ਕਿਹਾ : ਪੁਲਿਸ ਦੇ ਯਤਨਾਂ ਨਾਲ ਮਾਮਲੇ ਨੂੰ ਕੀਤਾ ਗਿਆ ਟਰੇਸ
ਪੰਜ ਆਰੋਪੀਆਂ ਦੀ ਕੀਤੀ ਗਈ ਹੈ ਗਿ੍ਰਫਤਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਮੁਹਾਲੀ ’ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਪਿਛਲੇ ਦਿਨੀਂ ਹੋਏ ਧਮਾਕੇ ਦੇ ਮਾਮਲੇ ’ਚ ਡੀਜੀਪੀ ਵੀ.ਕੇ. ਭਾਵਰਾ ਵਲੋਂ ਚੰਡੀਗੜ੍ਹ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਵੀ.ਕੇ. ਭਾਵਰਾ ਨੇ ਦੱਸਿਆ ਕਿ ਪੁਲਿਸ ਦੇ ਯਤਨਾਂ ਨਾਲ ਮਾਮਲਾ ਟਰੇਸ ਕਰ ਲਿਆ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 5 ਆਰੋਪੀ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ, ਹਾਲਾਂਕਿ ਰਾਕੇਟ ਦਾਗਣ ਵਾਲੇ 3 ਹਮਲਾਵਰ ਅਜੇ ਪਕੜ ਤੋਂ ਬਾਹਰ ਹਨ। ਗਿ੍ਰਫਤਾਰ ਆਰੋਪੀਆਂ ਵਿਚ ਤਰਨਤਾਰਨ ਦਾ ਕੰਵਰ ਬਾਠ, ਬਲਜੀਤ ਕੌਰ, ਬਲਜਿੰਦਰ ਰੈਂਬੋ, ਅਨੰਤਦੀਪ ਸੋਨੂੰ ਅਤੇ ਜਗਦੀਪ ਕੰਗ ਸ਼ਾਮਲ ਹੈ। ਡੀਜੀਪੀ ਨੇ ਦੱਸਿਆ ਛੇਵਾਂ ਆਰੋਪੀ ਨਿਸ਼ਾਨ ਸਿੰਘ ਹੈ, ਜਿਸ ਨੂੰ ਫਰੀਦਕੋਟ ਪੁਲਿਸ ਨੇ ਦੂਜੇ ਕੇਸ ਵਿਚ ਗਿ੍ਰਫਤਾਰ ਕੀਤਾ ਹੈ ਅਤੇ ਉਸ ਨੂੰ ਵੀ ਇਸ ਮਾਮਲੇ ਵਿਚ ਗਿ੍ਰਫਤਾਰ ਕੀਤਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ’ਚ ਮੁੱਖ ਸਾਜ਼ਿਸ਼ਕਰਤਾ ਤਰਨਤਾਰਨ ਵਾਸੀ ਲਖਬੀਰ ਸਿੰਘ ਲਾਡਾ ਸੀ।

