Breaking News
Home / ਪੰਜਾਬ / ਚੋਣਾਂ ‘ਚ ਡੇਰਾ ਸਿਰਸਾ ਤੋਂ ਸਮਰਥਨ ਮੰਗਣ ‘ਤੇ ਅਕਾਲ ਤਖਤ ਸਾਹਿਬ ਦੀ ਕਾਰਵਾਈ

ਚੋਣਾਂ ‘ਚ ਡੇਰਾ ਸਿਰਸਾ ਤੋਂ ਸਮਰਥਨ ਮੰਗਣ ‘ਤੇ ਅਕਾਲ ਤਖਤ ਸਾਹਿਬ ਦੀ ਕਾਰਵਾਈ

ਅਕਾਲੀ, ਕਾਂਗਰਸੀ ਅਤੇ ਆਪ ਦੇ 44 ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ
ਭੱਠਲ, ਰਾਜਾ ਵੜਿੰਗ, ਕੇਵਲ ਢਿੱਲੋਂ, ਮਲੂਕਾ, ਜੀਤਮਹਿੰਦਰ ਸਿੱਧੂ, ਜਨਮੇਜਾ ਸਿੰਘ ਸੇਖੋਂ, ਪਰਮਿੰਦਰ ਢੀਂਡਸਾ, ਸੁਰਜੀਤ ਰੱਖੜਾ ਵੀ ਤਲਬ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਡੇਰਾ ਸਿਰਸਾ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਪਰ ਅਕਾਲ ਤਖਤ ਸਾਹਿਬ ਨੇ ਕਾਰਵਾਈ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਵੀ ਕਰ ਦਿੱਤੀ। ਇਨ੍ਹਾਂ ਤਿੰਨਾਂ ਪਾਰਟੀਆਂ ਦੇ 44 ਆਗੂਆਂ ਨੂੰ 17 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਲਈ ਕਿਹਾ ਹੈ। ਪ੍ਰੈਸ ਕਾਨਫਰੰਸ ਵਿਚ ਜਦੋਂ ਇਹ ਮਾਮਲਾ ਉਠਿਆ ਕਿ ਇਸ ਲਈ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਭੜਕ ਗਏ ਅਤੇ ਸ਼ਰ੍ਹੇਆਮ ਸੁਖਬੀਰ ਦੀ ਹਮਾਇਤ ਕਰਦੇ ਹੋਏ ਇਥੋਂ ਤੱਕ ਕਹਿ ਗਏ ਉਨ੍ਹਾਂ ਦਾ ਕੀ ਕਸੂਰ ਹੈ। ਇਸ ਗੱਲ ਦੇ ਸਬੂਤ ਵੀ ਦਿੱਤੇ ਗਏ ਕਿ ਡੇਰੇ ਦੀ ਹਮਾਇਤ ‘ਤੇ ਸ਼੍ਰੋਮਣੀ ਅਕਾਲੀਅਕਾਲੀ ਦਲ ਨੇ ਇਸ ਨੂੰ ਚੰਗਾ ਕਦਮ ਦੱਸਿਆ ਸੀ। ਚੋਣਾਂ ਵਿਚ ਅਕਾਲੀ ਦਲ, ਕਾਂਗਰਸ ਅਤੇ ‘ਆਪ’ ਦੇ ਆਗੂਆਂ ਨੇ ਡੇਰੇ ਤੋਂ ਸਮਰਥਨ ਮੰਗਿਆ ਸੀ। ਇਸ ‘ਤੇ ਜਦ ਮਾਮਲਾ ਗਰਮਾਇਆ ਤਾਂ ਅਕਾਲ ਤਖਤ ਸਾਹਿਬ ਨੇ ਐਸਜੀਪੀਸੀ ਨੂੰ ਜਾਂਚ ਲਈ ਕਹਿ ਦਿੱਤਾ ਸੀ। ਇਸ ਤੋਂ ਬਾਅਦ 3 ਮੈਂਬਰੀ ਕਮੇਟੀ ਨੇ 44 ਆਗੂਆਂ ਦੀ ਨਿਸ਼ਾਨਦੇਹੀ ਕੀਤੀ ਸੀ। ਮੰਗਲਵਾਰ ਨੂੰ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਇਨ੍ਹਾਂ ਨੇਤਾਵਾਂ ਨੂੰ ਤਲਬ ਕਰ ਲਿਆ ਗਿਆ ਹੈ।
17 ਅਪ੍ਰੈਲ ਨੂੰ ਇਨ੍ਹਾਂ ਨੇਤਾਵਾਂ ਨੂੰ ਪੇਸ਼ ਹੋਣਾ ਪਵੇਗਾ : ਜਾਂਚ ਕਮੇਟੀ ਨੇ ਦੋ ਕੈਟਾਗਿਰੀਆਂ ਵਿਚ ਆਗੂਆਂ ਨੂੰ ਵੰਡਿਆ ਹੈ। ਪਹਿਲੇ ਉਹ ਜੋ ਸਿੱਧਾ ਡੇਰਾ ਸਿਰਸਾ ਪਹੁੰਚੇ, ਉਨ੍ਹਾਂ ਵਿਚ 14 ਅਕਾਲੀ ਆਗੂ ਹਨ, 13 ਕਾਂਗਰਸੀ ਅਤੇ 1 ‘ਆਪ’ ਆਗੂ ਹੈ। ਉਥੇ ਦੂਜੀ ਕੈਟਾਗਿਰੀ ਵਿਚ 15 ਅਕਾਲੀ ਆਗੂ ਹਨ, ਇਸ ਕੈਟਾਗਿਰੀ ਵਿਚ ਉਹ ਆਗੂ ਹਨ ਜਿਨ੍ਹਾਂ ਨੇ ਪੰਜਾਬ ਵਿਚ ਸਿਰਸੇ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸਿਰਸਾ ਜਾਣ ਵਾਲੇ ਅਕਾਲੀਆਂ ਵਿਚ ਜੀਤਮਹਿੰਦਰ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਟਭਾਈ, ਹਰਦੀਪ ਸਿੰਘ ਢਿੱਲੋਂ, ਦਿਲਰਾਜ ਸਿੰਘ ਭੂੰਦੜ, ਵਰਿੰਦਰ ਕੌਰ, ਪ੍ਰਕਾਸ਼ ਸਿੰਘ ਭੱਟੀ, ਕੰਵਲਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਨਿਸ਼ਾਨ ਸਿੰਘ ਬੁਢਲਾਡਾ, ਮਨਤਾਰ ਸਿੰਘ ਬਰਾੜ ਸ਼ਾਮਲ ਹਨ। ਉਥੇ ਕਾਂਗਰਸ ਦੇ ਰਜਿੰਦਰ ਕੌਰ ਭੱਠਲ, ਮਨਪ੍ਰੀਤ ਬਾਦਲ ਦੇ ਬੇਟੇ ਅਰਜੁਨ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਜੀਤਇੰਦਰ ਸਿੰਘ ਮੋਫਰ, ਕੇਵਲ ਸਿੰਘ ਢਿੱਲੋਂ, ਰਣਦੀਪ ਸਿੰਘ ਨਾਭਾ, ਅਜਾਇਬ ਸਿੰਘ ਭੱਟੀ, ਦਰਸ਼ਨ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਕਰਮ ਬਰਾੜ, ਖੁਸ਼ਬਾਜ਼ ਸਿੰਘ ਜਟਾਣਾ, ਰਜਿੰਦਰ ਸਿੰਘ ਸਵਾਨਾ, ਦਮਨ ਕੌਰ ਬਾਜਵਾ ਅਤੇ ‘ਆਪ’ ਦੇ ਨਰਿੰਦਰ ਸਿੰਘ ਸੰਧਾ ਸ਼ਾਮਲ ਹਨ।  ਦੂਸਰੀ ਕੈਟਾਗਿਰੀ ਵਿਚ ਇੰਦਰ ਇਕਬਾਲ ਸਿੰਘ ਅਟਵਾਲ, ਰਣਜੀਤ ਸਿੰਘ ਤਲਵੰਡੀ, ਦੀਦਾਰ ਸਿੰਘ ਭੱਟੀ, ਦਰਬਾਰਾ ਸਿੰਘ ਗੁਰੂ, ਈਸ਼ਰ ਸਿੰਘ ਮੇਹਰਬਾਨ, ਜਗਦੀਪ ਸਿੰਘ ਨਕਈ, ਦਰਸ਼ਨ ਸਿੰਘ ਕੋਟ ਫੱਤਾ, ਗੁਲਜ਼ਾਰ ਸਿੰਘ, ਇਕਬਾਲ ਸਿੰਘ ਝੂੰਦਾਂ, ਗੋਬਿੰਦ ਸਿੰਘ ਲੌਂਗੋਵਾਲ, ਹਰੀ ਸਿੰਘ ਨਾਭਾ, ਅਜੀਤ ਸਿੰਘ ਸ਼ਾਂਤ, ਸੁਰਿੰਦਰ ਸਿੰਘ ਸਿਬੀਆ, ਪਰਮਬੰਸ ਸਿੰਘ ਬੰਟੀ, ਮਨਪ੍ਰੀਤ ਸਿੰਘ ਇਆਲੀ ਸ਼ਾਮਲ ਹਨ।
ਜਗਦੀਸ਼ ਝੀਂਡਾ ਤਨਖਾਹੀਆ ਕਰਾਰ
ਅੰਮ੍ਰਿਤਸਰ : ਪੰਥ ਵਿਚੋਂ ਛੇਕੇ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਐਸਜੀਪੀਸੀ ਦੇ ਸਾਬਕਾ ਮੈਂਬਰ ਜਗਦੀਸ਼ ਸਿੰਘ ਝੀਂਡਾ ਮੰਗਲਵਾਰ ਨੂੰ ਦੁਬਾਰਾ ਪੰਥ ‘ਚ ਸ਼ਾਮਲ ਹੋਣ ਲਈ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਪੰਥਕ ਮਰਿਆਦਾ ਅਤੇ ਪਰੰਪਰਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤਨਖਾਹ ਲਗਾਈ, ਜਿਸ ਨੂੰ ਝੀਂਡਾ ਨੇ ਕਬੂਲ ਕੀਤਾ। ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਦੀਦਾਰ ਸਿੰਘ ਨਲਵੀ ਅਤੇ ਸਾਬਕਾ ਮੰਤਰੀ ਹਰਮੋਹਿੰਦਰ ਸਿੰਘ ਚੱਠਾ ‘ਤੇ ਹਰਿਆਣਾ ਦੇ ਗੁਰਦੁਆਰਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਗੁੰਡਾਗਰਦੀ ਕਰਨ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਗਿਆ ਸੀ। ਪਰਉਹ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ 16 ਜੁਲਾਈ 2016 ਨੂੰ ਇਨ੍ਹਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ। ਝੀਂਡਾ ਦੀ ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨਾਲ ਚੰਡੀਗੜ੍ਹ ਵਿਚ 25 ਮਾਰਚ ਨੂੰ ਮੀਟਿੰਗ ਹੋਈ ਤਾਂ ਕੁਝ ਗੱਲਾਂ ਤਹਿ ਹੋਈਆਂ ਸਨ। ਉਸ ਤੋਂ ਤੁਰੰਤ ਬਾਅਦ ਜਗਦੀਸ਼ ਸਿੰਘ ਝੀਂਡਾ ਨੇ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਝੀਂਡਾ ਨੂੰ ਜਥੇਦਾਰ ਨੇ ਤਨਖਾਹ ਲਗਾਉਣ ਦਾ ਹੁਕਮ ਦਿੱਤਾ ਉਹ ਗੁਰਦੁਆਰਾ ਥਾਨੇਸਰ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ, ਖੁਦ ਗੁਰਬਾਣੀ ਸਰਵਣ ਕਰਨ ਦੇ ਨਾਲ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕ ਕੇ ਗੁਰੂ ਰਾਮਦਾਸ ਲੰਗਰ ਵਿਚ ਇਕ ਘੰਟਾ ਭਾਂਡੇ ਮਾਂਜਣ ਦੀ ਸੇਵਾ ਕਰਨ ਅਤੇ ਫਿਰ ਅਕਾਲ ਤਖਤ ਸਾਹਿਬ ‘ਤੇ 101 ਰੁਪਏ ਦੇ ਕੜਾਹ ਪ੍ਰਸਾਦ ਦੀ ਦੇਗ ਭੇਟ ਕਰਕੇ ਖਿਮਾ ਯਾਚਨਾ ਕਰਦੇ ਹੋਏ ਦੁਬਾਰਾ ਪੰਥ ਵਿਚ ਸ਼ਾਮਲ ਹੋਣ ਦੀ ਅਰਦਾਸ ਕਰਵਾਉਣ।

Check Also

ਕਿਸਾਨਾਂ ਦੇ ਹੱਕ ‘ਚ ਨਿੱਤਰੇ ਨਵਜੋਤ ਸਿੱਧੂ

ਕਿਹਾ – ਖੇਤੀਬਾੜੀ ਪੰਜਾਬ ਦੀ ਆਤਮਾ ਹੈ ਤੇ ਇਸ ਦੀ ਰੂਹ ‘ਤੇ ਹਮਲਾ ਬਰਦਾਸ਼ਤ ਨਹੀਂ …