ਦਿੱਲੀ ‘ਚ ਹੋਏ ਖੇਤਰੀ ਸੁਰੱਖਿਆ ਸਿਖਰ ਸੰਮੇਲਨ ‘ਚ 8 ਦੇਸ਼ਾਂ ਨੇ ਕੀਤੀ ਸ਼ਿਰਕਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਫਗਾਨਿਸਤਾਨ ਨੂੰ ਅੱਤਵਾਦੀਆਂ ਦੀ ਪਨਾਹਗਾਹ ਜਾਂ ਸਿਖਲਾਈ ਕੈਂਪ ਜਾਂ ਵਿੱਤੀ ਪੌਸ਼ਕ ਬਣਾ ਕੇ ਨਹੀਂ ਵਰਤਿਆ ਜਾ ਸਕਦਾ। ਇਹ ਐਲਾਨ ਬੁੱਧਵਾਰ ਨੂੰ ਨਵੀਂ ਦਿੱਲੀ ‘ਚ ਹੋਏ ਖੇਤਰੀ ਸੁਰੱਖਿਆ ਸਿਖਰ ਸੰਮੇਲਨ ‘ਚ ਸ਼ਿਰਕਤ ਕਰਨ ਵਾਲੇ 8 ਦੇਸ਼ਾਂ ਵਲੋਂ ਕੀਤਾ ਗਿਆ, ਜਿਸ ਦੀ ਮੇਜ਼ਬਾਨੀ ਭਾਰਤ ਵਲੋਂ ਕੀਤੀ ਗਈ। ਅਫਗਾਨਿਸਤਾਨ ਬਾਰੇ ਦਿੱਲੀ ਖੇਤਰੀ ਸੁਰੱਖਿਆ ਡਾਇਲਾਗ (ਦਿੱਲੀ ਰਿਜਨਲ ਸਕਿਉਰਿਟੀ ਡਾਇਲਾਗ ਆਨ ਅਫਗਾਨਿਸਤਾਨ) ਦੇ ਸਿਰਲੇਖ ਹੇਠ ਹੋਈ ਰਾਸ਼ਟਰੀ ਸਲਾਹਾਕਾਰਾਂ ਦੀ ਇਸ ਮੀਟਿੰਗ ‘ਚ ਭਾਰਤ, ਈਰਾਨ ਤੇ ਰੂਸ ਤੋਂ ਇਲਾਵਾ ਮੱਧ ਏਸ਼ੀਆਈ ਦੇਸ਼, ਤਜ਼ਾਕਿਸਤਾਨ, ਕਿਰਗਿਸਤਾਨ,ਕਜ਼ਾਖਿਸਤਾਨ, ਉਜ਼ਬੇਕਿਸਤਾਨ ਤੇ ਤੁਰਕਮੇਨਿਸਤਾਨ ਸ਼ਾਮਲ ਹੋਏ। ਸ਼ਾਮਲ ਹੋਏ 8 ਦੇਸ਼ਾਂ ਨੇ ਸੁਰੱਖਿਆ ਅਤੇ ਸਥਿਰ ਅਫਗਾਨਿਸਤਾਨ ਦਾ ਹੋਕਾ ਦਿੰਦਿਆਂ ਕਿਹਾ ਕਿ ਖੁੱਲ੍ਹੀ ਅਤੇ ਸਹੀ ਮਾਅਨੇ ‘ਚ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਜਿਸ ‘ਚ ਅਫਗਾਨਿਸਤਾਨ ਦੇ ਲੋਕਾਂ ਦੀ ਮਰਜ਼ੀ ਸ਼ਾਮਿਲ ਹੋਵੇ ਅਤੇ ਜਿਸ ‘ਚ ਉਨ੍ਹਾਂ ਦੇ ਸਮਾਜ ਦੇ ਹਰ ਤਬਕੇ ਦੀ ਨੁਮਾਇੰਦਗੀ ਹੋਵੇ, ਦਾ ਗਠਨ ਹੋਣਾ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਵਲੋਂ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਬਣ ਗਏ ਹਾਲਾਤ ਦੇ ਮੱਦੇਨਜ਼ਰ ਇਹ ਬੈਠਕ ਕੀਤੀ ਗਈ। ਇਸ ਕਾਨਫ਼ਰੰਸ ‘ਚ ਸ਼ਾਮਿਲ ਹੋਏ ਦੇਸ਼ਾਂ ਨੇ ਨਵੇਂ ਬਣ ਗਏ ਹਾਲਾਤ ‘ਚ ਸਾਹਮਣੇ ਆਏ ਪਰਵਾਸੀ ਸੰਕਟ, ਮਨੁੱਖੀ ਸੰਕਟ, ਨਸ਼ਿਆਂ ਦੀ ਤਸਕਰੀ ਅਤੇ ਅੱਤਵਾਦ ਜਿਹੀਆਂ ਸਮੱਸਿਆਵਾਂ ‘ਤੇ ਤਫਸੀਲੀ ਚਰਚਾ ਕੀਤੀ ਅਤੇ ਇਸ ਦਾ ਸਾਂਝਾ ਹੱਲ ਲੱਭਣ ਦੀ ਲੋੜ ‘ਤੇ ਜ਼ੋਰ ਦਿੱਤਾ। 8 ਸੁਰੱਖਿਆ ਸਲਾਹਕਾਰਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਔਰਤਾਂ, ਬੱਚਿਆਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਬੁਨਿਆਦੀ ਹੱਕ ਯਕੀਨੀ ਬਣਾਉਣਾ ਬਹੁਤ ਅਹਿਮ ਹੈ। ਬੈਠਕ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ‘ਚ ਅਫਗਾਨਿਸਤਾਨ ਦੀ ਮੌਜੂਦਾ ਸਿਆਸੀ ਸਥਿਤੀ ‘ਤੇ ਵਿਸ਼ੇਸ਼ ਧਿਆਨ ਦਿੰਦਿਆਂ ਕਿਹਾ ਗਿਆ ਕਿ ਬੈਠਕ ‘ਚ ਅੱਤਵਾਦ ਅਤੇ ਨਸ਼ਿਆਂ ਤੇ ਮਨੁੱਖੀ ਤਸਕਰੀ ਦੇ ਖਦਸ਼ਿਆਂ ‘ਤੇ ਵੀ ਚਰਚਾ ਕੀਤੀ ਗਈ। ਸ਼ਾਮਲ ਦੇਸ਼ਾਂ ਨੇ ਅਫ਼ਗਾਨਿਸਤਾਨ ਨੂੰ ਸੰਭਵ ਮਨੁੱਖੀ ਮਦਦ ਮੁਹੱਈਆ ਕਰਵਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਸਾਂਝੇ ਬਿਆਨ ‘ਚ ਅਫਗਾਨਿਸਤਾਨ ਦਾ ਕੋਵਿਡ-19 ਨਾਲ ਨਜਿੱਠਣ ਲਈ ਮਦਦ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਮੇਜ਼ਬਾਨ ਭਾਰਤ ਵਲੋਂ ਬੈਠਕ ਦੀ ਸ਼ੁਰੂਆਤ ਕਰਦਿਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਅਫਗਾਨਿਸਤਾਨ ‘ਚ ਬਣੇ ਹਾਲਾਤ ਦੇ ਪ੍ਰਭਾਵ ਸਿਰਫ਼ ਉੱਥੋਂ ਦੇ ਲੋਕਾਂ ਲਈ ਹੀ ਨਹੀਂ ਸਗੋਂ ਗੁਆਂਢੀਆਂ ਅਤੇ ਖੇਤਰ ਲਈ ਵੀ ਅਹਿਮ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਚਰਚਾ ਉਸਾਰੂ, ਲਾਹੇਵੰਦ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ‘ਚ ਯੋਗਦਾਨ ਪਾਵੇਗੀ। ਮੀਟਿੰਗ ਤੋਂ ਬਾਅਦ ਸਾਰੇ ਸੁਰੱਖਿਆ ਸਲਾਹਕਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਇਸ ਮੀਟਿੰਗ ‘ਚ ਚੀਨ ਅਤੇ ਪਾਕਿਸਤਾਨ ਨੇ ਸ਼ਿਰਕਤ ਨਹੀਂ ਕੀਤੀ।
Check Also
ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਆਸਟਰੇਲੀਆ ’ਚ ਲੱਗੇਗੀ ਪਾਬੰਦੀ
ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਾਨੂੰਨ ਬਣਾਉਣ ਦੀ ਕੀਤੀ ਤਿਆਰੀ …