ਕਿਸਾਨਾਂ ਦੇ ਹੱਕ ‘ਚ ਚੁੱਕੀ ਆਵਾਜ਼
ਚੰਡੀਗੜ੍ਹ/ਬਿਊਰੋ ਲਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਉਠਾਈ ਹੈ। ਸੰਧਵਾਂ ਦੀ ਅਗਵਾਈ ਵਿਚ ‘ਆਪ’ ਵਰਕਰਾਂ ਨੇ ਮੰਡੀਆਂ ‘ਚ ਰੁਲ ਰਹੇ ਕਿਸਾਨਾਂ ਦੇ ਹੱਕ ਵਿਚ ਸਿਵਲ ਸਪਲਾਈ ਤੇ ਖੁਰਾਕ ਮੰਤਰੀ ਪੰਜਾਬ ਭਾਰਤ ਭੂਸ਼ਣ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਉੱਤੇ ਧਰਨਾ ਦਿੱਤਾ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਜ਼ੋਰਾਂ ‘ਤੇ ਹੈ, ਪਰ ਮੰਡੀਆਂ ‘ਚ ਨਾ ਬਾਰਦਾਨਾ ਹੈ ਅਤੇ ਨਾ ਹੀ ਕਣਕ ਦੀ ਚੁਕਾਈ ਹੋ ਰਹੀ ਹੈ। ਇਸ ਤੋਂ ਕਿਸਾਨ ਪਰੇਸ਼ਾਨ ਹੋ ਕੇ ਸੂਬੇ ਭਰ ‘ਚ ਧਰਨੇ ਲਾ ਰਹੇ ਹਨ, ਪਰੰਤੂ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਇਸ ਤੋਂ ਇਲਾਵਾ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ।