Breaking News
Home / ਦੁਨੀਆ / ਵਿਦੇਸ਼ਾਂ ਵਿਚ ਵੀ ਮਿਲ ਰਿਹਾ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ

ਵਿਦੇਸ਼ਾਂ ਵਿਚ ਵੀ ਮਿਲ ਰਿਹਾ ਕਿਸਾਨ ਅੰਦੋਲਨ ਨੂੰ ਭਰਵਾਂ ਹੁੰਗਾਰਾ

ਆਸਟਰੇਲੀਆ ‘ਚ ਭਾਰਤੀ ਹਾਈ ਕਮਿਸ਼ਨ ਅੱਗੇ ਰੋਸ ਮੁਜ਼ਾਹਰਾ
ਮੈਲਬਰਨ : ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਅੱਗੇ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਆਸਟਰੇਲੀਆ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਇਸ ਵਿਚ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਜਥੇਬੰਦੀਆਂ ਦੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨਾਂ ਦੌਰਾਨ ਹਾਈ ਕਮਿਸ਼ਨ ਅੱਗੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਕਮਿਸ਼ਨ ਦਾ ਕੋਈ ਵੀ ਅਧਿਕਾਰੀ ਜਾਂ ਨੁਮਾਇੰਦਾ ਬਾਹਰ ਨਹੀਂ ਆਇਆ। ਹਾਲਾਂਕਿ ਮਾਈਕ ਜ਼ਰੀਏ ਬੁਲਾਰਿਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸਥਾਨਕ ਗੁਰੂਘਰ ਦੇ ਸਹਿਯੋਗ ਨਾਲ ਭਾਈਚਾਰੇ ਵੱਲੋਂ ਪਹੁੰਚੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੱਛਮੀ ਆਸਟਰੇਲੀਆ ਦੀ ਸੰਸਦ ਅੱਗੇ ਵੀ ਵੱਡੀ ਗਿਣਤੀ ਵਿਚ ਵਿਅਕਤੀ ਕਿਸਾਨਾਂ ਦੇ ਸਮਰਥਨ ਵਿਚ ਇਕੱਠੇ ਹੋਏ, ਪਰਥ ‘ਚ ਹੋਏ ਇਸ ਪ੍ਰਦਰਸ਼ਨ ਵਿਚ ਹਰ ਵਰਗ ਨੇ ਸ਼ਮੂਲੀਅਤ ਕੀਤੀ।
ਅਮਰੀਕਾ ਦੇ ਟੁੱਟ ਭਰਾਵਾਂ ਨੇ ਕਿਸਾਨ ਮੋਰਚੇ ਲਈ ਭੇਜੇ 20 ਕੁਇੰਟਲ ਬਦਾਮ
ਸਾਨ ਫਰਾਂਸਿਸਕੋ : ਪੰਜਾਬ ਤੋਂ ਉੱਠਿਆ ਕਿਸਾਨ ਅੰਦੋਲਨ ਵਾਵਰੋਲਾ ਬਣ ਕੇ ਸਾਰੇ ਦੇਸ਼ ਤੇ ਵਿਦੇਸ਼ਾਂ ਤੱਕ ਫੈਲ ਚੁੱਕਾ ਹੈ। ਅਮਰੀਕਾ ਵਸਦੇ ਟੁੱਟ ਬ੍ਰਦਰਜ਼ ਵਜੋਂ ਮਸ਼ਹੂਰ ਸੁਰਜੀਤ ਸਿੰਘ ਟੁੱਟ ਤੇ ਰਣਵੀਰ ਸਿੰਘ ਰਾਣਾ ਟੁੱਟ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਹੋਣ ਤੋਂ ਇਲਾਵਾ ਸਫਲ ਕਿਸਾਨ ਵੀ ਹਨ, ਜੋ ਕੈਲੀਫੋਰਨੀਆ ਸੂਬੇ ਵਿਚ ਲਗਪਗ 10 ਹਜ਼ਾਰ ਏਕੜ ਵਿਚ ਬਦਾਮਾਂ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਕਿਸਾਨੀ ਮੋਰਚੇ ਲਈ 20 ਕੁਇੰਟਲ ਬਦਾਮ ਭੇਜੇ ਹਨ। ਇਹ ਦੋਵੇਂ ਭਰਾ ਕਬੱਡੀ ਖੇਡ ਦੇ ਵੱਡੇ ਪ੍ਰਮੋਟਰ ਹਨ। ਰਾਣਾ ਟੁੱਟ ਨੇ ਦੱਸਿਆ ਕਿ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੇ ਅਤੇ ਇਸ ਅੰਦੋਲਨ ਨੂੰ ਸ਼ਾਂਤ ਕਰੇ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …