Breaking News
Home / ਕੈਨੇਡਾ / ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ਕੀਤਾ ਆਪਣਾ ਨਵੰਬਰ ਸਮਾਗ਼ਮ ਮਹਾਨ ਪੰਜਾਬੀ-ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੇ ਨਾਮ ਬਰੈਂਪਟਨ/ਡਾ. ਝੰਡ

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਨੇ ਕੀਤਾ ਆਪਣਾ ਨਵੰਬਰ ਸਮਾਗ਼ਮ ਮਹਾਨ ਪੰਜਾਬੀ-ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੇ ਨਾਮ ਬਰੈਂਪਟਨ/ਡਾ. ਝੰਡ

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਲੰਘੇ ਐਤਵਾਰ 19 ਨਵੰਬਰ ਨੂੰ 2250 ਬੋਵੇਰਡ ਡਰਾਈਵ ਸਥਿਤ ‘ਹੋਮ ਲਾਈਫ਼ ਰਿਅਲਟੀ’ ਦਫ਼ਤਰ ਦੇ ਬੇਸਮੈਂਟ ਹਾਲ ਵਿਚ ਕਰਵਾਇਆ ਗਿਆ ਮਾਸਿਕ-ਸਮਾਗ਼ਮ ਉੱਘੀ ਪੰਜਾਬੀ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਸਰਗ਼ਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਨੇ ਅੰਮ੍ਰਿਤਾ ਨਾਲ ਕਈ ਸਾਲ ਪਹਿਲਾਂ ਕੀਤੀ ਗਈ ਇੰਟਰਵਿਊ ਦੇ ਆਧਾਰਿਤ ਉਨ੍ਹਾਂ ਨਾਲ ਸਾਂਝੇ ਕੀਤੇ ਗਏ ਪਲਾਂ ਨੂੰ ਯਾਦ ਕਰਦਿਆਂ ਹੋਇਆਂ ਤਿਆਰ ਕੀਤਾ ਆਪਣਾ ਪੇਪਰ ਪੜ੍ਹਿਆ ਅਤੇ ਇਸ ਵਿਚਾਰ-ਚਰਚਾ ਨੂੰ ਗੁਰਦੇਵ ਚੌਹਾਨ, ਬਰਜਿੰਦਰ ਗੁਲਾਟੀ ਤੇ ਹੋਰ ਬੁਲਾਰਿਆਂ ਨੇ ਅੱਗੇ ਵਧਾਇਆ। ਪ੍ਰਧਾਨਗੀ-ਮੰਡਲ ਵਿਚ ਬਲਰਾਜ ਚੀਮਾ, ਗੁਰਦੇਵ ਚੌਹਾਨ, ਮਹਿੰਦਰ ਸਿੰਘ ਵਾਲੀਆ ਅਤੇ ਸ੍ਰੀਮਤੀ ਜਸਵਿੰਦਰ ਕੌਰ ਸੰਘਾ ਸ਼ਾਮਲ ਸਨ।
1919 ਵਿਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਦੇ ਜੀਵਨ-ਕਾਲ ਤੇ ਸਾਹਿਤਕ-ਕਿਰਤਾਂ ਨੂੰ ਡਾ. ਸੰਘਾ ਨੇ ਤਿੰਨ ਪੜਾਆਂ ਵਿਚ ਪੇਸ਼ ਕੀਤਾ। ਉਨ੍ਹਾਂ ਅਨੁਸਾਰ ਪਹਿਲਾ ਪੜਾਅ 1935 ਤੋਂ 1944 ਤੱਕ ਦਾ ਹੈ ਜਿਸ ਦੌਰਾਨ ਸ਼ਿੱਦਤ ਨਾਲ ਪਿਆਰ ਕਰਨ ਵਾਲੀ ਮੁਟਿਆਰ ਦੀ ਮਨੋ-ਦਿਸ਼ਾ ਵੇਖਣ ਨੂੰ ਮਿਲਦੀ ਹੈ ਅਤੇ ਇਸ ਦੌਰ ਵਿਚ ਉਸ ਦੀਆਂ ਪ੍ਰੇਮ-ਪਿਆਰ ਵਾਲੀਆਂ ਕਵਿਤਾਵਾਂ ਜਨਮ ਲੈਂਦੀਆਂ ਹਨ। ਦੂਸਰੇ 1945 ਤੋਂ 1970 ਤੱਕ ਵਾਲੇ ਪੜਾਅ ਵਿਚ ਅੰਮ੍ਰਿਤਾ ਵਿਚਲੀ ਔਰਤ ਸਮਕਾਲੀਨ ਬੰਧਨਾਂ ਨੂੰ ਤੋੜਦੀ ਹੈ ਅਤੇ ਇਸ ਦੌਰਾਨ ਹੀ ਉਸ ਦੀ ਕਲਮ 1947 ਦੀ ਭਾਰਤ-ਪਾਕਿਸਤਾਨ ਨਾਲ ਸਬੰਧਿਤ ‘ਅੱਜ ਆਖਾਂ ਵਾਰਸ ਸ਼ਾਹ ਨੂੰ’ (ਕਵਿਤਾ) ਤੇ ‘ਪਿੰਜਰ’ (ਨਾਵਲ) ਵਰਗੀਆਂ ਕਈ ਪ੍ਰੋੜ੍ਹ ਰਚਨਾਵਾਂ ਸਿਰਜਦੀ ਹੈ। ਤੀਸਰੇ ਪੜਾਅ 1971 ਤੋਂ 2005 ਵਿਚ ਉਹ ਬਹੁਤ ਸਾਰੇ ਹੋਰ ਨਾਵਲਾਂ, ਕਹਾਣੀਆਂ ਤੇ ਕਵਿਤਾਵਾਂ ਸਮੇਤ ਸਵੈ-ਜੀਵਨੀ ‘ਰਸੀਦੀ ਟਿਕਟ’ ਦੀ ਰਚਨਾ ਕਰਦੀ ਹੈ ਅਤੇ ‘ਨਾਗਮਣੀ’ ਵਰਗਾ ਉੱਚ-ਪੱਧਰੀ ਸਾਹਿਤਕ ਮੈਗ਼ਜ਼ੀਨ ਦਾ ਆਗ਼ਾਜ਼ ਹੁੰਦਾ ਹੈ। ਇਸ ਪੜਾਅ ਦੇ ਅਖ਼ੀਰ ਵੱਲ ਵੱਧਦਿਆਂ ਉਸ ਦਾ ਝੁਕਾਅ ਅਧਿਆਤਮਵਾਦ ਵੱਲ ਹੋ ਜਾਂਦਾ ਹੈ। ਡਾ. ਸੰਘਾ ਨੇ ਅੰਮ੍ਰਿਤਾ ਵੱਲੋਂ ‘ਆਲ ਇੰਡੀਆ ਰੇਡੀਓ ਲਾਹੌਰ ਅਤੇ ਨਵੀਂ ਦਿੱਲੀ’ ‘ਤੇ ਪੇਸ਼ ਕੀਤੇ ਜਾਂਦੇ ਰਹੇ ‘ਪੰਜਾਬੀ ਪ੍ਰੋਗਰਾਮ’ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਗੁਰਦੇਵ ਚੌਹਾਨ ਨੇ ਅੰਮ੍ਰਿਤਾ ਨਾਲ 1970 ਤੋਂ 1990 ਦੌਰਾਨ ਹੋਈਆਂ ਮੁਲਾਕਾਤਾਂ ਦਾ ਵਰਨਣ ਕਰਦਿਆਂ ਹੋਇਆਂ ਕਿਹਾ ਕਿ ਉਹ ਨਵੇਂ ਲੇਖਕਾਂ ਨੂੰ ਬਹੁਤ ਉਤਸ਼ਾਹਿਤ ਕਰਦੀ ਸੀ ਅਤੇ ਉਸ ਨੇ ਕ੍ਰਿਪਾਲ ਕਜ਼ਾਕ, ਜਸਬੀਰ ਭੁੱਲਰ, ਕਸ਼ਮੀਰ ਪੰਨੂੰ, ਦਲਬੀਰ ਚੇਤਨ, ਸਾਰਾ ਸ਼ਗ਼ੁਫ਼ਤਾ, ਰਸ਼ਿਮ ਤੇ ਗੁਰਦੇਵ ਚੌਹਾਨ ਸਮੇਤ ਬਹੁਤ ਸਾਰੇ ਨਵੇਂ ਲੇਖਕਾਂ ਦੀਆਂ ਰਚਨਾਵਾਂ ‘ਨਾਗਮਣੀ’ ਵਿਚ ਲਗਾਤਾਰ ਛਾਪੀਆਂ। ਇਸ ਤੋਂ ਇਲਾਵਾ ਅੰਮ੍ਰਿਤਾ ਨੇ ਲੇਖਕਾਂ ਦੀਆਂ ਪਤਨੀਆਂ ਬਾਰੇ ਲਿਖਣ ਦੀ ਵੀ ਪ੍ਰੇਰਨਾ ਦਿੱਤੀ ਜਿਸ ਦੇ ਫ਼ਲਸਰੂਪ ਉਨ੍ਹਾਂ (ਗੁਰਦੇਵ ਚੌਹਾਨ) ਨੇ ਕ੍ਰਿਪਾਲ ਕਜ਼ਾਕ, ਕਸ਼ਮੀਰ ਪੰਨੂੰ ਤੇ ਕਈ ਹੋਰ ਲੇਖਕਾਂ ਦੀਆਂ ਪਤਨੀਆਂ ਦੇ ਰੇਖਾ-ਚਿੱਤਰ ਲਿਖ ਜੋ ‘ਨਾਗਮਣੀ’ ਵਿਚ ‘ਜ਼ਿਕਰ-ਏ-ਖ਼ੈਰ’ ਕਾਲਮ ਹੇਠ ਬਾਕਾਇਦਾ ਛਪੇ।
ਬਰਜਿੰਦਰ ਗੁਲਾਟੀ ਨੇ ਅੰਮ੍ਰਿਤਾ ਪ੍ਰੀਤਮ ਦੀਆਂ ਕਾਵਿ-ਕਿਰਤਾਂ, ਨਾਵਲਾਂ ਤੇ ਕਹਾਣੀਆਂ ਨੂੰ ਸਮਾਜਿਕ-ਚੇਤਨਤਾ ਫੈਲਾਉਣ ਵਾਲੀਆਂ ਰਚਨਾਵਾਂ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਦਾ ਸੰਸਾਰ ਦੀਆਂ ਸੱਭ ਤੋਂ ਵਧੇਰੇ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਕਿਹਾ ਕਿ ਵੈਸੇ ਤਾਂ ਅੰਮ੍ਰਿਤਾ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਨਾਰੀ-ਸੰਵੇਦਨਾ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ ਪਰ ਨਾਵਲ ‘ਪਿੰਜਰ’ ਅਤੇ ਕਹਾਣੀਆਂ ਦੀਆਂ ਪੁਸਤਕਾਂ ‘ਦੋ ਅੰਰਤਾਂ’ ਅਤੇ ‘ਪੰਜ ਵਰ੍ਹੇ ਲੰਮੀ ਸੜਕ’ ਵਿਚ ਇਸ ਦੀ ਗੂੜ੍ਹੀ ਛਾਪ ਵਿਖਾਈ ਦਿੰਦੀ ਹੈ। ਮਲੂਕ ਸਿੰਘ ਕਾਹਲੋਂ ਨੇ ਪ੍ਰੋ. ਮੋਹਨ ਸਿੰਘ ਤੇ ਅੰਮ੍ਰਿਤਾ ਦੇ ਯੁੱਗ ਦਾ ਜ਼ਿਕਰ ਕਰਦਿਆਂ ਇਨ੍ਹਾਂ ਦੋਹਾਂ ਨੂੰ ਇਸ ਦੇ ‘ਯੁੱਗ ਪੁਰਸ਼’ ਕਰਾਰ ਦਿੱਤਾ, ਜਦ ਕਿ ਕਰਨ ਅਜਾਇਬ ਸਿੰਘ ਸੰਘਾ ਨੇ ਇਸ ਮੌਕੇ ਗਿਲ੍ਹਾ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ 1947 ਵਿਚ ਹੋਏ ਕਤਲੇਆਮ ਜਿਸ ਵਿਚ ਬਰਾਬਰ ਦੀਆਂ ਦੋ ਧਿਰਾਂ ਸ਼ਾਮਲ ਸਨ, ਦੇ ਬਾਰੇ ਤਾਂ ਅੰਮ੍ਰਿਤਾ ਨੇ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਵਰਗੀ ਦਰਦ ਭਰੀ ਕਵਿਤਾ ਲਿਖ ਛੱਡੀ ਪਰ ਉਸ ਦੇ ਆਪਣੇ ਸ਼ਹਿਰ ਦਿੱਲੀ ਵਿਚ ਹੋਏ ਏਨੇ ਵੱਡੇ ਇਕ-ਪਾਸੜ ਕਤਲੇਆਮ ਲਈ ਉਸ ਦੇ ਵੱਲੋਂ ਇਕ ਸ਼ਬਦ ਵੀ ਨਹੀਂ ਲਿਖਿਆ ਗਿਆ। ਬਲਰਾਜ ਚੀਮਾ ਵੱਲੋਂ ਇਸ ਸੈਸ਼ਨ ਦੀ ਸਮੁੱਚੀ ਕਾਰਵਾਈ ਨੂੰ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਸਮੇਟਿਆ ਗਿਆ।
ਦੂਸਰੇ ਸੈਸ਼ਨ ਵਿਚ ਕਵਿਤਾਵਾਂ ਤੇ ਗੀਤਾਂ ਦਾ ਦੌਰ ਚੱਲਿਆ ਜਿਸ ਵਿਚ ਇਕਬਾਲ ਬਰਾੜ ਨੇ ਅੰਮ੍ਰਿਤਾ ਦੇ ਲਿਖੇ ਦੋ ਗੀਤ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਤੇ ‘ਵੇ ਮੈਂ ਤਿੜਕੇ ਘੜੇ ਦਾ ਪਾਣੀ’ ਅਤੇ ਮਸ਼ਹੂਰ ਲੋਕ-ਗੀਤ ‘ਕਿਤੇ ਤਾਂ ਲਾਨੀਆਂ ਟਾਹਲੀਆਂ, ਪੱਤਾਂ ਵਾਲੀਆਂ’ ਆਪਣੀ ਦਿਲਕਸ਼-ਆਵਾਜ਼ ਵਿਚ ਸੁਣਾਏ। ਉਪਰੰਤ, ਮਕਸੂਦ ਚੌਧਰੀ, ਕੁਲਦੀਪ ਕੌਰ, ਕਰਨ ਅਜਾਇਬ ਸਿੰਘ ਸੰਘਾ, ਜਗਮੋਹਨ ਸੰਘਾ, ਸੁਖਦੇਵ ਝੰਡ, ਤਲਵਿੰਦਰ ਮੰਡ, ਗਿਆਨ ਸਿੰਘ ਦਰਦੀ, ਹਰਦਿਆਲ ਝੀਤਾ, ਸੁਰਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਮਹਿੰਦਰ ਸਿੰਘ ਵਾਲੀਆ, ਪਿਆਰਾ ਸਿੰਘ ਤੂਰ, ਅਵਤਾਰ ਸਿੰਘ ਬੈਂਸ, ਦਰਸ਼ਨ ਸਿੰਘ ਗਰੇਵਾਲ, ਰਾਜੀਵ ਪੰਕਜ ਤੇ ਸ੍ਰੀਮਤੀ ਜਸਵਿੰਦਰ ਸੰਘਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਦੋਹਾਂ ਸੈਸ਼ਨਾਂ ਦਾ ਸੰਚਾਲਨ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਕੀਤਾ ਗਿਆ ਅਤੇ ਕਰਨ ਅਜਾਇਬ ਸੰਘਾ ਵੱਲੋਂ ਇਸ ਸਮਾਗ਼ਮ ਨੂੰ ਸਫ਼ਲ ਬਨਉਣ ਲਈ ਪਹੁੰਚੇ ਸਮੂਹ ਸਾਥੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਹਾਜ਼ਰੀਨ ਵਿਚ ਮਨਮੋਹਨ ਸਿੰਘ ਗੁਲਾਟੀ, ਡਾ. ਗੁਰਮੀਤ ਸਿੰਘ, ਸੁਰਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਸਮੇਤ ਕਈ ਹੋਰ ਸ਼ਾਮਲ ਸਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …