Breaking News
Home / ਜੀ.ਟੀ.ਏ. ਨਿਊਜ਼ / ਹਾਊਸਿੰਗ ਡਿਵੈਲਪਮੈਂਟ ਦੇ ਕੰਮ ਨੂੰ ਬਿਹਤਰ ਢੰਗ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰਾਂਗੇ : ਫੋਰਡ

ਹਾਊਸਿੰਗ ਡਿਵੈਲਪਮੈਂਟ ਦੇ ਕੰਮ ਨੂੰ ਬਿਹਤਰ ਢੰਗ ਨਾਲ ਨਿਪਟਾਉਣ ਦੀ ਕੋਸ਼ਿਸ਼ ਕਰਾਂਗੇ : ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਹਾਊਸਿੰਗ ਡਿਵੈਲਪਮੈਂਟ ਬਾਰੇ ਆਡੀਟਰ ਜਨਰਲ ਦੀ ਰਿਪੋਰਟ ਆਉਣ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਪ੍ਰਕਿਰਿਆ ਦੇ ਹਰ ਨਿੱਕੇ ਵੱਡੇ ਪੱਖ ਦਾ ਖਿਆਲ ਰੱਖਿਆ ਗਿਆ ਹੈ ਪਰ ਉਹ ਮੰਨਦੇ ਹਨ ਕਿ ਇਸ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕੀਤਾ ਜਾ ਸਕਦਾ ਸੀ।
ਉਨ੍ਹਾਂ ਇਹ ਵੀ ਆਖਿਆ ਕਿ ਆਡੀਟਰ ਜਨਰਲ ਵੱਲੋਂ ਕੀਤੀਆਂ ਗਈਆਂ ਕੁੱਝ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਉਨ੍ਹਾਂ ਆਖਿਆ ਕਿ ਸਾਡੀ ਸਰਕਾਰ ਹਾਊਸਿੰਗ ਸਪਲਾਈ ਤੇ ਅਫੋਰਡੇਬਿਲਿਟੀ ਦੇ ਇਸ ਸੰਕਟ ਤੋਂ ਨਿਜਾਤ ਪਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਾਡੀ ਪ੍ਰਕਿਰਿਆ ਬਿਲਕੁਲ ਪਾਰਦਰਸ਼ੀ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਮੰਤਰੀਆਂ ਤੇ ਕਾਕਸ ਉੱਤੇ ਪੂਰਾ ਭਰੋਸਾ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਹਾਊਸਿੰਗ ਡਿਵੈਲਪਮੈਂਟ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਅਸੀਂ ਇਨ੍ਹਾਂ ਨਵੇਂ ਮਾਪਦੰਡਾਂ ਤੇ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ।
ਜ਼ਿਕਰਯੋਗ ਹੈ ਕਿ ਓਨਟਾਰੀਓ ਦੀ ਲਿਬਰਲ, ਐਨਡੀਪੀ ਤੇ ਗ੍ਰੀਨ ਪਾਰਟੀ ਵੱਲੋਂ ਕੀਤੀ ਗਈ ਸਾਂਝੀ ਬੇਨਤੀ ਤੋਂ ਬਾਅਦ ਆਡੀਟਰ ਜਨਰਲ਼ ਬੋਨੀ ਲਿਸਕਸ ਵੱਲੋਂ ਗ੍ਰੀਨਬੈਲਟ ਲੈਂਡ ਨੂੰ ਹਾਊਸਿੰਗ ਡਿਵੈਲਪਮੈਂਟ ਵਾਸਤੇ ਵਰਤਣ ਦੇ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ। ਬੁੱਧਵਾਰ ਨੂੰ ਜਾਰੀ ਕੀਤੀ ਗਈ ਆਪਣੀ ਰਿਪੋਰਟ ਵਿੱਚ ਲਿਸਕਸ ਨੇ ਆਖਿਆ ਕਿ ਗ੍ਰੀਨਬੈਲਟ ਤੋਂ ਹਟਾਈ ਗਈ ਜ਼ਮੀਨ ਦੇ ਸਬੰਧ ਵਿੱਚ ਕੁੱਝ ਖਾਮੀਆਂ ਪਾਈਆਂ ਗਈਆਂ ਹਨ ਤੇ ਪਲੈਨਿੰਗ ਵਿੱਚ ਵੀ ਕਮੀਆਂ ਨਜ਼ਰ ਆਈਆਂ ਹਨ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਪ੍ਰੋਵਿੰਸ ਵੱਲੋਂ 1.5 ਮਿਲੀਅਨ ਘਰ ਤਿਆਰ ਕਰਨ ਦਾ ਜਿਹੜਾ ਟੀਚਾ ਮਿਥਿਆ ਗਿਆ ਹੈ ਉਹ ਵੀ ਇਸ ਸਾਰੀ ਕੋਸ਼ਿਸ਼ ਨਾਲ ਸ਼ਾਇਦ ਹੀ ਪੂਰਾ ਹੋਵੇ।
ਆਡੀਟਰ ਜਨਰਲ ਨੇ ਆਖਿਆ ਕਿ ਪ੍ਰੋਵਿੰਸ਼ੀਅਲ ਸਰਕਾਰ ਨੂੰ ਆਪਣਾ ਇਹ ਟੀਚਾ ਪੂਰਾ ਕਰਨ ਲਈ ਗ੍ਰੀਨਬੈਲਟ ਪਲੈਨ ਬਾਰੇ ਜਨਤਾ ਨਾਲ ਹੋਰ ਜ਼ਿਆਦਾ ਗੱਲਬਾਤ ਕਰਨੀ ਚਾਹੀਦੀ ਸੀ। ਇਸ ਉੱਤੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਆਖਿਆ ਕਿ ਹਾਊਸਿੰਗ ਸੰਕਟ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੂੰ ਹਾਊਸਿੰਗ ਦੇ ਨਿਰਮਾਣ ਤੇ ਡਿਵੈਲਪਮੈਂਟ ਲਈ ਫੌਰੀ ਕਦਮ ਚੁੱਕਣੇ ਪੈਣੇ ਸਨ। ਉਨ੍ਹਾਂ ਆਡੀਟਰ ਜਨਰਲ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਨੂੰ ਮੰਨਣ ਉੱਤੇ ਸਹਿਮਤੀ ਪ੍ਰਗਟਾਈ ਤੇ ਆਖਿਆ ਕਿ ਉਹ ਇਸ ਫੈਸਲੇ ਦਾ ਸਤਿਕਾਰ ਕਰਦੇ ਹਨ ਤੇ ਉਹ ਇਸ ਸਾਰੀ ਪ੍ਰਕਿਰਿਆ ਵਿੱਚ ਕੁੱਝ ਤਬਦੀਲੀਆਂ ਜ਼ਰੂਰ ਕਰਨਗੇ। ਆਡੀਟਰ ਜਨਰਲ ਵੱਲੋਂ 15 ਸਿਫਾਰਿਸ਼ਾਂ ਕੀਤੀਆਂ ਗਈਆਂ ਹਨ।

 

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …