ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਭਾਰਤੀ ਕਿਸਾਨਾਂ ਦੇ ਹੱਕ ਵਿਚ ਅਮਰੀਕੀ ਸਿੱਖਾਂ ਵਲੋਂ ਸ਼ਾਂਤੀਪੂਰਨ ਰੋਸ ਰੈਲੀਆਂ ਕੀਤੀਆਂ ਗਈਆਂ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਕਾਰਾਂ ਦੇ ਕਾਫ਼ਲੇ ਨੇ ਬੇਅ ਬ੍ਰਿਜ ਉਤੇ ਟਰੈਫਿਕ ਜਾਮ ਕਰ ਦਿੱਤੀ। ਇਸ ਤੋਂ ਇਲਾਵਾ ਡਾਊਨਟਾਊਨ ਇੰਡੀਆਨਾਪੋਲਿਸ ਵਿਚ ਵੀ ਸੈਂਕੜੇ ਵਿਅਕਤੀ ਇਕੱਤਰ ਹੋਏ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਨਵੇਂ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਭਾਰਤੀ ਕਿਸਾਨਾਂ ਨੂੰ ਗਰੀਬੀ ਵੱਲ ਧੱਕ ਦੇਣਗੇ ਤੇ ਕਾਰਪੋਰੇਟ ਸੈਕਟਰ ਦੀ ਅਜ਼ਾਰੇਦਾਰੀ ਕਾਇਮ ਹੋ ਜਾਵੇਗੀ। ਇੰਡੀਆਨਾ ਅਧਾਰਿਤ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੂਹ ਹਨ। ਰੂਹ ਦੀ ਰਾਖ਼ੀ ਕਰਨੀ ਬਣਦੀ ਹੈ।
ਵਿਨੀਪੈਗ ‘ਚ ਕਿਸਾਨਾਂ ਦੇ ਹੱਕ ਵਿਚ ਕਾਰ ਰੈਲੀ
ਵਿਨੀਪੈਗ : ਭਾਰਤੀ ਕਿਸਾਨਾਂ ਦੇ ਅੰਦੋਲਨ ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵੀ ਕਿਸਾਨਾਂ ਦੀ ਹਮਾਇਤ ਵਿਚ ਅੱਗੇ ਆ ਗਏ ਹਨ। ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦੇਣ ਲਈ ਕੈਨੇਡਾ ਦੇ ਵਿਨੀਪੈਗ ਵਿਚ ਪੰਜਾਬੀਆਂ ਨੇ ਕਾਰ ਰੈਲੀ ਕੱਢੀ। ਰੈਲੀ ਵਿਚ ਹਰ ਉਮਰ ਵਰਗ ਦੇ ਲੋਕ ਸ਼ਾਮਲ ਹੋਏ। ਰੈਲੀ ਵਿਚ 800 ਤੋਂ ਵੱਧ ਕਾਰਾਂ ਦੇਖੀਆਂ ਗਈਆਂ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ‘ਕਿਸਾਨ ਏਕਤਾ ਜ਼ਿੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਵੋ’, ‘ਕਿਸਾਨਾਂ ਨੂੰ ਰੁਲਣ ਤੋਂ ਬਚਾਓ’, ‘ਦੁਨੀਆ ਦੇ ਅੰਨਦਾਤੇ ਤੋਂ ਉਸ ਦੇ ਹੱਕ ਨਾ ਖੋਹੋ’, ‘ਅੰਨਦਾਤੇ ਦੇ ਹੱਕ ਦੀ ਲੜਾਈ’ ਆਦਿ ਜਿਹੇ ਨਾਅਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਕਾਰਾਂ, ਟਰੱਕਾਂ ਅਤੇ ਮੋਟਰ ਸਾਈਕਲਾਂ ‘ਤੇ ਵਿਨੀਪੈਗ ਸ਼ਹਿਰ ਦਾ ਚੱਕਰ ਲਗਾਇਆ ਅਤੇ ਕਿਸਾਨਾਂ ਦੇ ਹੱਕ ਵਿਚ ਨਾਅਰੇ ਲਗਾਉਂਦੇ ਰਹੇ।
ਵੈਨਕੂਵਰ ‘ਚ ਸੜਕਾਂ ਕੰਢੇ ਖੜ੍ਹੇ ਕੀਤੇ ਟਰੈਕਟਰ
ਵੈਨਕੂਵਰ : ਭਾਰਤ ਦੇ ਕਿਸਾਨ ਅੰਦੋਲਨ ਵਿਚ ਵਿਦੇਸ਼ੀ ਸਰਕਾਰਾਂ ਰਾਹੀਂ ਦਬਾਅ ਬਣਾਉਣ ਲਈ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਤਹਿਤ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਕੀਤੇ ਗਏ। ਸਰੀ ਦੇ ਨਿਊਟਨ ਖੇਤਰ, ਮੈਪਲ ਰਿੱਜ, ਮਿਸ਼ਨ, ਹੋਪ, ਐਬਟਸਫੋਰਡ, ਚਿਲਾਵੈਕ, ਮੈਰਿਟ, ਵਰਨਨ ਵਿਕਟੋਰੀਆ, ਬਰੈਂਪਟਨ, ਕੈਲਗਰੀ, ਮਿਨੀਟੋਬਾ, ਸਸਕੈਚਵਨ ਅਤੇ ਉਨਟਾਰੀਓ ਦੇ ਕਈ ਸ਼ਹਿਰਾਂ ਵਿਚ ਰੋਸ ਰੈਲੀਆਂ ਕੀਤੀਆਂ ਗਈਆਂ। ਬਹੁਤੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਉਤੇ ਝੰਡੇ ਅਤੇ ਤਖ਼ਤੀਆਂ ਟੰਗ ਕੇ ਸੜਕਾਂ ਕੰਢੇ ਖੜ੍ਹੇ ਕੀਤੇ ਹੋਏ ਸਨ। ਹਰ ਸ਼ਹਿਰ ਵਿਚ ਸੈਂਕੜੇ ਮਰਦ ਅਤੇ ਔਰਤਾਂ ਹੱਥਾਂ ਵਿਚ ਤਖ਼ਤੀਆਂ ਫੜ ਕੇ ਸੜਕਾਂ ਕੰਢੇ ਨਾਅਰੇਬਾਜ਼ੀ ਕਰਦੇ ਵੇਖੇ ਗਏ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …