Breaking News
Home / ਪੰਜਾਬ / ‘ਨਸ਼ਿਆਂ ਦੇ ਖਾਤਮੇ ਲਈ ਖੇਡਾਂ ਸਭ ਤੋਂ ਕਾਰਗਰ’

‘ਨਸ਼ਿਆਂ ਦੇ ਖਾਤਮੇ ਲਈ ਖੇਡਾਂ ਸਭ ਤੋਂ ਕਾਰਗਰ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਿਡਾਰੀਆਂ ਦਾ ਸਨਮਾਨ
ਮੁੱਖ ਮੰਤਰੀ ਨੇ ਏਸ਼ਿਆਈ ਤੇ ਕੌਮੀ ਖੇਡਾਂ ਦੇ 168 ਤਗਮਾ ਜੇਤੂਆਂ ਨੂੰ 34 ਕਰੋੜ ਰੁਪਏ ਦੇ ਨਗ਼ਦ ਇਨਾਮ ਵੰਡੇ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ-35 ਸਥਿਤ ਮਿਉਂਸਿਪਲ ਭਵਨ ਵਿੱਚ ਏਸ਼ਿਆਈ ਤੇ ਕੌਮੀ ਖੇਡਾਂ ‘ਚ ਤਮਗਾ ਜੇਤੂ 168 ਖਿਡਾਰੀਆਂ ਨੂੰ 33.83 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ। ਖਿਡਾਰੀਆਂ ਨੂੰ ਨਕਦ ਇਨਾਮ ਵੰਡਣ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਕੇ ਨੌਜਵਾਨਾਂ ਦੀ ਅਣਵਰਤੀ ਊਰਜਾ ਨੂੰ ਖੇਡਾਂ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਪਾਸੇ ਵਰਤਿਆ ਜਾ ਰਿਹਾ ਹੈ। ਇਸ ਨਾਲ ਖੇਡਾਂ ਵਿੱਚ ਸ਼ਾਮਲ ਨੌਜਵਾਨਾਂ ਕੋਲ ਨਸ਼ਿਆਂ ਵਾਲੇ ਪਾਸੇ ਜਾਂ ਹੋਰ ਮਾੜੇ ਕੰਮ ਕਰਨ ਲਈ ਸਮਾਂ ਹੀ ਨਹੀਂ ਬਚਦਾ। ਮਾਨ ਨੇ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਖੇਡਾਂ ਕਾਰਗਰ ਹਥਿਆਰ ਸਾਬਤ ਹੋ ਸਕਦੀਆਂ ਹਨ, ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਜੋਰ-ਸ਼ੋਰ ਨਾਲ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਏਸ਼ਿਆਈ ਖੇਡਾਂ ਲਈ ਤਿਆਰੀਆਂ ਕਰਨ ਵਾਲੇ 58 ਖਿਡਾਰੀਆਂ ਨੂੰ 8-8 ਲੱਖ ਰੁਪਏ ਦਿੱਤੇ ਗਏ ਸਨ। ਹੁਣ ਓਲੰਪਿਕ ਦੀਆਂ ਤਿਆਰੀਆਂ ਲਈ ਖਿਡਾਰੀਆਂ ਨੂੰ 15-15 ਲੱਖ ਰੁਪਏ ਦਿੱਤੇ ਜਾਣਗੇ ਤਾਂ ਕਿ ਖਿਡਾਰੀ ਸਹੀ ਢੰਗ ਨਾਲ ਤਿਆਰੀ ਕਰ ਸਕਣ। ਮੁੱਖ ਮੰਤਰੀ ਨੇ ਸੂਬੇ ਦੇ ਕੋਚਾਂ ਨੂੰ ਵੀ ਜੋਰ-ਸ਼ੋਰ ਨਾਲ ਖਿਡਾਰੀਆਂ ਨੂੰ ਸਿਖਲਾਈ ਦੇਣ ਦੀ ਅਪੀਲ ਕੀਤੀ। ਮਾਨ ਨੇ ਐਲਾਨ ਕੀਤਾ ਕਿ ਕੌਮਾਂਤਰੀ ਖੇਡਾਂ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਦੇ 40 ਫ਼ੀਸਦ ਬਰਾਬਰ ਰਾਸ਼ੀ ਕੋਚਾਂ ਨੂੰ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੁਲਿਸ ਬਲ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਚਾਰ ਸਾਲਾਂ ਦੌਰਾਨ ਪੰਜਾਬ ਪੁਲਿਸ ‘ਚ ਹਰ ਸਾਲ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲ ਰਹੀ ਹੈ।
ਮੁੱਖ ਮੰਤਰੀ ਨੇ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਇਕ ਕਰੋੜ ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 75 ਲੱਖ ਰੁਪਏ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 50 ਲੱਖ ਰੁਪਏ ਦਿੱਤੇ।

 

Check Also

ਪੰਜਾਬ ’ਚ 1 ਜਨਵਰੀ ਤੋਂ ਆਫਲਾਈਨ ਵੈਰੀਫਿਕੇਸ਼ਨ ਹੋਵੇਗੀ ਬੰਦ

ਵੈਰੀਫਿਕੇਸ਼ਨ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਆਨਲਾਈਨ ਹੋਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ 1 ਜਨਵਰੀ ਤੋਂ ਵੈਰੀਫਿਕੇਸ਼ਨ …