Breaking News
Home / ਭਾਰਤ / ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਭਗਵੰਤ ਮਾਨ ਦੋਸ਼ੀ ਕਰਾਰ

ਸੰਸਦ ਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਭਗਵੰਤ ਮਾਨ ਦੋਸ਼ੀ ਕਰਾਰ

bhagwant-maan-picਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਅੰਦਰੂਨੀ ਹਿੱਸੇ ਦੀ ਵੀਡੀਓਗ੍ਰਾਫੀ ਕਰਕੇ ਸੋਸ਼ਲ ਮੀਡੀਆ ਵਿਚ ਜਨਤਕ ਕਰਨ ਦੇ ਮਾਮਲੇ ‘ਚ ਲੋਕ ਸਭਾ ਦੀ ਜਾਂਚ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੂੰ ਦੋਸ਼ੀ ਪਾਇਆ ਹੈ। ਸੰਸਦੀ ਕਮੇਟੀ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਨੂੰ ਲੈ ਕੇ ਮਾਨ ਦੇ ਦੋਸ਼ੀ ਹੋਣ ‘ਤੇ ਉਸ ਨੂੰ ਸਜ਼ਾ ਦੇਣ ‘ਤੇ ਇਕਮੱਤ ਨਹੀਂ। ਕਮੇਟੀ ਨੇ ਸਰਬ ਸੰਮਤੀ ਨਾਲ ਪਾਇਆ ਹੈ ਕਿ ਮਾਨ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਵਿਚ ਸੰਸਦ ਦੀ ਸੁਰੱਖਿਆ ਦੀਆਂ ਮਹੱਤਵਪੂਰਨ ਜਾਣਕਾਰੀਆਂ ਉਜਾਗਰ ਹੁੰਦੀਆਂ ਹਨ ਅਤੇ ਇਨ੍ਹਾਂ ਜਾਣਕਾਰੀਆਂ ਦਾ ਇਸਤੇਮਾਲ ਦੇਸ਼ ਵਿਰੋਧੀ ਤਾਕਤਾਂ ਅਤੇ ਅੱਤਵਾਦੀ ਸੰਸਦ ‘ਤੇ ਹਮਲਾ ਕਰਨ ਵਿਚ ਕਰ ਸਕਦੇ ਹਨ ਪ੍ਰੰਤੂ ਮਾਨ ਨੂੰ ਸਜ਼ਾ ਦੇਣ ਨੂੰ ਲੈ ਕੇ ਉਹ ਇਕਮੱਤ ਨਹੀਂ ਹਨ। ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਮਾਨ ਨੂੰ ਘੱਟ ਤੋਂ ਘੱਟ ਇਕ ਦਿਨ ਦੇ ਲਈ ਲੋਕ ਸਭਾ ਤੋਂ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਦੂਸਰੇ ਮੈਂਬਰ ਮੌਨਸੂਨ ਇਜਲਾਸ ਤੋਂ ਹੀ ਲੋਕ ਸਭਾ ਸਪੀਕਰ ਦੇ ਆਦੇਸ਼ ‘ਤੇ ਮਾਨ ਦੇ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ‘ਤੇ ਰੋਕ ਨੂੰ ਲੈ ਕੇ ਨਵੀਂ ਕਿਸੇ ਕਾਰਵਾਈ ਦੀ ਜ਼ਰੂਰਤ ਤੋਂ ਇਨਕਾਰ ਕਰ ਰਹੇ ਹਨ। ਦੱਸਣਯੋਗ ਹੈ ਕਿ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਭਗਵੰਤ ਮਾਨ ਨੇ ਫੇਸਬੁੱਕ ‘ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਵਿਚ ਮਾਨ ਨੇ ਆਪਣੇ ਘਰ ਤੋਂ ਸੰਸਦ ਦੇ ਅੰਦਰੂਨੀ ਹਿੱਸੇ ਵਿਚ ਦਾਖਲ ਹੋਣ ਦਾ ਰਸਤਾ ਦੱਸਿਆ ਅਤੇ ਨਾਲ ਹੀ ਸੁਰੱਖਿਆ ਜਾਂਚ ਦੀ ਜਾਣਕਾਰੀ ਵੀ ਦਿੱਤੀ ਸੀ। ਉਨ੍ਹਾਂ ਨੇ ਸੰਸਦ ਦੇ ਅੰਦਰੂਨੀ ਹਿੱਸੇ ਦੇ ਕੰਮਕਾਜ ਦੇ ਤਰੀਕੇ ਦਾ ਵੀ ਖੁਲਾਸਾ ਕੀਤਾ ਸੀ। ਮਾਨ ਦੇ ਇਸ ਵੀਡੀਓ ਨੂੰ ਸਾਰੇ ਦਲਾਂ ਨੇ ਸੰਸਦ ਦੀ ਸੁਰੱਖਿਆ ਖ਼ਿਲਾਫ ਦੱਸਦੇ ਹੋਏ ਨਿੰਦਾ ਕੀਤੀ ਸੀ ਅਤੇ ਮਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …