ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਭਰ ਤੋਂ ਦਿੱਲੀ ‘ਚ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੇ ਮੰਗ ਕੀਤੀ ਕਿ ਇਕ ਵਾਰ ਕਿਸਾਨਾਂ ਦੇ ਪੂਰੇ ਕਰਜ਼ੇ ‘ਤੇ ਲੀਕ ਫੇਰੀ ਜਾਵੇ ਅਤੇ ਜਿਣਸਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ। ‘ਕਿਸਾਨ ਮੁਕਤੀ ਸੰਸਦ’ ਵਿੱਚ ਕਰਜ਼ਾ ਮੁਆਫ਼ੀ ਅਤੇ ਜਿਣਸਾਂ ਦੇ ਲਾਹੇਵੰਦ ਭਾਅ ਬਾਰੇ ਦੋ ‘ਬਿੱਲ’ ਪਾਸ ਕੀਤੇ ਗਏ। ਇਹ ਇਕੱਤਰਤਾ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ, ਜਿਸ ਵਿਚ ਮੁਲਕ ਭਰ ਦੀਆਂ 180 ਕਿਸਾਨ ਜਥੇਬੰਦੀਆਂ ਸ਼ਾਮਲ ਹਨ, ਦੇ ਬੈਨਰ ਹੇਠ ਕੀਤੀ ਗਈ ਸੀ। ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਮੁਤਾਬਕ ਉਨ੍ਹਾਂ ਵੱਲੋਂ ਪਾਸ ਕੀਤੇ ਗਏ ਇਹ ‘ਬਿੱਲ’ ਸੰਸਦ ਵਿਚ ਪ੍ਰਾਈਵੇਟ ਮੈਂਬਰ ਦੇ ਬਿੱਲ ਵਜੋਂ ਸਵੈਭਿਮਾਨੀ ਪਕਸ਼ਾ ਦੇ ਲੋਕ ਸਭਾ ਮੈਂਬਰ ਰਾਜੂ ਸ਼ੈਟੀ ਅਤੇ ਸੀਪੀਆਈ (ਐਮ) ਦੇ ਰਾਜ ਸਭਾ ਮੈਂਬਰ ਕੇਕੇ ਰਾਗੇਸ਼ ਵੱਲੋਂ ਪੇਸ਼ ਕੀਤੇ ਜਾਣਗੇ। ਆਲ ਇੰਡੀਆ ਕਿਸਾਨ ਸਭਾ ਦੇ ਆਗੂ ਅਸ਼ੋਕ ਧਾਵਲੇ ਨੇ ਕਿਹਾ, ‘ਸੰਸਦ ਵਿੱਚ ਇਨ੍ਹਾਂ ਪ੍ਰਾਈਵੇਟ ਬਿੱਲਾਂ ਦਾ ਪਾਸ ਹੋਣਾ ਯਕੀਨੀ ਬਣਾਉਣ ਲਈ ਅਸੀਂ ਹੋਰ ਰਾਜਸੀ ਪਾਰਟੀਆਂ ਤੋਂ ਵੀ ਸਮਰਥਨ ਮੰਗਾਂਗੇ।’ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਮੁਤਾਬਕ, ‘ਫ਼ਸਲਾਂ ‘ਤੇ ਲਾਗਤ ਖ਼ਰਚ ਵਧਣ (ਜਿਵੇਂ ਤੇਲ, ਕੀਟਨਾਸ਼ਕਾਂ, ਖਾਦਾਂ ਤੇ ਇਥੋਂ ਤੱਕ ਕੇ ਪਾਣੀ) ਅਤੇ ਸਰਕਾਰ ਵੱਲੋਂ ਸਬਸਿਡੀਆਂ ਵਿੱਚ ਕਟੌਤੀ ਕੀਤੇ ਜਾਣੇ ਕਾਰਨ ਕਿਸਾਨਾਂ ਦੀ ਆਮਦਨ ਅਤੇ ਖਰਚ ਵਿੱਚ ਵੱਡਾ ‘ਪਾੜਾ’ ਪੈ ਗਿਆ ਹੈ।’ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਭਾਜਪਾ ਨੇ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਤੋਂ ਸਿਵਾਏ ਕਿਸਾਨਾਂ ਲਈ ਕੁੱਝ ਨਹੀਂ ਕੀਤਾ। ਸੀਪੀਆਈ ਆਗੂ ਅਤੁਲ ਅਣਜਾਣ ਨੇ ਕਿਹਾ, ‘ਪ੍ਰਧਾਨ ਮੰਤਰੀ ਪਹਿਲਾਂ ਕਹਿੰਦੇ ਸਨ ਕਿ ਕੋਈ ਵੀ ਸੂਬਾਈ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਬੋਨਸ ਨਹੀਂ ਦੇਵੇਗੀ ਅਤੇ ਹੁਣ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਕਪਾਹ ਦੇ ਭਾਅ ਘੱਟ ਹਨ ਤਾਂ ਗੁਜਰਾਤ ਸਰਕਾਰ ਨੇ ਪ੍ਰਤੀ ਗੱਠ 500 ਰੁਪਏ ਬੋਨਸ ਦੇਣ ਦਾ ਐਲਾਨ ਕਰ ਦਿੱਤਾ ਹੈ। ਪਰ ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ ਜਾਂ ਕਰਨਾਟਕ ਦੇ ਕਿਸਾਨਾਂ ਨੇ ਸਰਕਾਰ ਦਾ ਕੀ ਵਿਗਾੜਿਆ ਹੈ? ਇਹ ਸਪੱਸ਼ਟ ਤੌਰ ‘ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਲੁਭਾਇਆ ਅਤੇ ਹਾਲਾਤ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ, ਜੋ ਕਿਸਾਨਾਂ ਦੇ ਹਿੱਤ ਵਿਚ ਨਹੀਂ ਹੈ।’ ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਬਜਾਏ ਪੰਜ ਏਕੜ ਤੋਂ ਹੇਠਾਂ ਵਾਲੇ ਕਿਸਾਨਾਂ ਦੇ ਸਿਰਫ਼ ਦੋ ਲੱਖ ਰੁਪਏ ਮੁਆਫ਼ ਕਰਨ ਦਾ ਅਖ਼ਬਾਰੀ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਾਹੂਕਾਰਾ ਕਰਜ਼ੇ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ, ਜੋ 90 ਫ਼ੀਸਦ ઠਹੈ। ਕਰਜ਼ੇ ਕਾਰਨ ਪੰਜਾਬ ਦੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਮੌਕੇ ਡਾ. ਦਰਸ਼ਨ ਪਾਲ, ਪ੍ਰੇਮ ਸਿੰਘ ਗਹਿਲਾਵਤ ਤੇ ਭੁਪਿੰਦਰ ਸਾਂਬਰ ਆਦਿ ਬੁਲਾਰਿਆਂ ਨੇ ਜ਼ੋਰਦਾਰ ਢੰਗ ਨਾਲ ਕਿਸਾਨਾਂ ਦੀਆਂ ਮੰਗਾਂ ਰੱਖੀਆਂ।
ਕਿਸਾਨੀ ਮੁੱਦਿਆਂ ਦੇ ਸੰਘਰਸ਼ ਦੀ ਰਣਭੂਮੀ ਬਣਨਗੇ ਪਿੰਡ
ਨਵੀਂ ਦਿੱਲੀ : ਕਿਸਾਨ ਸੰਘਰਸ਼ ਹੁਣ ਪਿੰਡਾਂ ਵੱਲ ਦਾ ਮੋੜਾ ਕੱਟ ਚੁੱਕਿਆ ਹੈ। ਕਿਸਾਨ ਜਥੇਬੰਦੀਆਂ ਨੇ ਤਹਿ ਕੀਤਾ ਹੈ ਕਿ ਉਹ ਆਪਣੇ ਸੰਘਰਸ਼ ਦੀ ਰਣਭੂਮੀ ਪਿੰਡਾਂ ਨੂੰ ਬਣਾਉਣਗੇ। ਦੋ ਸੌ ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਕਰਜ਼ਿਆਂ ‘ਤੇ ਲੀਕ, ਕਿਸਾਨ ਖ਼ੁਦਕੁਸ਼ੀਆਂ, ਫ਼ਸਲਾਂ ਦੇ ਭਾਅ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਵਿੱਢੀ ਲੜਾਈ ਨੂੰ ਹੁਣ ਪਿੰਡਾਂ ਵਿਚ ਲਿਜਾਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਇਥੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐਸਸੀਸੀ) ਵੱਲੋਂ ਵਿਉਂਤੀ ਦੋ ਰੋਜ਼ਾ ਕਿਸਾਨ ਮੁਕਤੀ ਸੰਸਦ ਦੀ ਆਖਰੀ ਦਿਨ ਕੀਤਾ ਗਿਆ। ਕਮੇਟੀ ਦੇ ਕਨਵੀਨਰ ਵੀ.ਐਮ.ਸਿੰਘ ਨੇ ਦੱਸਿਆ,’ਅਸੀਂ ਮੁਲਕ ਦੇ ਹਰ ਜ਼ਿਲ੍ਹੇ ਵਿੱਚ ਜਾ ਕੇ ਲੰਘੇ ਦਿਨ ਪਾਸ ਕੀਤੇ ਬਿਲਾਂ ਬਾਰੇ ਲੋਕਾਂ ਦੀਆਂ ਪ੍ਰਤਿਕਿਰਿਆਵਾਂ ਲਵਾਂਗੇ ਤੇ ਮੁਲਕ ਨੂੰ ਦੱਸਾਂਗੇ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖਿਆ। ਇਕ ਵਾਰ ਬਿੱਲ ਵਾਪਸ ਆਉਣ ‘ਤੇ ਵਰਕਿੰਗ ਗਰੁੱਪ ਇਸ ਦਾ ਨਿਰੀਖਣ ਕਰੇਗਾ ਜਿਸ ਮਗਰੋਂ ਇਸ ਨੂੰ ਲੋਕ ਸਭਾ ਤੇ ਰਾਜ ਸਭਾ ਵਿੱਚ ਪ੍ਰਾਈਵੇਟ ਮੈਂਬਰਜ਼ ਬਿੱਲ ਵਜੋਂ ਪੇਸ਼ ਕੀਤਾ ਜਾਵੇਗਾ।’
ਕਿਸਾਨ ਮੁਕਤੀ ਸੰਸਦ ਨੇ ਖੇਤੀ ਸੰਕਟ ਨਾਲ ਨਜਿੱਠਣ ਲਈ ਲੰਘੇ ਦਿਨ ਦੋ ‘ਬਿੱਲ’ ਪਾਸ ਕੀਤੇ ਸਨ। ਇਨ੍ਹਾਂ ਵਿਚੋਂ ઠਇਕ ਬਿੱਲ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਤੇ ਦੂਜਾ ਕਿਸਾਨਾਂ ਨੂੰ ਫ਼ਸਲਾਂ ਦਾ ਨਿਰਪੱਖ ਤੇ ਲਾਹੇਵੰਦਾ ਭਾਅ ਯਕੀਨੀ ਬਣਾਉਣ ਨਾਲ ਸਬੰਧਤ ਸੀ। ਇਨ੍ਹਾਂ ઠਬਿਲਾਂ ਨੂੰ ਸਵਾਭੀਮਾਨੀ ਸ਼ੇਤਕਾਰੀ ਸੰਗਠਨ ਦੇ ਆਗੂ ਰਾਜੂ ਸ਼ੈੱਟੀ ਵੱਲੋਂઠ ਸੰਸਦ ਵਿਚ ਪ੍ਰਾਈਵੇਟ ਮੈਂਬਰਜ਼ ਬਿੱਲ ਵਜੋਂ ਪੇਸ਼ ਕੀਤਾ ਜਾਵੇਗਾ। ਸ਼ੈੱਟੀ ਨੇ ਪਿੱਛੇ ਜਿਹੇ ਕਿਸਾਨ ਵਿਰੋਧੀ ਨੀਤੀਆਂ ਦੇ ਚੱਲਦਿਆਂ ਐਨਡੀਏ ਨੂੰ ਅਲਵਿਦਾ ਆਖ ਦਿੱਤੀ ਸੀ। ਰਾਜ ਸਭਾ ਵਿੱਚ ਇਹ ਬਿੱਲ ਸੀਪੀਆਈ (ਐਮ) ਮੈਂਬਰ ਕੇ.ਕੇ.ਰਾਗੇਸ਼ ਪੇਸ਼ ਕਰਨਗੇ। ਦੇਸ਼ ਭਰ ਵਿਚੋਂ ਆਏ ਹਜ਼ਾਰਾਂ ਕਿਸਾਨਾਂ ਨੇ ਕਿਸਾਨ ਕਮਿਸ਼ਨ ਦੇ ਗਠਨ ਦੇ ਨਾਲ ਨਾਲ ਖੇਤੀ ਉਤਪਾਦਾਂ ਲਈ ઠਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਯਕੀਨੀ ਘੱਟੋ ਘੱਟ ਮੁੱਲ (ਏਐਮਪੀ) ਵਿਚ ਤਬਦੀਲ ਕੀਤੇ ਜਾਣ ਦੀ ਵੀ ਮੰਗ ਕੀਤੀ। ਉਂਜ ਕਿਸਾਨ ਸੰਸਦ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂਆਂ ਵਿਚੋਂ ਵੱਡੀ ਗਿਣਤੀ ਨੇ ਮੋਦੀ ਸਰਕਾਰ ਤੇ ਉਸ ਦੀਆਂ ਖੇਤੀ ਨੀਤੀਆਂ ਦੀ ਨਿਖੇਧੀ ਕੀਤੀ।
ਅੱਜ ਵੀ ਕੁਝ ਨਹੀਂ ਹੋਇਆ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦੀ ਇੱਛਾ ਰੱਖਣ ਵਾਲੇ ਲੋਕ ਇਨ੍ਹੀਂ ਦਿਨੀਂ ਕਾਫ਼ੀ ਪ੍ਰੇਸ਼ਾਨ ਹਨ। ਸੱਤਾ ਬਦਲਣ ਦੇ ਨਾਲ ਕਾਫ਼ੀ ਕੁੱਝ ਚੰਗਾ ਹੋਣ ਦੀ ਉਮੀਦ ਕੁਝ ਪੁਰਾਣੇ ਬਿਊਰੋਕ੍ਰੇਟਸ ਨੂੰ ਵੀ ਸੀ ਪ੍ਰੰਤੂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਮੁੱਖ ਮੰਤਰੀ ਨਾਲ ਮੇਲ ਨਹੀਂ ਹੋ ਸਕਿਆ। ਉਨ੍ਹਾਂ ਦੇ ਆਸੇ-ਪਾਸੇ ਜਿਨ੍ਹਾਂ ਲੋਕਾਂ ਦਾ ਝੁੰਡ ਹੈ, ਉਹ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਹੀ ਨਹੀਂ ਦਿੰਦੇ। ਇਕ ਬਿਊਰੋਕ੍ਰੇਟਸ ਜੋ ਮੁੱਖ ਮੰਤਰੀ ਮਿਲਣ ਲਈ ਕਈ ਚੱਕਰ ਲਗਾ ਚੁੱਕਿਆ ਹੈ ਨੇ ਦੱਸਿਆ ਕਿ ਜਦੋਂ ਕੋਈ ਸੁਣਨ ਵਾਲਾ ਹੀ ਨਹੀਂ ਤਾਂ ਆਪਣੇ ਘਰ ਆ ਕੇ ਆਪਣੇ ਪਾਲਤੂ ਜਾਨਵਰ ਨਾਲ ਹੀ ਗੱਲ ਕਰ ਲੈਂਦਾ ਹਾਂ ਅਤੇ ਆਪਣਾ ਗੁੱਸਾ ਕੱਢ ਲੈਂਦਾ ਹਾਂ ਅਤੇ ਉਸ ਨੂੰ ਕਹਿ ਦਿੰਦਾ ਕਿ ਅੱਜ ਵੀ ਕੁਝ ਨਹੀਂ ਹੋਇਆ।
ਜਾਖੜ ਸਾਹਿਬ ਅਤੇ ਐਮ ਪੀ
ਸੁਨੀਲ ਜਾਖੜ ਜੋ ਪਹਿਲੀ ਵਾਰ ਪਾਰਲੀਮੈਂਟ ਪਹੁੰਚੇ ਹਨ ਅਤੇ ਉਨ੍ਹਾਂ ਦੇ ਕੋਲ ਕੇਵਲ ਸਵਾ ਸਾਲ ਦਾ ਹੀ ਸਮਾਂ ਹੈ। ਉਹ ਇਸ ਸਵਾ ਸਾਲ ‘ਚ ਸੰਸਦ ਅੰਦਰ ਅਜਿਹੀ ਛਾਪ ਛੱਡਣਾ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਯਾਦ ਰੱਖਣ। ਇਸ ਨੂੰ ਲੈ ਕੇ ਹੀ ਜਦੋਂ ਪਿਛਲੇ ਦਿਨੀਂ ਬ੍ਰਹਮ ਮਹਿੰਦਰਾ ਨੇ ਸੰਸਦ ਮੈਂਬਰਾਂ ਦੀ ਮੀਟਿੰਗ ਬੁਲਾਈ ਤਾਂ ਉਨ੍ਹਾਂ ਨੇ ਵਿਭਾਗੀ ਅਫ਼ਸਰਾਂ ਨਾਲ ਪੰਜਾਬ ਦੇ ਲਟਕੇ ਹੋਏ ਮੁੱਦਿਆਂ ‘ਤੇ ਗੱਲ ਕੀਤੀ ਅਤੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰੀ ਹਰ ਮਹਿਕਮੇ ਦੇ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਕਿ ਪੂਰੇ ਪੰਜਾਬ ਦੇ ਮੁੱਦੇ ਨੂੰ ਚੁੱਕਿਆ ਜਾ ਸਕੇ। ਇਸ ‘ਤੇ ਬ੍ਰਹਮ ਮਹਿੰਦਰਾ ਨੇ ਕਿਹ ਕਿ ਜਾਖੜ ਸਾਹਿਬ ਦੂਜੇ ਹਲਕਿਆਂ ਦੇ ਮਸਲੇ ਉਥੋਂ ਦੇ ਐਮ ਪੀ ਹੀ ਉਠਾਣਗੇ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਪੰਜਾਬ ਵਿਧਾਨ ਸਭਾ ‘ਚ ਇਕ ਚੰਗੇ ਬੁਲਾਰੇ ਦੀ ਛੱਡ ਗਏ ਹਨ।
ਸੰਧੂ ਨੂੰ ਭੇਜ ਦਿੰਦੇ ਮੰਗ ਪੱਤਰ ਲੈਣ ਲਈ
ਪਰਾਲੀ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਾਰ-ਵਾਰ ਕਹਿਣ ‘ਤੇ ਵੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਨਹੀਂ ਮਿਲੇ। ਇਸ ਦੇ ਬਾਵਜੂਦ ਕੇਜਰੀਵਾਲ ਚੰਡੀਗੜ੍ਹ ਆ ਪਹੁੰਚੇ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ। ਉਸੇ ਦਿਨ ਪਾਣੀਆਂ ਦੇ ਮੁੱਦਿਆਂ ‘ਤੇ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਨੇ ਸਕੱਤਰੇਤ ਦੇ ਸਾਹਮਣੇ ਬਿਨਾ ਦੱਸੇ ਧਰਨਾ ਦੇ ਦਿੱਤਾ। ਸੀਐਮਓ ਨੇ ਸੀਐਮ ਦੇ ਪੁਲੀਟੀਕਲ ਸਕੱਤਰ ਸੰਦੀਪ ਸੰਧੂ ਨੂੰ ਭੇਜਿਆ ਜੋ ਉਨ੍ਹਾਂ ਤੋਂ ਮੰਗ ਪੱਤਰ ਲੈਣ ਆਏ। ਜਦੋਂ ਕੇਜਰੀਵਾਲ ਨੂੰ ਨਾ ਮਿਲਣ ਬਾਰੇ ‘ਚ ਕਾਂਸਰਸ ਦੀ ਸੀਨੀਅਰ ਲੀਡਰਸ਼ਿਪ ਨੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਕਰਨਾ ਸੀ ਉਨ੍ਹਾਂ ਨੂੰ ਮਿਲ ਕੇ, ਜੇਕਰ ਉਨ੍ਹਾਂ ਨੇ ਮੰਗ ਪੱਤਰ ਹੀ ਦੇਣਾ ਸੀ ਤਾਂ ਕੈਪਟਨ ਸੰਧੂ ਨੂੰ ਭੇਜ ਦਿੰਦੇ ਮੰਗ ਪੱਤਰ ਲੈਣ ਲਈ।
ਮੇਰੀ ਬਿੱਲੀ ਮੈਨੂੰ ਹੀ ਮਿਆਊਂ
ਸਿਆਸਤਦਾਨ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਵੀ ਯਾਦ ‘ਚ ਜਿਊਂਦੇ ਹਨ ਕਿ ਲੋਕ ਉਨ੍ਹਾਂ ਦੀ ਪਹਿਲਾਂ ਤਰ੍ਹਾਂ ਹੀ ਇੱਜਤ ਕਰਨਗੇ ਪ੍ਰੰਤੂ ਹੁਣ ਅਜਿਹਾ ਨਹੀਂ ਹੁੰਦਾ। ਅਜਿਹਾ ਹੀ ਹੋਇਆ ਇਕ ਸਾਬਕਾ ਮੰਤਰੀ ਅਤੇ ਧਾਰਮਿਕ ਸੰਸਥਾ ਦੇ ਮੁਖੀ ਦੇ ਨਾਲ। ਵੈਸੇ ਤਾਂ ਸੰਸਥਾ ‘ਤੇ ਮੰਤਰੀ ਦੇ ਪਰਿਵਾਰ ਦਾ ਅਧਿਕਾਰ ਰਿਹਾ ਹੈ ਅਤੇ ਉਸੇ ਹੈਸੀਅਤ ਨਾਲ ਉਨ੍ਹਾਂ ਨੇ ਮੁਖੀ ਨੂੰ ਕੁਝ ਕੰਮ ਕਰਨ ਲਈ ਕਿਹਾ ਪ੍ਰੰਤੂ ਮੁਖੀਆ ਨੇ ਨਾ ਕਰ ਦਿੱਤੀ। ਨਾਰਾਜ਼ ਮੰਤਰੀ ਨੇ ਉਨ੍ਹਾਂ ਨੂੰ ਫੋਨ ਕੀਤਾ। ਮੁਖੀਆ ਜੀ ਨੇ ਲੰਬਾ ਸਲਾਮ ਠੋਕਿਆ, ਪ੍ਰੰਤੂ ਹੰਕਾਰੇ ਮੰਤਰੀ ਨੇ ਉਨ੍ਹਾਂ ਦੇ ਸਵਾਗਤੀ ਸ਼ਬਦਾਂ ਦਾ ਜਵਾਬ ਗਲਤ ਸ਼ਬਦਾਂ ‘ਚ ਦਿੱਤਾ। ਫਿਰ ਕੀ ਸੀ ਮੁਖੀਆ ਵੀ ਤੈਸ਼ ‘ਚ ਆ ਗਏ ਅਤੇ ਜਵਾਬ ਉਸੇ ਲਹਿਜੇ ‘ਚ ਦਿੱਤਾ। ਮੰਤਰੀ ਸਾਹਿਬ ਫੋਨ ਇਹ ਕਹਿ ਕੇ ਰੱਖ ਦਿੰਦੇ ਹਨ ਕਿ ਮੇਰੀ ਬਿੱਲ ਮੈਨੂੰ ਹੀ ਮਿਆਊਂ। ਫਿਰ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਕਾਰਕੁੰਨਾਂ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਫਿਰ ਮੁਖੀਆ ਦੀ ਮੁਖੀਆਗਿਰੀ ਦੀ ਟਰਮ ਜੋ ਕਿ ਖਤਮ ਹੋ ਚੁੱਕੀ ਹੈ, ਨੂੰ ਦੁਬਾਰਾ ਮਿਲਣ ‘ਤੇ ਸੰਕਟ ਆ ਖੜਿਆ।