
ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸੈਣੀ ਵੀ ਕਰੋਨਾ ਦੀ ਲਪੇਟ ‘ਚ
ਚੰਡੀਗੜ੍ਹ/ਬਿਊਰੋ ਨਿਊਜ਼
ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸੈਣੀ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਇਸੇ ਦੌਰਾਨ ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 53 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ 36 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ। ਪੰਜਾਬ ਵਿਚ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 15 ਹਜ਼ਾਰ ਦੇ ਕਰੀਬ ਹੈ ਅਤੇ 1460 ਤੋਂ ਜ਼ਿਆਦਾ ਮੌਤਾਂ ਵੀ ਹੋ ਚੁੱਕੀਆਂ ਹਨ। ਭਾਵੇਂ ਕੇਂਦਰ ਸਰਕਾਰ ਨੇ ਲਾਕ ਡਾਊਨ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ, ਪਰ ਕੈਪਟਨ ਅਮਰਿੰਦਰ ਸਰਕਾਰ ਅਜੇ ਤੱਕ ਅਜਿਹੀਆਂ ਰਿਆਇਤਾਂ ਦੇਣ ਨੂੰ ਤਿਆਰ ਨਹੀਂ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਹੁਣ ਕੇਂਦਰ ਸਰਕਾਰ ਨੂੰ ਚਿੱਠੀ ਲਿਖਣਗੇ। ਇਸੇ ਦੌਰਾਨ ਪਟਿਆਲਾ ਦੇ ਕਸਬਾ ਪਾਤੜਾਂ ਨੇੜਲੇ ਪਿੰਡ ਖਾਂਗ ਵਿੱਚ ਕਰੋਨਾ ਪਾਜ਼ੇਟਿਵ ਗਰਭਵਤੀ ਔਰਤ ਨੂੰ ਲੈਣ ਗਈ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਪਾਰਟੀ ਉਤੇ ਪਿੰਡ ਦੇ ਲੋਕਾਂ ਨੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ ਤੇ ਪੁਲਿਸ ਵਾਹਨ ਦੀ ਵੀ ਕਾਫੀ ਭੰਨਤੋੜ ਹੋਈ। ਪਾਤੜਾਂ ਪੁਲਿਸ ਨੇ ਮਗਰੋਂ ਵੱਡੀ ਕਾਰਵਾਈ ਕਰਦਿਆਂ ਦੋ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਧਿਆਨ ਰਹੇ ਕਿ ਕਰੋਨਾ ਨੂੰ ਲੈ ਕੇ ਲੋਕਾਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਤੋਂ ਭਰੋਸਾ ਉੋਠਣ ਲੱਗਾ ਹੈ। ਲੋਕਾਂ ਦੇ ਮਨਾਂ ਵਿਚ ਸ਼ੱਕ ਹੈ ਕਿ ਕਰੋਨਾ ਦੇ ਨਾਮ ਹੇਠ ਪੀੜਤਾਂ ਦੇ ਸਰੀਰ ਵਿਚੋਂ ਅੱਖਾਂ ਅਤੇ ਕਿਡਨੀਆਂ ਆਦਿ ਕੱਢੀਆਂ ਜਾ ਰਹੀਆਂ ਹਨ।