2.6 C
Toronto
Friday, November 7, 2025
spot_img
Homeਪੰਜਾਬਪੰਜਾਬੀ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਨਾਲ ਆਲਮੀ ਕਾਨਫ਼ਰੰਸ ਸਮਾਪਤ

ਪੰਜਾਬੀ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਨਾਲ ਆਲਮੀ ਕਾਨਫ਼ਰੰਸ ਸਮਾਪਤ

Punjabi Day pic copy copyਵਿਦੇਸ਼ਾਂ ‘ਚ ਪੰਜਾਬੀ ਭਾਸ਼ਾ ਦੀ ਸਥਿਤੀ ‘ਤੇ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਡਾ. ਐਮ.ਐਸ. ਰੰਧਾਵਾ ਉਤਸਵ, 2016 ਤਹਿਤ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਕੌਮਾਂਤਰੀ ਪੰਜਾਬੀ ਇਲਮ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ, ઠਰਣਬੀਰ ਮੌਲਵੀ ਦੁਸਾਂਝ ਸਪੋਰਟਸ ਵੈਲਫੇਅਰ ਸੁਸਾਇਟੀ, ਰੇਡੀਓ ਵੁਆਇਸ ਆਫ਼ ਪੰਜਾਬ, ਹਿਊਸਟਨ ਆਦਿ ਦੇ ਸਹਿਯੋਗ ਨਾਲ ਕਰਵਾਈ ਗਈ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫ਼ਰੰਸ ਪੰਜਾਬ ਤੋਂ ਬਾਹਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਭਵਿੱਖ ਬਾਰੇ ਚਰਚਾ ਅਤੇ ਪੰਜ ਮਤੇ ਪਾਸ ਕਰਨ ਉਪਰੰਤ ਸਮਾਪਤ ਹੋਈ।
ਮੁੱਖ ਬੁਲਾਰੇ ਦੇ ਰੂਪ ਵਿੱਚ ਕਹਾਣੀਕਾਰ ਜਰਨੈਲ ਸਿੰਘ ਨੇ ਦੱਸਿਆ ਕਿ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਤਿੰਨ ਪੀੜ੍ਹੀਆਂ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਜੁੜੀਆਂ ਹੋਈਆਂ ਹਨ, ਪਰ ਚੌਥੀ ਪੀੜ੍ਹੀ ਪੰਜਾਬੀ ਨਾਲੋਂ ਟੁੱਟ ਚੁੱਕੀ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਇੰਗਲੈਂਡ ਵਿੱਚ ਸਭ ਤੋਂ ਵੱਧ ਖ਼ਤਰਾ ਦੱਸਦਿਆਂ ਅਮਰੀਕਾ ਅਤੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦਾ ਭਵਿੱਖ ਠੀਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਪੰਜਾਬੀ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।
ਜੰਮੂ ਕਸ਼ਮੀਰ ਤੋਂ ਆਏ ਲੇਖਕ ਖ਼ਾਲਿਦ ਹੁਸੈਨ ਨੇ ਕਿਹਾ ਕਿ ਸਿਆਸਤ ਨੇ ਸਦਾ ਭਾਸ਼ਾ ਦਾ ਨੁਕਸਾਨ ਕੀਤਾ ਹੈ। ਵੰਡ ਵੇਲੇ ਜੰਮੂ ਕਸ਼ਮੀਰ ਵਿੱਚ ਪੰਜਾਬੀਆਂ ਦੀ ਗਿਣਤੀ 54 ਫ਼ੀਸਦੀ ਸੀ, ਜਿਹੜੀ 1961 ਵਿੱਚ 15 ਫ਼ੀਸਦ ਰਹਿ ਗਈ ਅਤੇ ਹੁਣ ਇਸ ਤੋਂ ਵੀ ਘੱਟ ਗਈ ਹੈ। ਟੋਰਾਂਟੋ ਦੇ ਹਰਜੀਤ ਗਿੱਲ ਨੇ ਕਿਹਾ ਕਿ ਪੰਜਾਬ ਦੇ ਮੁਕਾਬਲੇ ਪੰਜਾਬੀ ਦੀ ਸਥਿਤੀ ਵਿਦੇਸ਼ਾਂ ਵਿੱਚ ਬਿਹਤਰ ਹੈ। ਕੈਨੇਡਾ ਤੋਂ ਆਏ ਕਹਾਣੀਕਾਰ ਮੇਜਰ ਮਾਂਗਟ ਨੇ ਕਿਹਾ ਕਿ ਹੁਣ ਇਹ ਧਾਰਨਾ ਟੁੱਟ ਚੁੱਕੀ ਹੈ ਕਿ ਵਿਦੇਸ਼ੀ ਪੈਸੇ ਦੇ ਸਿਰ ‘ਤੇ ਪੁਸਤਕਾਂ ਛਪਵਾਉਂਦੇ ਹਨ। ਵਿਦੇਸ਼ੀ ਸਾਹਿਤਕਾਰਾਂ ਵੱਲੋਂ ਲਿਖੇ ਸਾਹਿਤ ਦਾ ਨੋਟਿਸ ਲਿਆ ਜਾ ਰਿਹਾ ਹੈ। ਕੈਨੇਡਾ ਤੋਂ ਆਏ ਵਿਦਵਾਨ ਕਿਰਪਾਲ ਸਿੰਘ ਪੰਨੂ ਨੇ ਕਿਹਾ ਕਿ ਤਕਨੀਕ ਰਾਹੀਂ ਪੰਜਾਬੀ ਭਾਸ਼ਾ ਦਾ ਭਵਿੱਖ ਰੌਸ਼ਨ ਹੋ ਸਕਦਾ ਹੈ।
ਹਰਿਆਣਾ ਤੋਂ ਆਏ ਨਾਮਧਾਰੀ ਵਿਦਵਾਨ ਸੁਵਰਨ ਸਿੰਘ ਵਿਰਕ ਨੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ‘ਤੇ ਵਿਚਾਰ ਪੇਸ਼ ਕੀਤੇ। ਕਾਨਫ਼ਰੰਸ ਦੀ ਰਿਪੋਰਟ ਮਸ਼ਹੂਰ ਕਹਾਣੀਕਾਰ ਅਤਰਜੀਤ ਸਿੰਘ ਨੇ ਪੇਸ਼ ਕੀਤੀ। ਕੌਮਾਂਤਰੀ ਪੰਜਾਬੀ ਇਲਮ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਾਨਫ਼ਰੰਸ ਲਈ ਵਿਦੇਸ਼ੀ ਅਤੇ ਭਾਰਤੀ ਲੇਖਕਾਂ ਵੱਲੋਂ ਦਿੱਤੇ ਹੁੰਗਾਰੇ ਨੂੰ ਯਾਦਗਾਰੀ ਦੱਸਿਆ ਅਤੇ ਸਹਿਯੋਗ ਦੀ ਸ਼ਲਾਘਾ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਕਰਮ ਸਿੰਘ ਵਕੀਲ ਨੇ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਹਰ ਪੱਧਰ ‘ਤੇ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਪੇਸ਼ ਕੀਤੇ ਮਤਿਆਂ ਵਿੱਚ ਮੰਗ ਕੀਤੀ ਗਈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿੱਤਾ ਜਾਵੇ, ਭਾਸ਼ਾ ਐਕਟ ਵਿੱਚ ਸਜ਼ਾ ਦੀ ਧਾਰਾ ਜੋੜੀ ਜਾਵੇ। ਲੇਖਕ ਮੱਖਣ ਕੁਹਾੜ ‘ਤੇ ਹੋਏ ਹਮਲੇ ਦੀ ਨਿਖੇਧੀ ਅਤੇ ਇਨਸਾਫ਼ ਦੀ ਮੰਗ ਕੀਤੀ ਗਈ।
ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ ਨੂੰ ਖ਼ੁਦਕੁਸ਼ੀ ਦੀ ਥਾਂ ਕਤਲ ਮੰਨ ਕੇ ਇਨਸਾਫ਼ ਦੇਣ, ਵਿਦਿਅਕ ਅਦਾਰਿਆਂ ਵਿੱਚ ਰਾਜਨੀਤਕ ਦਖ਼ਲਅੰਦਾਜ਼ੀ ਬੰਦ ਕਰਨ ਦੀ ਮੰਗ ਕੀਤੀ ਗਈ।
ਸੀਆਈਐਮ ਦੇ ਚੰਡੀਗੜ੍ਹ ਦੇ ਸੈਕਟਰ 30 ਸਥਿਤ ਦਫ਼ਤਰ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਵਿਦਿਆਰਥੀ ਆਗੂ ਕਨ੍ਹੱਈਆ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ।
ਵਿਦੇਸ਼ਾਂ ਤੋਂ ਸਨੀ ਗਰੇਵਾਲ, ਅਰਵਿੰਦਰ ਕੌਰ, ਸੁਖਮਿੰਦਰ ਰਾਮਪੁਰੀ, ਦਲਬੀਰ ਕੌਰ, ਅਮਰਜੀਤ ਸੂਫ਼ੀ, ਦਲਜੀਤ ਸਿੰਘ ਸੰਧੂ, ਗੁਰਮੀਤ ਸਿੰਘ, ਮੰਗਾ ਬਾਸੀ, ਬਲਵਿੰਦਰ ਧਨੋਆ, ਗੁਰਦੀਪ ਨੇ ਕਾਨਫ਼ਰੰਸ ਵਿੱਚ ਹਿੱਸਾ ਲਿਆ। ਕਾਨਫ਼ਰੰਸ ਸਬੰਧੀ ਚੱਕ ਸਤਾਰਾਂ ਪ੍ਰਕਾਸ਼ਨ ਰਾਜਪੁਰਾ ਅਤੇ ਪੀਪਲਜ਼ ਕਨਵੈਨਸ਼ਨ ਸੈਂਟਰ, ਚੰਡੀਗੜ੍ਹ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

RELATED ARTICLES
POPULAR POSTS