ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤਾਂ ਵਿੱਚ ਹੋਰ ਵਾਧਾ ਕਰਨ ਦਾ ਵਾਅਦਾ ਕੀਤਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਪਹਿਲੀ ਅਕਤੂਬਰ 2022 ਤੋਂ ਘੱਟ ਤੋਂ ਘੱਟ ਉਜਰਤਾਂ 50 ਸੈਂਟ ਤੱਕ ਹੋਰ ਵੱਧ ਸਕਦੀਆਂ ਹਨ। ਇਹ ਵਾਧਾ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਇਹ ਤਰੀਕ ਪ੍ਰੋਵਿੰਸ਼ੀਅਲ ਚੋਣਾਂ ਤੋਂ ਬਾਅਦ ਆਵੇਗੀ। ਪ੍ਰਸਤਾਵਿਤ ਉਜਰਤਾਂ ਓਨਟਾਰੀਓ ਵਿੱਚ ਜੂਨ ਮਹੀਨੇ ਹੋਣ ਜਾ ਰਹੀਆਂ ਚੋਣਾਂ ਤੋਂ ਬਾਅਦ 15.50 ਡਾਲਰ ਪ੍ਰਤੀ ਘੰਟਾ ਕਰਨ ਦੀ ਤਜਵੀਜ ਹੈ।
ਇਸ ਤੋਂ ਪਹਿਲਾਂ 2018 ਵਿੱਚ ਪਾਰਟੀ ਨੇ ਸੱਤਾ ਸਾਂਭਣ ਤੋਂ ਬਾਅਦ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਸੀ ਤੇ ਜਨਵਰੀ ਤੋਂ ਘੱਟ ਤੋ ਘੱਟ ਉਜਰਤਾਂ 15 ਡਾਲਰ ਕੀਤੀਆਂ ਗਈਆਂ। ਫੋਰਡ ਸਰਕਾਰ ਘੱਟ ਤੋਂ ਘੱਟ ਉਜਰਤਾਂ ਨੂੰ ਹੀ 15 ਡਾਲਰ ਤੋਂ 15.50 ਡਾਲਰ ਪ੍ਰਤੀ ਘੰਟਾ ਕਰਨ ਦੀ ਗੱਲ ਨਹੀਂ ਕਰ ਰਹੀ ਸਗੋਂ ਵਿਦਿਆਰਥੀਆਂ ਦੀਆਂ ਉਜਰਤਾਂ ਵਿੱਚ ਵੀ ਵਾਧੇ ਦੀ ਗੱਲ ਕਰ ਰਹੀ ਹੈ।
18 ਸਾਲ ਤੇ ਇਸ ਤੋਂ ਨਿੱਕੀ ਉਮਰ ਦੇ ਵਿਦਿਆਰਥੀਆਂ ਲਈ ਉਜਰਤਾਂ 14.60 ਪ੍ਰਤੀ ਘੰਟੇ ਦੀ ਥਾਂ 14.10 ਡਾਲਰ ਪ੍ਰਤੀ ਘੰਟਾ ਕੀਤੇ ਜਾਣ ਦਾ ਫੋਰਡ ਸਰਕਾਰ ਵੱਲੋਂ ਵਾਅਦਾ ਕੀਤਾ ਜਾ ਰਿਹਾ ਹੈ।
ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਮੰਗਲਵਾਰ ਨੂੰ ਇਸ ਯੋਜਨਾ ਦਾ ਐਲਾਨ ਕਰਦਿਆਂ ਆਖਿਆ ਕਿ ਇਹ ਵਾਧਾ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਵਰਕਰਜ਼ ਦੀ ਮਦਦ ਲਈ ਕੀਤਾ ਜਾਵੇਗਾ। ਇਸ ਦੌਰਾਨ ਐਨਡੀਪੀ ਨੇ ਵੀ ਇਹ ਆਖਿਆ ਹੈ ਕਿ ਜੇ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਪਹਿਲੀ ਅਕਤੂਬਰ ਤੋਂ ਘੱਟ ਤੋਂ ਘੱਟ ਉਜਰਤਾਂ 20 ਡਾਲਰ ਪ੍ਰਤੀ ਘੰਟਾ ਕਰਨਗੇ ਤੇ 2026 ਤੱਕ ਇਹ ਉਜਰਤਾਂ 20 ਡਾਲਰ ਪ੍ਰਤੀ ਘੰਟੇ ਤੱਕ ਲਿਜਾਣਗੇ। ਲਿਬਰਲਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਉਹ ਪਹਿਲੀ ਜਨਵਰੀ, 2023 ਤੋਂ ਉਜਰਤਾਂ ਵਿੱਚ ਵਾਧਾ ਕਰਕੇ 16 ਡਾਲਰ ਪ੍ਰਤੀ ਘੰਟਾ ਕਰਨਗੇ।
60 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕਰੋਨਾ ਰੋਕੂ ਚੌਥੀ ਡੋਜ਼ ਜਲਦ ਲਾਉਣੀ ਸ਼ੁਰੂ ਕਰੇਗੀ ਓਨਟਾਰੀਓ ਸਰਕਾਰ
ਓਨਟਾਰੀਓ : 60 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ-19 ਵੈਕਸੀਨ ਦੀ ਚੌਥੀ ਡੋਜ਼ ਦੇਣ ਦੀ ਪ੍ਰੋਵਿੰਸ ਦੀ ਯੋਜਨਾ ਦਾ ਓਨਟਾਰੀਓ ਦੇ ਸਿਹਤ ਮੰਤਰੀ ਨੇ ਖੁਲਾਸਾ ਕਰਦਿਆਂ ਆਖਿਆ ਕਿ ਇਸ ਸਬੰਧੀ ਵੇਰਵੇ ਜਾਰੀ ਕਰ ਦਿੱਤੇ ਜਾਣਗੇ। ਪ੍ਰੋਵਿੰਸ ਵਿੱਚ ਕੋਵਿਡ-19 ਵੈਕਸੀਨ ਦੀ ਚੌਥੀ ਡੋਜ਼ ਲਾਂਗ ਟਰਮ ਕੇਅਰ ਹੋਮਜ਼ ਤੇ ਰਿਟਾਇਰਮੈਂਟ ਹੋਮਜ਼ ਦੇ ਰੈਜੀਡੈਂਟਸ ਲਈ ਪਹਿਲਾਂ ਤੋਂ ਹੀ ਉਪਲਬਧ ਹੈ, ਇਸ ਦੇ ਨਾਲ ਹੀ ਇਮਿਊਨਕੰਪਰੋਮਾਈਜਡ ਲੋਕਾਂ ਲਈ ਵੀ ਇਹ ਚੌਥੀ ਡੋਜ਼ ਪਹਿਲਾਂ ਤੋਂ ਹੀ ਉਪਲਬਧ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਇਮਿਊਨਾਈਜੇਸ਼ਨ ਬਾਰੇ ਨੈਸ਼ਨਲ ਐਡਵਾਈਜਰੀ ਕਮੇਟੀ ਨੇ ਆਖਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਚੌਥੀ ਡੋਜ ਦੇਣ ਦੀ ਤਿਆਰੀ ਕਰਨੀ ਚਾਹੀਦੀ ਹੈ। ਫੋਰਡ ਸਰਕਾਰ ਵੱਲੋਂ ਇਹ ਅਪਡੇਟ ਉਸ ਸਮੇਂ ਆਈ ਹੈ ਜਦੋਂ ਪ੍ਰੋਵਿੰਸ ਵਿੱਚ ਇੱਕ ਵਾਰੀ ਫਿਰ ਹਸਪਤਾਲਾਂ ਵਿੱਚ ਲੋਕਾਂ ਦੇ ਦਾਖਲ ਹੋਣ ਦੀ ਤਾਦਾਦ ਵਿੱਚ ਵਾਧਾ ਹੋ ਰਿਹਾ ਹੈ, ਇਸ ਸਮੇਂ ਕੋਵਿਡ-19 ਦੇ ਮਾਮਲੇ ਫਰਵਰੀ ਦੇ ਅਖੀਰ ਤੋਂ ਬਾਅਦ ਸਭ ਤੋਂ ਜ਼ਿਆਦਾ ਹਨ।