ਓਨਟਾਰੀਓ/ਬਿਊਰੋ ਨਿਊਜ਼ : ਛੁੱਟੀਆਂ ਦੇ ਸੀਜਨ ਤੋਂ ਪਹਿਲਾਂ ਰੈਪਿਡ ਟੈਸਟਸ ਵਿੱਚ ਤੇਜੀ ਲਿਆਉਣ ਦੀ ਕੀਤੀ ਜਾ ਰਹੀ ਮੰਗ ਨੂੰ ਦਰਕਿਨਾਰ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਕੋਵਿਡ-19 ਟੈਸਟਿੰਗ ਬਾਰੇ ਪ੍ਰੋਵਿੰਸ ਦੀ ਪਹੁੰਚ ਬਿਲਕੁਲ ਸਹੀ ਹੈ।
ਓਨਟਾਰੀਓ ਦੀਆਂ ਕੁੱਝ ਕੰਮ ਵਾਲੀਆਂ ਥਾਂਵਾਂ ਉੱਤੇ ਮੁਲਾਜ਼ਮਾਂ ਲਈ ਰੈਪਿਡ ਟੈਸਟਸ ਮੁਹੱਈਆ ਕਰਵਾਏ ਜਾ ਰਹੇ ਹਨ ਤੇ ਪਬਲਿਕਲੀ ਫੰਡਿਡ ਸਕੂਲਾਂ ਵਿੱਚ ਬੱਚਿਆਂ ਨੂੰ ਦਸੰਬਰ ਦੀਆਂ ਛੁੱਟੀਆਂ ਲਈ ਪੰਜ ਰੈਪਿਡ ਟੈਸਟ ਵਾਲੀ ਕਿੱਟ ਦੇ ਕੇ ਘਰ ਤੋਰਿਆ ਗਿਆ ਹੈ। ਪਰ ਬਹੁਤੇ ਹਿੱਸਿਆਂ ਵਿੱਚ 15 ਮਿੰਟ ਦੇ ਅੰਦਰ ਨਤੀਜੇ ਦੇਣ ਵਾਲੇ ਟੈਸਟ ਉਨ੍ਹਾਂ ਲੋਕਾਂ ਨੂੰ ਆਸਾਨੀ ਨਾਲ ਉਪਲਬਧ ਨਹੀਂ ਹਨ ਜਿਹੜੇ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਏਸਿੰਪਟੋਮੈਟਿਕ ਕੋਵਿਡ-19 ਇਨਫੈਕਸ਼ਨ ਦੇ ਤੌਖਲੇ ਨੂੰ ਖਤਮ ਕਰਨਾ ਚਾਹੁੰਦੇ ਹਨ।
ਇਹ ਪੁੱਛੇ ਜਾਣ ਉੱਤੇ ਕਿ ਰੈਪਿਡ ਟੈਸਟਸ ਸਾਰੇ ਓਨਟਾਰੀਓ ਵਾਸੀਆਂ ਲਈ ਮੁਫਤ ਕਿਉਂ ਨਹੀਂ ਹਨ ਤਾਂ ਫੋਰਡ ਨੇ ਆਖਿਆ ਕਿ 33 ਮਿਲੀਅਨ ਰੈਪਿਡ ਟੈਸਟ ਉਨ੍ਹਾਂ ਦੀ ਸਰਕਾਰ ਵੱਲੋਂ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਹਰੇਕ ਵਿਦਿਆਰਥੀ ਲਈ ਪੰਜ ਮੁਫਤ ਟੈਸਟ ਵੀ ਮੁਹੱਈਆ ਕਰਵਾਏ ਜਾ ਰਹੇ ਹਨ।