ਮਿਡ ਡੇਅ ਮੀਲ ਤਹਿਤ ਬੱਚਿਆਂ ਨੂੰ ਹਰ ਬੁੱਧਵਾਰ ਨੂੰ ਮਿਲਣਗੇ ਪੂਰੀਆਂ ਅਤੇ ਛੋਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੀਤ ਲਹਿਰ ਅਤੇ ਧੁੰਦ ਦੇ ਚਲਦਿਆਂ ਪੰਜਾਬ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਅਤੇ ਏਡਿਡ ਸਕੂਲਾਂ ’ਚ ਵਿਦਿਆਰਥੀਆਂ ਨੂੰ ਹਰ ਬੁੱਧਵਾਰ ਨੂੰ ਗਰਮਾ-ਗਰਮ ਪੂਰੀਆਂ ਅਤੇ ਕਾਲੇ ਛੋਲੇ ਪਰੋਸਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਬੁੱਧਵਾਰ ਤੋਂ ਲਾਗੂ ਵੀ ਹੋ ਗਿਆ। ਅਧਿਆਪਕਾਂ ਵੱਲੋਂ ਜਾਰੀ ਹੋਏ ਨਵੇਂ ਹੁਕਮ ਦੀ ਪਾਲਣਾ ਤਾਂ ਕੀਤੀ ਗਈ ਪ੍ਰੰਤੂ ਉਨ੍ਹਾਂ ਨੂੰ ਪੜ੍ਹਾਈ ਦਾ ਕੰਮ ਛੱਡ ਕੇ ਚੁੱਲ੍ਹਾ ਸੰਭਾਲਣਾ ਪਿਆ। ਅਧਿਆਪਕਾਂ ਨੇ ਖਾਣਾ ਖਾਣ ਤੋਂ ਬਾਅਦ ਵੀ ਬੱਚਿਆਂ ਦਾ ਧਿਆਨ ਰੱਖਿਆ ਤਾਂ ਕਿ ਕੋਈ ਬੱਚਾ ਤਲਿਆ ਹੋਇਆ ਖਾਣ ਤੋਂ ਬਾਅਦ ਪਾਣੀ ਨਾ ਪੀ ਲਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੱਚੇ ਦਾ ਗਲਾ ਖਰਾਬ ਹੋਣਾ ਲਾਜ਼ਮੀ ਹੈ ਅਤੇ ਅਜਿਹੇ ’ਚ ਬੱਚੇ ਨੂੰ ਖਾਂਸੀ ਵੀ ਹੋ ਸਕਦੀ ਹੈ। ਸਕੂਲ ਅਧਿਆਪਕਾਂ ਲਈ ਇਹ ਹੁਕਮ ਸਿਰਦਰਦੀ ਬਣ ਗਿਆ ਹੈ ਕਿਉਂਕਿ ਸੈਂਕੜੇ ਬੱਚਿਆਂ ਨੂੰ ਗਰਮ ਪੂਰੀਆਂ ਪਰੋਸਣਾ ਇਕੱਲੇ ਮਿਡ ਡੇ ਮੀਲ ਵਰਕਰਾਂ ਦੇ ਵਸ ਦੀ ਗੱਲ ਨਹੀਂ। ਇਸ ਲਈ ਉਨ੍ਹਾਂ ਦੀ ਮਦਦ ਲਈ ਅਧਿਆਪਕਾਂ ਨੂੰ ਵੀ ਆਉਣਾ ਪਿਆ। ਉਧਰ ਟੀਚਰ ਯੂਨੀਅਨ ਨੇ ਮਿਡ ਡੇਅ ਮੀਲ ਲਈ ਦਿੱਤੇ ਜਾ ਰਹੇ ਬਜਟ ’ਤੇ ਵੀ ਸਵਾਲ ਚੁੱਕੇ ਕਿ ਇੰਨੇ ਘੱਟ ਬਜਟ ’ਚ ਬੱਚਿਆਂ ਨੂੰ ਪੂਰੀਆਂ ਅਤੇ ਛੋਲੇ ਦੋਣਾ ਸੌਖਾ ਕੰਮ ਨਹੀਂ।