Breaking News
Home / ਭਾਰਤ / ਹਰਿਆਣਾ ‘ਚ ਅਕਾਲੀ ਦਲ ਦਾ ਇਕੋ-ਇਕ ਵਿਧਾਇਕ ਬਲਕੌਰ ਸਿੰਘ ਜਨਨਾਇਕ ਜਨਤਾ ਪਾਰਟੀ ‘ਚ ਸ਼ਾਮਲ

ਹਰਿਆਣਾ ‘ਚ ਅਕਾਲੀ ਦਲ ਦਾ ਇਕੋ-ਇਕ ਵਿਧਾਇਕ ਬਲਕੌਰ ਸਿੰਘ ਜਨਨਾਇਕ ਜਨਤਾ ਪਾਰਟੀ ‘ਚ ਸ਼ਾਮਲ

ਕਾਲਾਂਵਾਲੀ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਉਸ ਦੇ ਹਰਿਆਣਾ ਵਿੱਚ ਇੱਕ ਮਾਤਰ ਵਿਧਾਇਕ ਬਲਕੌਰ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਹਰਿਆਣਾ ਵਿੱਚ ਹਾਲ ਹੀ ਵਿੱਚ ਬਣੀ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਜਨਨਾਇਕ ਜਨਤਾ ਪਾਰਟੀ ਦੇ ਬਾਨੀ ਡਾ. ਅਜੈ ਸਿੰਘ ਚੌਟਾਲਾ ਨੇ ਉਨ੍ਹਾਂ ਦੇ ਨਿਵਾਸ ਉੱਤੇ ਪਾਰਟੀ ਦਾ ਝੰਡਾ ਭੇਟ ਕਰਕੇ ਪਾਰਟੀ ਵਿਚ ਸ਼ਾਮਲ ਕੀਤਾ। ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ਅਤੇ ਸੋਚ ਨੂੰ ਲੈ ਕੇ ਜਨ ਨਾਇਕ ਜਨਤਾ ਪਾਰਟੀ ਬਣਾਈ ਹੈ। ਇਹ ਪਾਰਟੀ ਲੋਕ ਹਿਤ ਲਈ ਕੰਮ ਕਰੇਗੀ ਕਿਉਂਕਿ ਉਨ੍ਹਾਂ ਦਾ ਮਕਸਦ ਸਾਫ ਸੁਥਰੀ ਰਾਜਨੀਤੀ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਲਾਂਵਾਲੀ ਹਲਕੇ ਵਿੱਚ ਬਲਕੌਰ ਸਿੰਘ ਦੇ ਜਨਨਾਇਕ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਪਾਰਟੀ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਤਿੰਨ ਤੋਂ ਚਾਰ ਹੋ ਗਈ ਹੈ। ਇਸ ਮੌਕੇ ਵਿਧਾਇਕ ਬਲਕੌਰ ਸਿੰਘ ਨੇ ਜਨਨਾਇਕ ਜਨਤਾ ਪਾਰਟੀ ਲਈ ਦਿਨ ਰਾਤ ਇਕ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਭਰਪੂਰ ਸਿੰਘ ਗੁਦਰਾਣਾ, ਸੁਖਰਾਜ ਸਿੰਘ ਐਡਵੋਕੇਟ, ਜਗਰੂਪ ਸਿੰਘ ਸ਼ੇਰਗੜ੍ਹ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਮੌਜੂਦ ਸਨ।
ਬਲਕੌਰ ਸਿੰਘ ਨੇ ਅਕਾਲੀ ਦਲ ਛੱਡਣ ਦੀਆਂ ਖ਼ਬਰਾਂ ਨੂੰ ਨਕਾਰਿਆ
ਕਾਲਾਂਵਾਲੀ : ਹਰਿਆਣਾ ‘ਚ ਹਲਕਾ ਕਾਲਾਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ। ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਨ ਅਤੇ ਭਵਿੱਖ ਵਿੱਚ ਵੀ ਬਣੇ ਰਹਿਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪਿਛਲੀ ਚੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ‘ਤੇ ਲੜੇ ਸਨ ਅਤੇ ਉਸ ਸਮੇਂ ਇੰਡੀਅਨ ਨੈਸ਼ਨਲ ਲੋਕ ਦਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਕੀਤਾ ਸੀ। ਪਰ ਹੁਣ ਇਨੈਲੋ ਦੋਫਾੜ ਹੋ ਗਈ ਹੈ ਅਤੇ ਇਸ ਵਿਚੋਂ ਇੱਕ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ ਹੋਂਦ ਵਿੱਚ ਆਈ ਹੈ। ਇਸ ਪਾਰਟੀ ਦੇ ਬਾਨੀ ਡਾ. ਅਜੈ ਸਿੰਘ ਚੌਟਾਲਾ ਉਨ੍ਹਾਂ ਦੇ ਘਰ ਆਏ ਸਨ ਅਤੇ ਉਨ੍ਹਾਂ ਆਪਣੀ ਪਾਰਟੀ ਲਈ ਸਮਰਥਨ ਮੰਗਿਆ ਸੀ, ਜੋ ਉਨ੍ਹਾਂ ਦਿੱਤਾ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …