Breaking News
Home / ਦੁਨੀਆ / ਅਮਰੀਕਾ ਨੇ ਕੋਵਿਡ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਕੋਵਿਡ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਹਟਾਈਆਂ

ਵਾਸ਼ਿੰਗਟਨ : ਅਮਰੀਕਾ ਨੇ ਕੋਵਿਡ-19 ਕਾਰਨ ਲਗਭਗ ਡੇਢ ਸਾਲ ਤੋਂ ਵੱਡੀ ਗਿਣਤੀ ਮੁਲਕਾਂ ‘ਤੇ ਹਵਾਈ ਸਫ਼ਰ ਸਬੰਧੀ ਲਾਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਨ੍ਹਾਂ ਮੁਲਕਾਂ ਵਿੱਚ ਮੈਕਸੀਕੋ, ਕੈਨੇਡਾ ਤੇ ਜ਼ਿਆਦਾਤਰ ਯੂਰਪ ਦੇ ਦੇਸ਼ ਸ਼ਾਮਲ ਹਨ। ਜਿਸ ਨਾਲ ਜਿੱਥੇ ਸੈਲਾਨੀ ਲੰਮੇ ਸਮੇਂ ਤੋਂ ਰੁਕੇ ਟ੍ਰਿਪ ਮੁੜ ਬਣਾ ਸਕਣਗੇ, ਉੱਥੇ ਕਾਫੀ ਸਮੇਂ ਤੋਂ ਇੱਕ-ਦੂਜੇ ਤੋਂ ਵਿਛੜੇ ਪਰਿਵਾਰਕ ਮੈਂਬਰ ਵੀ ਆਪਣੇ ਪਰਿਵਾਰਾਂ ਨਾਲ ਮੁੜ ਮਿਲ ਸਕਣਗੇ। ਅਮਰੀਕਾ ਦੇ ਏਅਰਪੋਰਟਸ ਅਤੇ ਜ਼ਮੀਨਦੋਜ਼ ਬਾਰਡਰਾਂ ‘ਤੇ ਦੂਜੇ ਮੁਲਕਾਂ ਦੇ ਕਰੋਨਾ ਵੈਕਸੀਨ ਲਵਾ ਚੁੱਕੇ ਮੁਸਾਫ਼ਰਾਂ ਨੂੰ ਆਉਣ ਦੀ ਆਗਿਆ ਦੇ ਦਿੱਤੀ ਗਈ ਹੈ। ਨਵੇਂ ਨਿਯਮਾਂ ਮੁਤਾਬਕ ਪਹਿਲਾਂ ਪਾਬੰਦੀਸ਼ੁਦਾ ਮੁਲਕਾਂ ਦੇ ਲੋਕਾਂ ਨੂੰ ਹੁਣ ਹਵਾਈ ਸਫ਼ਰ ਦੀ ਆਗਿਆ ਦੇ ਦਿੱਤੀ ਗਈ ਹੈ ਜਦਕਿ ਮੁਸਾਫਰਾਂ ਲਈ ਟੀਕਾਕਰਨ ਦਾ ਸਬੂਤ ਤੇ ਕੋਵਿਡ -19 ਟੈਸਟ ਦੀ ਨੈਗੇਟਿਵ ਰਿਪੋਰਟ ਕੋਲ ਰੱਖਣਾ ਲਾਜ਼ਮੀ ਹੈ। ਮੈਕਸੀਕੋ ਅਤੇ ਕੈਨੇਡਾ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਟੀਕਾਕਰਨ ਸਬੰਧੀ ਸਬੂਤ ਕੋਲ ਰੱਖਣ ਦੀ ਲੋੜ ਪਵੇਗੀ ਜਦਕਿ ਕਰੋਨਾ ਟੈਸਟ ਦੀ ਲੋੜ ਨਹੀਂ ਹੈ। ਦੂਜੇ ਪਾਸੇ ਏਅਰਲਾਈਨਾਂ ਨੂੰ ਯੂਰਪੀ ਮਹਾਂਦੀਪ ਅਤੇ ਹੋਰ ਥਾਵਾਂ ਤੋਂ ਮੁਸਾਫ਼ਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ‘ਸੀਰੀਅਮ’ ਨਾਮੀਂ ਸੰਸਥਾ ਦੇ ਅੰਕੜਿਆਂ ਮੁਤਾਬਕ ਇਸ ਮਹੀਨੇ ਦੇ ਅਖੀਰ ਤੱਕ ਯੂਕੇ ਅਤੇ ਯੂਐੱਸ ਵਿਚਕਾਰ ਉਡਾਣਾਂ ਦੀ ਗਿਣਤੀ 21 ਫੀਸਦੀ ਤੱਕ ਵਧਾਈ ਜਾ ਸਕਦੀ ਹੈ।
ਕਰੋਨਾ ਟੀਕਾਕਰਨ ਕਰਵਾ ਚੁੱਕੇ ਭਾਰਤੀ ਜਾ ਸਕਣਗੇ ਅਮਰੀਕਾ
ਨਵੀਂ ਦਿੱਲੀ : ਅਮਰੀਕੀ ਸਰਕਾਰ ਵੱਲੋਂ ਕੋਵਿਡ-19 ਕਾਰਨ ਕੌਮਾਂਤਰੀ ਮੁਸਾਫਰਾਂ ‘ਤੇ ਸਫਰ ਸਬੰਧੀ ਲਾਈਆਂ ਪਾਬੰਦੀਆਂ ਖਤਮ ਕਰਨ ਮਗਰੋਂ ਸਾਨਫਰਾਂਸਿਸਕੋ ਜਾ ਰਹੇ ਆਦਿਤਯ ਗਰਗ ਨੇ ਦੱਸਿਆ ਕਿ ਆਖਰਕਾਰ ਉਹ ਕੰਮ ਤੇ ਘਰ ਜਾ ਸਕੇਗਾ। ਜੈਪੁਰ ਨਾਲ ਸਬੰਧਤ ਗਰਗ ਕੈਲੀਫੋਰਨੀਆ ਦੀ ਇੱਕ ਇਲੈਕਟ੍ਰਿਕ ਵਾਹਨਾਂ ਦੀ ਕੰਪਨੀ ਵਿੱਚ ਕੰਮ ਕਰਦਾ ਹੈ। ਇਸੇ ਤਰ੍ਹਾਂ ਪ੍ਰੀਤਮ ਦੇਸਵਾਲ ਵੀ ਅਮਰੀਕਾ ‘ਚ ਹੀ ਇੱਕ ਪੇਸ਼ੇਵਰ ਹੈ ਜੋ ਕਰੋਨਾ ਕਾਰਨ ਸਫ਼ਰ ਸਬੰਧੀ ਲੱਗੀਆਂ ਪਾਬੰਦੀਆਂ ਕਾਰਨ ਅਮਰੀਕਾ ਨਹੀਂ ਜਾ ਸਕਿਆ ਸੀ। ਮਹਿਲਾਵਾਂ ਸਮੇਤ ਅਮਰੀਕਾ ਜਾਣ ਵਾਲੇ ਕਈ ਮੁਸਾਫ਼ਰਾਂ ਨੇ ਕਿਹਾ ਕਿ ਟੀਕਾਕਰਨ ਮਗਰੋਂ ਉਨ੍ਹਾਂ ਦਾ ਵਿਸ਼ਵਾਸ ਵਧਿਆ ਹੈ।

 

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …