-1.4 C
Toronto
Sunday, December 7, 2025
spot_img
Homeਜੀ.ਟੀ.ਏ. ਨਿਊਜ਼ਰੈਕਸਡੇਲ ਗੁਰਦੁਆਰਾ ਸਾਹਿਬ ਆਇਆ ਰਾਗੀ ਜਥਾ ਪਹਿਲੇ ਦਿਨ ਹੀ ਫਰਾਰ

ਰੈਕਸਡੇਲ ਗੁਰਦੁਆਰਾ ਸਾਹਿਬ ਆਇਆ ਰਾਗੀ ਜਥਾ ਪਹਿਲੇ ਦਿਨ ਹੀ ਫਰਾਰ

ਟੋਰਾਂਟੋ/ਪਰਵਾਸੀ ਬਿਊਰੋ : ਲੰਘੇ ਬੁੱਧਵਾਰ ਨੂੰ ਪੰਜਾਬ ਤੋਂ ਸਿੱਖ ਸਪਰਿਚੂਅਲ ਸੈਂਟਰ (ਰੈਕਸਡੇਲ ਗੁਰਦੁਆਰਾ) ਵਿਖੇ ਕੀਰਤਨ ਦੀਆਂ ਸੇਵਾਵਾਂ ਲਈ ਬੁਲਾਇਆ ਗਿਆ ਜਥਾ ਪਹਿਲੇ ਦਿਨ ਹੀ ਰੂਪੋਸ਼ ਹੋ ਗਿਆ। ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਿੰਦਰ ਸਿੰਘ ਨੇ ‘ਪਰਵਾਸੀ’ ਮੀਡੀਆ ਗਰੁੱਪ ਨੂੰ ਜਾਣਕਾਰੀ ਦਿੱਤੀ ਕਿ ਕੁਲਦੀਪ ਸਿੰਘ, ਸਤਨਾਮ ਸਿੰਘ ਅਤੇ ਤੇਜਿੰਦਰ ਸਿੰਘ ਨਾਮਕ ਤਿੰਨ ਰਾਗੀ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਤੋਂ ਹਜ਼ੂਰੀ ਰਾਗੀ ਵਜੋਂ ਸੇਵਾਵਾਂ ਦੇ ਰਹੇ ਸਨ। ਇਨ੍ਹਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੇ ਸ਼ੁੱਭ ਅਵਸਰ ਮੌਕੇ ਕੀਰਤਨ ਦੀਆਂ ਸੇਵਾਵਾਂ ਲਈ ਗੁਰੂਘਰ ਦੀ ਕਮੇਟੀ ਵੱਲੋਂ ਕੈਨੇਡਾ ਲਈ ਸਪਾਂਸਰ ਕੀਤਾ ਗਿਆ। ਪ੍ਰੰਤੂ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇਹ ਤਿੰਨੋਂ ਵਿਅਕਤੀ ਪਹੁੰਚਦਿਆਂ ਹੀ ਗੁਰੂਘਰ ਕਮੇਟੀ ਨੂੰ ਬਿਨਾ ਦੱਸਿਆਂ ਗਾਇਬ ਹੋ ਗਏ ਹਨ। ਉਨ੍ਹਾਂ ਕਮਿਊਨਿਟੀ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਇਨ੍ਹਾਂ ਵਿਅਕਤੀਆਂ ਦੀ ਜਾਣਕਾਰੀ ਗੁਰੂਘਰ ਦੇ ਫੋਨ ਨੰਬਰ 416-746-6666 ‘ਤੇ ਤੁਰੰਤ ਸਾਂਝੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਇਕ ਹੋਰ ਮਾਮਲੇ ਵਿਚ ਡਿਕਸੀ ਗੁਰੂਘਰ ਵਿਖੇ ਵੀ ਆਇਆ ਢਾਡੀਆਂ ਦਾ ਇਕ ਜਥਾ ਗਾਇਬ ਹੋ ਚੁੱਕਿਆ ਹੈ। ਡਿਕਸੀ ਗੁਰੂਘਰ ਦੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਹਰਪਾਲ ਸਿੰਘ ਨੇ ‘ਪਰਵਾਸੀ’ ਮੀਡੀਆ ਨੂੰ ਦੱਸਿਆ ਕਿ ਉਹ ਵੀ ਇਸ ਜਥੇ ਦੀ ਤਲਾਸ਼ ਵਿਚ ਹਨ ਅਤੇ ਇਸ ਦੀ ਜਾਣਕਾਰੀ ਮੀਡੀਆ ਦੇ ਕਮਿਊਨਿਟੀ ਨੂੰ ਤੁਰੰਤ ਜਾਵੇਗੀ।
ਇਹ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦਾ ਮਾਮਲਾ ਟੋਰਾਂਟੋ ਇਲਾਕੇ ਦੇ ਗੁਰੂਘਰਾਂ ਵਿਚ ਸਾਹਮਣੇ ਆਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਕੀਰਤਨੀ ਜਥੇ ਗਾਇਬ ਹੋ ਚੁੱਕੇ ਹਨ। ਜੋ ਕਾਨੂੰਨੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਵਿਚ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਹੀ ਕੁੱਝ ਗੁਰੂਘਰਾਂ ਦੇ ਪ੍ਰਬੰਧਕਾਂ ‘ਤੇ ਵੀ ਦੋਸ਼ ਲਗਦਾ ਰਿਹਾ ਹੈ ਕਿ ਉਹ ਪੈਸੇ ਲੈ ਕੇ ਜਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਗੁਰੂਘਰ ਵਿਚ ਕੀਰਤਨ ਕਰਨ ਦੀ ਆੜ ਵਿਚ ਸਪਾਂਸਰ ਕਰਦੇ ਰਹੇ ਹਨ। ਇਹ ਉਹ ਲੋਕ ਹੁੰਦੇ ਹਨ ਜੋ ਗੁਰੂਘਰ ਵਿਚ ਸੇਵਾ ਕਰਨ ਲਈ ਨਹੀਂ ਬਲਕਿ ਕੈਨੇਡਾ ਵਿਚ ਪੱਕੇ ਹੋਣ ਦੀ ਨੀਅਤ ਨਾਲ ਇਥੇ ਪਹੁੰਚਦੇ ਹਨ। ਅਜਿਹੇ ਮਾਮਲਿਆਂ ਦੇ ਚਰਚਾ ਵਿਚ ਆਉਣ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕਮਿਊਨਿਟੀ ਨੂੰ ਸ਼ਰਮਸ਼ਾਰ ਹੋਣਾ ਪੈਂਦਾ ਹੈ।

RELATED ARTICLES
POPULAR POSTS