੀਆਂ ਦੀ ਗਿਣਤੀ ਵੀ 300 ਹੀ ਹੈ। ਕਾਲਜ ਪ੍ਰਸ਼ਾਸਨ ਨੇ ਦਾਖਲਾ ਨਾ ਹੋਣ ਕਰ ਕੇ ਮਾਸਟਰਜ਼ ਬੰਦ ਕਰ ਦਿੱਤੀ ਹੈ।
ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਪਰਮਿੰਦਰ ਕੌਰ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਹਾਲ ਹੀ ਵਿਚ ਕੇਂਦਰੀ ਸਿੱਖਿਆ ਮੰਤਰੀ ਨੂੰ ਮਿਲੇ ਸਨ। ਉਨ੍ਹਾਂ ਕਿਹਾ, ‘ਮੈਂ ਮੰਤਰੀ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦਾ ਇਨ੍ਹਾਂ ਕਾਲਜਾਂ ਵਿਚ ਰੁਕਣਾ ਤੇ ਪੜ੍ਹਨਾ ਯਕੀਨੀ ਬਣਾਉਣ ਲਈ ਕੁਝ ਨਾ ਕੁਝ ਕਰਨ ਦੀ ਲੋੜ ਹੈ।’
ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫਾਰ ਵਿਮੈੱਨ ਢੰਡੋਵਾਲ ਵਿਚ ਮਹਿਜ਼ 100 ਵਿਦਿਆਰਥੀ ਬਚੇ ਹਨ ਤੇ ਇਸ ਸਾਲ ਕਾਲਜ ਵਿਚ ਮਾਸਟਰਜ਼ ਕੋਰਸ ਬੰਦ ਕਰ ਦਿੱਤਾ ਗਿਆ ਹੈ।
ਸੰਨ 1970 ਤੋਂ ਨਕੋਦਰ ‘ਚ ਚੱਲ ਰਹੇ ਡੀਏਵੀ ਕਾਲਜ ‘ਚ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 450 ਰਹਿ ਗਈ ਹੈ। ਕਾਲਜ ਪ੍ਰਿੰਸੀਪਲ ਅਨੂਪ ਵਤਸ ਨੇ ਕਿਹਾ ਕਿ ਇਹ ਕਾਲਜ ਇਲਾਕੇ ਵਿਚ ਲੋਕਾਂ ਦੀ ਵੱਡੀ ਮੰਗ ਉਤੇ ਸਥਾਪਿਤ ਹੋਇਆ ਸੀ। ਕਿਸੇ ਵੇਲੇ ਇੱਥੇ ਮਹਿਤਪੁਰ, ਨੂਰਮਹਿਲ ਤੇ ਸ਼ਾਹਕੋਟ ਤੋਂ ਵਿਦਿਆਰਥੀ ਆਉਂਦੇ ਸਨ, ਪਰ ਹੁਣ ਵਿਦਿਆਰਥੀ ਬਸ ਉਡਾਰੀ ਮਾਰਨ ਲਈ ਤਿਆਰ ਰਹਿੰਦੇ ਹਨ, ਜਦ ਵੀ ਮੌਕਾ ਮਿਲਦਾ ਹੈ, ਉਹ ਬਸ ਚਲੇ ਜਾਂਦੇ ਹਨ। ਕਾਲਜ ਪ੍ਰਿੰਸੀਪਲਾਂ ਨੇ ਕਿਹਾ ਕਿ ਸਰਕਾਰ ਨੂੰ ਇਸ ‘ਬਰੇਨ ਡਰੇਨ’ ਨੂੰ ਰੋਕਣ ਲਈ ਕੁਝ ਕਦਮ ਚੁੱਕਣੇ ਚਾਹੀਦੇ ਹਨ ਤੇ ਪੰਜਾਬ ਵਿਚ ਉੱਚ ਸਿੱਖਿਆ ਨੂੰ ਬਚਾਉਣਾ ਚਾਹੀਦਾ ਹੈ।
ਸਾਲ ਦਾ ਡਿਪਲੋਮਾ ਕੋਰਸ ਲੈ, ਵੀਜ਼ਾ ਮਿਲਦੇ ਹੀ ਵਿਦਿਆਰਥੀ ਮਾਰ ਜਾਂਦੇ ਨੇ ਉਡਾਰੀ
ਡੀਏਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਹੁਣ ਡਿਗਰੀ ਕੋਰਸਾਂ ਦੀ ਬਜਾਏ ਇਕ ਸਾਲ ਦੇ ਡਿਪਲੋਮਾ ਕੋਰਸਾਂ ਨੂੰ ਹੀ ਪਹਿਲ ਦੇ ਰਹੇ ਹਨ। ਉਨ੍ਹਾਂ ਕਿਹਾ, ‘ਉਹ ਆਪਣੇ ਵੀਜ਼ੇ ਦੀ ਉਡੀਕ ਕਰਦੇ ਹਨ ਤੇ ਜਦ ਵੀ ਲੱਗਦਾ ਹੈ, ਚਲੇ ਜਾਂਦੇ ਹਨ। ਇਕ ਸਾਲ ਦੇ ਡਿਪਲੋਮੇ ਵਿਚ ਉਹ ਇਸ ਲਈ ਦਾਖਲਾ ਲੈਂਦੇ ਹਨ ਤਾਂ ਜੋ ਪੜ੍ਹਾਈ ਦੀ ਲਗਾਤਾਰਤਾ ਨੂੰ ਕਾਇਮ ਰੱਖਿਆ ਦਰਸਾ ਸਕਣ।’ ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦ ਮਾਸਟਰਜ਼ ਵਿਚ ਦਾਖਲੇ ਲਈ ਪ੍ਰੀਖਿਆ ਹੁੰਦੀ ਸੀ ਜਦਕਿ ਹੁਣ ਇਹ ਸੀਟਾਂ ਜ਼ਿਆਦਾ ਖਾਲੀ ਰਹਿੰਦੀਆਂ ਹਨ। ਜੀਐੱਨਡੀਯੂ ਕਾਲਜ ਨਕੋਦਰ ਤੋਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਜਸਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਨੌਜਵਾਨਾਂ ਦਾ ਸਰਕਾਰੀ ਤੰਤਰ ਵਿਚ ਯਕੀਨ ਖ਼ਤਮ ਹੋ ਗਿਆ ਹੈ, ਜੇਕਰ ਉਨ੍ਹਾਂ ਨੂੰ ਇੱਥੇ ਕੋਈ ਪੇਸ਼ਾ ਨਜ਼ਰ ਨਹੀਂ ਆਉਂਦਾ ਤਾਂ ਉਹ ਯਕੀਨੀ ਤੌਰ ਉਤੇ ਵਿਦੇਸ਼ਾਂ ਦਾ ਰੁਖ਼ ਕਰਦੇ ਹਨ।

 

 

 

Check Also

ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਫੈਸਲੇ ਮਗਰੋਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ

ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ ਚੰਡੀਗੜ੍ਹ/ਬਿਊਰੋ …