Breaking News
Home / ਪੰਜਾਬ / ਸੱਚੀ ਕਹਾਣੀ : ਸੈਂਕੜੇ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਮੀਰਾ ਨੂੰ ਪਹੁੰਚਾਇਆ ਘਰ

ਸੱਚੀ ਕਹਾਣੀ : ਸੈਂਕੜੇ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਮੀਰਾ ਨੂੰ ਪਹੁੰਚਾਇਆ ਘਰ

ਸੁੱਚਾ ਸਿੰਘ ਬਣਿਆ ‘ਬਜਰੰਗੀ ਭਾਈ ਜਾਨ’
ਜਗਰਾਉਂ/ਬਿਊਰੋ ਨਿਊਜ਼ : ਬਾਲੀਵੁੱਡ ਫਿਲਮ ‘ਬਜਰੰਗੀ ਬਾਈਜਾਨ’ ਨਾਲ ਮੇਲ ਖਾਂਦੀ ਹਕੀਕਤੀ ਕਹਾਣੀ ਵਾਂਗ ਸੁੱਚਾ ਸਿੰਘ ਨੇ ਸਾਲ ਭਰ ਦੀ ਜੱਦੋਜਹਿਦ ਅਤੇ ਸੈਂਕੜੇ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਮੀਰਾ ਨੂੰ ਉਸ ਦੇ ਪਤੀ ਨਾਲ ਮਿਲਾਇਆ। ਫਿਲਮ ਬਜਰੰਗੀ ਬਾਈਜਾਨ ‘ਚ ਬੱਚੀ ਮੁੰਨੀ ਗੂੰਗੀ ਸੀ ਜਿਸ ਕਾਰਨ ਸਲਮਾਨ ਖਾਨ ਨੂੰ ਮੁਸ਼ੱਕਤ ਅਤੇ ਜ਼ਿੰਦਗੀ ਖ਼ਤਰੇ ‘ਚ ਪਾਉਣੀ ਪਈ।
ਇਸ ਹਕੀਕਤੀ ਕਹਾਣੀ ‘ਚ ਮੀਰਾ ਦੀ ਬੋਲੀ ਦੀ ਸਮਝ ਨਾ ਆਉਣ ਕਾਰਨ ਸੁੱਚਾ ਸਿੰਘ ਸਾਲ ਭਰ ਉਲਝੇ ਰਹੇ। ਸਾਲ 2016 ਦੇ ਜੂਨ ਮਹੀਨੇ ‘ਚ ਰੇਲਵੇ ਸਟੇਸ਼ਨ ਦੇ ਬਾਹਰ ਮੋਟੇ-ਮੋਟੇ ਹੰਝੂ ਕੇਰਦੀ ਇਕ ਔਰਤ ਨੂੰ ਦੇਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਹਾਂ ਬਾਜਣ ਦੇ ਉਪ ਪ੍ਰਿੰਸੀਪਲ ਅਤੇ ਸਟੇਟ ਐਵਾਰਡੀ ਸੁੱਚਾ ਸਿੰਘ ਜੋ ਕਿ ਆਪਣੇ ਪੱਧਰ ‘ਤੇ ਹੀ ਬਾਬਾ ਨੰਦ ਸਿੰਘ ਜੀ ਸੇਵਾ ਆਸ਼ਰਮ ਚਲਾਉਂਦੇ ਹਨ, ਨੇ ਉਕਤ ਔਰਤ ਨੂੰ ਰੋਣ ਦਾ ਕਾਰਨ ਪੁੱਿਛਆ ਪਰ ਉਸ ਦੀ ਬੋਲੀ ਸਮਝ ਨਾ ਆਉਣ ਕਾਰਨ ਉਹ ਕੁਝ ਸਮਝਾ ਨਾ ਸਕੀ। ਕਿਸੇ ਤਰ੍ਹਾਂ ਇਸ਼ਾਰਿਆਂ ‘ਚ ਇਹ ਸਮਝ ਆਇਆ ਕਿ ਉਹ ਵਿਛੜ ਕੇ ਇਥੇ ਪਹੁੰਚ ਗਈ ਹੈ ਜਿਸ ‘ਤੇ ਸੁੱਚਾ ਸਿੰਘ ਉਸ ਔਰਤ ਨੂੰ ਆਪਣੇ ਨਾਲ ਆਸ਼ਰਮ ਲੈ ਗਏ। ਕੁਝ ਦਿਨ ਆਸ਼ਰਮ ਰਹਿਣ ਦੌਰਾਨ ਇਸ ਔਰਤ ਦਾ ਨਾਂ ਮੀਰਾ ਪਤਾ ਲੱਗਾ। ਮੀਰਾ ਆਸ਼ਰਮ ‘ਚ ਅਕਸਰ ਰੋਂਦੀ ਰਹਿੰਦੀ ਜਿਸ ਦੀ ਹਾਲਤ ਦੇਖ ਸੁੱਚਾ ਸਿੰਘ ਵੀ ਪ੍ਰੇਸ਼ਾਨ ਰਹਿਣ ਲੱਗੇ ਪਰ ਉਸ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਉਹ ਮੀਰਾ ਦਾ ਦਰਦ ਨਾ ਵੰਡਾ ਸਕੇ।
ਹਿਮਾਲਿਆ ਸਰ ਕਰ ਲੈਣਾ ਵਰਗਾ ਅਹਿਸਾਸ
ਖਿਦਰੀਪੁਰ ਪਹੁੰਚਣ ‘ਤੇ ਇਕ ਬਜ਼ੁਰਗ ਨੇ ਮੀਰਾ ਨੂੰ ਪਹਿਚਾਣਿਆ ਤਾਂ ਸੁੱਚਾ ਸਿੰਘ ਦੀ ਜਾਨ ‘ਚ ਜਾਨ ਆਈ। ਬਜ਼ੁਰਗ ਨੇ ਗੱਡੀ ਸੜਕ ‘ਤੇ ਖੜ੍ਹੀ ਕਰਨ ਲਈ ਕਿਹਾ ਤੇ ਸੁੱਚਾ ਸਿੰਘ ਮੀਰਾ ਨੂੰ ਲੈ ਕੇ ਬਜ਼ੁਰਗ ਦੇ ਪਿੱਛੇ ਚੱਲ ਪਏ। ਖੇਤਾਂ ਵਿਚ ਦੀ ਕਈ ਕਿਲੋਮੀਟਰ ਤੁਰ ਕੇ ਇਕ ਝੌਂਪੜੀ ‘ਚ ਪਹੁੰਚੇ ਤਾਂ ਮੀਰਾ ਦਾ ਪਤੀ ਬੈਠਾ ਸੀ। ਪਤੀ ਨੂੰ ਮਿਲ ਕੇ ਮੀਰਾ ਦੀ ਖ਼ੁਸ਼ੀ ਦਾ ਜ਼ਿਕਰ ਕਰਦਿਆਂ ਸੁੱਚਾ ਸਿੰਘ ਨੇ ਦੱਸਿਆ ਕਿ ਇਸ ਤੋਂ ਵੀ ਵੱਧ ਖ਼ੁਸ਼ੀ ਉਨ੍ਹਾਂ ਨੂੰ ਸੀ ਅਤੇ ਕੁਝ ਪਲ ਇੰਝ ਜਾਪਿਆ ਕਿ ਉਨ੍ਹਾਂ ਨੇ ਹਿਮਾਚਲ ਦੀ ਚੋਟੀ ਸਰ ਕਰ ਲਈ ਹੋਵੇ।
ਪੰਜਾਬੀ ਸਿੱਖਣ ਮਗਰੋਂ ਮੀਰਾ ਨੇ ਦੱਸਿਆ ਘਰ ਦਾ ਪਤਾ
ਮੀਰਾ ਦੀ ਭਾਸ਼ਾ ਚਾਹੇ ਕੋਈ ਸਮਝ ਨਾ ਸਕਿਆ ਪਰ ਸਾਲ ਦੇ ਵਿਛੋੜੇ ਨੇ ਅਤੇ ਸਮੇਂ ਦੇ ਦਰਦ ਨੇ ਮੀਰਾ ਨੂੰ ਪੰਜਾਬੀ ਬੋਲਣਾ ਤੇ ਸਮਝਣਾ ਸਿਖਾ ਦਿੱਤਾ। ਮੀਰਾ ਨੇ ਸੁੱਚਾ ਸਿੰਘ ਨੂੰ ਦੱਸਿਆ ਕਿ ਉਹ ਉਤਰਾਖੰਡ ਦੇ ਕੋਟਦੁਆਰ ‘ਚ ਉਸ ਦਾ ਪਤੀ ਰਹਿੰਦਾ ਹੈ। ਬੱਸ ਫਿਰ ਕੀ ਸੀ, ਸੁੱਚਾ ਸਿੰਘ ਨੇ ਅਗਲੇ ਹੀ ਦਿਨ ਮੀਰਾ ਨੂੰ ਆਪਣੀ ਕਾਰ ‘ਚ ਬਿਠਾਇਆ ਅਤੇ ਗੱਡੀ ਕੋਟਦੁਆਰ ਵੱਲ ਨੂੰ ਕਰ ਦਿੱਤੀ। ਸੈਂਕੜੇ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਸੁੱਚਾ ਸਿੰਘ ਕੋਟਦੁਆਰ ਦੇ ਪੁਲਿਸ ਸਟੇਸ਼ਨ ਪਹੁੰਚੇ ਅਤੇ ਪੁਲਿਸ ਨੇ ਮੀਰਾ ਦਾ ਪਤਾ ਲੱਭਣ ਲਈ ਕਿਹਾ। ਮੀਰਾ ਨਾਲ ਪੁਲਿਸ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਨਜੀਬਾਬਾਦ ਦੀ ਰਹਿਣ ਵਾਲੀ ਹੈ, ਜੋ ਇਥੋਂ ਕਾਫੀ ਦੂਰ ਹੈ। ਮੀਰਾ ਨੂੰ ਉਸ ਦੇ ਪਤੀ ਨਾਲ ਮਿਲਾਉਣ ਦੀ ਤਾਂਘ ‘ਚ ਸੁੱਚਾ ਸਿੰਘ ਹਨੇਰਾ ਹੋਣ ਦੇ ਬਾਵਜੂਦ ਨਜੀਬਾਬਾਦ ਨੂੰ ਤੁਰ ਪਏ। ਉਥੇ ਪਹੁੰਚੇ ਤਾਂ ਉਥੋਂ ਦੇ ਲੋਕਾਂ ਨੇ ਮੀਰਾ ਨਾਲ ਗੱਲਬਾਤ ਕੀਤੀ ਤਾਂ ਉਸ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਉਹ ਬੜਾਪੁਰ ਰਹਿੰਦੀ ਹੈ ਜੋ 100 ਕਿਲੋਮੀਟਰ ਦੀ ਦੂਰੀ ‘ਤੇ ਹੈ। ਬੜਾਪੁਰ ਪਹੁੰਚਣ ‘ਤੇ ਵੀ ਮੰਜ਼ਿਲ ਨਾ ਮਿਲੀ। ਉਥੋਂ ਦੇ ਲੋਕਾਂ ਨੇ ਖਿਦਰੀਪੁਰ ਜਾਣ ਲਈ ਕਿਹਾ।

 

 

Check Also

ਹਰਿਆਣਾ ‘ਚ ਲੌਕਡਾਊਨ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਧਰਨਿਆਂ ‘ਚ ਕਿਸਾਨ ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਕਰ ਰਹੇ ਹਨ ਸ਼ਿਰਕਤ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨਾਂ …