Breaking News
Home / ਪੰਜਾਬ / ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਮੋਦੀ ਸਰਕਾਰ ਨੂੰ ਝੁਕਾ ਕੇ ਰਹੇਗਾ

ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਮੋਦੀ ਸਰਕਾਰ ਨੂੰ ਝੁਕਾ ਕੇ ਰਹੇਗਾ

ਕਿਸਾਨਾਂ ਲਈ 24 ਘੰਟੇ ਲੰਗਰ ਅਤੇ ਮੈਡੀਕਲ ਦੀਆਂ ਸਹੂਲਤਾਂ
ਨਵੀਂ ਦਿੱਲੀ : ਕੜਾਕੇ ਦੀ ਠੰਢ ਵਿਚ ਸਿੰਘੂ ਬਾਰਡਰ ਦੇ ਕਿਸਾਨਾਂ ਦਾ ਸੰਘਰਸ਼ ਪੂਰੇ ਜੋਸ਼, ਉਤਸ਼ਾਹ ਦੇ ਨਾਲ ਚੱਲ ਰਿਹਾ। ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ। ਇਸਦੇ ਚੱਲਦਿਆਂ ਥਾਂ-ਥਾਂ ‘ਤੇ ਅਨੇਕਾਂ ਕਿਸਮ ਦੇ ਲੰਗਰ ਲਗਾਤਾਰ ਚੱਲ ਰਹੇ ਹਨ।
ਕਿਸਾਨਾਂ ਦੇ ਲਈ ਮੈਡੀਕਲ ਸਹੂਲਤਾਂ ਅਤੇ ਮੁਫ਼ਤ ਦਵਾਈਆਂ 24 ਘੰਟੇ ਮੌਜੂਦ ਹਨ। ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਨਾਲ ਰਾਸ਼ਨ ਦੇ ਟਰੱਕਾਂ ਦੇ ਟਰੱਕ ਆ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਹੈ। ਬਾਹਰਲੇ ਰਾਜਾਂ ਤੋਂ ਇਲਾਵਾ ਦਿੱਲੀ ਦੇ ਲੋਕ ਆਪਣੇ ਘਰਾਂ ਤੋਂ ਲੰਗਰ ਬਣਾ ਕੇ ਅਤੇ ਹੋਰ ਰਾਸ਼ਨ ਵੀ ਕਿਸਾਨਾਂ ਦੇ ਲਈ ਲੈ ਕੇ ਆ ਰਹੇ ਹਨ।
ਦਿੱਲੀ ਦੇ ਸਕੂਲਾਂ ਦੇ ਬੱਚੇ ਵੀ ਇਸ ਸੰਘਰਸ਼ ‘ਚ ਆਪਣੇ ਮਾਪਿਆਂ ਨਾਲ ਪੁੱਜ ਰਹੇ ਹਨ। ਕਿਸਾਨਾਂ ਲਈ ਬੂਟ ਵੰਡੇ ਜਾ ਰਹੇ ਹਨ। ਇਸ ਸੰਘਰਸ਼ ਵਿਚ ਲੜਕੀਆਂ, ਮਹਿਲਾਵਾਂ ਬੇਖ਼ੌਫ਼ ਹੋ ਕੇ ਸ਼ਾਮਲ ਹੋ ਰਹੀਆਂ ਹਨ ਅਤੇ ਇੱਥੇ ਕਿਸਾਨ ਇਨ੍ਹਾਂ ਦਾ ਪੂਰਾ ਆਦਰ-ਸਤਿਕਾਰ ਕਰ ਰਹੇ ਹਨ।
ਇਸ ਸੰਘਰਸ਼ ਵਿਚ ਵਿਸ਼ੇਸ਼ ਕਰਕੇ ਹਰਿਆਣਾ, ਪੰਜਾਬ ਤੋਂ ਬਜ਼ੁਰਗ ਔਰਤਾਂ-ਪੁਰਸ਼ ਵੀ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਆ ਰਹੇ ਹਨ। ਇਸ ਸੰਘਰਸ਼ ਵਿਚ ਕਿਸਾਨਾਂ ਵਲੋਂ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਅਤੇ ਉਨ੍ਹਾਂ ਨੇ ਹੱਥਾਂ ਵਿਚ ਬੈਨਰ ਵੀ ਫੜੇ ਹੋਏ ਹਨ।
ਇਸ ਤੋਂ ਇਲਾਵਾ ਥੋੜ੍ਹੀ-ਥੋੜ੍ਹੀ ਦੂਰ ਕਿਸਾਨ ਇਕੱਠੇ ਹੋ ਕੇ ਬੈਨਰ ਤੇ ਤਖ਼ਤੀਆਂ ਆਪਣੀਆਂ ਮੰਗਾਂ ਪ੍ਰਤੀ ਹੱਥਾਂ ‘ਚ ਲੈ ਕੇ ਖੜ੍ਹੇ ਹੋਏ ਹਨ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ।
ਢਾਡੀ ਜਥੇ ਵੀ ਪੂਰੇ ਜੋਸ਼ ਦੇ ਨਾਲ ਵਾਰਾਂ ਗਾ ਕੇ ਕਿਸਾਨਾਂ ਵਿਚ ਜੋਸ਼ ਭਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਵਲੋਂ ਵੱਡੇ-ਵੱਡੇ ਫਲੈਕਸ ਬੋਰਡ ਵੀ ਆਪਣੀਆਂ ਮੰਗਾਂ ਪ੍ਰਤੀ ਚਾਰੇ ਤਰਫ਼ ਲਗਾਏ ਜਾ ਰਹੇ ਹਨ। ਇਸ ਸੰਘਰਸ਼ ‘ਚ ਵੱਡੇ ਬੁਆਇਲਰ ਦੇ ਰਾਹੀਂ ਭਾਫ਼ ਦੇ ਨਾਲ ਦਾਲਾਂ ਸਬਜ਼ੀਆਂ ਵੱਡੀ ਮਾਤਰਾ ਵਿਚ ਬਣਾਈ ਜਾ ਰਹੀਆਂ ਅਤੇ ਨਾਲ ਹੀ ਮਸ਼ੀਨ ਲਗਾਤਾਰ ਰੋਟੀਆਂ ਬਣਾ ਰਹੀ ਹੈ।
ਇਸ ਤੋਂ ਇਲਾਵਾ ਯੂਨਾਈਟਿਡ ਸਿੱਖ ਵਲੋਂ ਬੂਟ ਤੇ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਦੁੱਧ ਦਾ ਠੇਕਾ, ਦੰਦਾਂ ਦਾ ਕੈਂਪ ਵੀ ਲੱਗਾ ਹੋਇਆ।
ਕੈਨੇਡੀਅਨ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਦਸਤਾਰ ਦੀ ਮੁਫ਼ਤ ਸੇਵਾ ਕਰ ਰਿਹਾ ਹੈ ਅਤੇ ਰੋਜ਼ਾਨਾ 12 ਤੋਂ 15 ਸੌ ਵਿਅਕਤੀਆਂ ਨੂੰ ਉਨ੍ਹਾਂ ਦੀ ਟੀਮ ਦਸਤਾਰ ਸਜਾ ਰਹੀ ਹੈ ਅਤੇ ਉਨ੍ਹਾਂ ਕੋਲ ਪੱਗਾਂ ਦਾ ਭੰਡਾਰ ਹੈ ਅਤੇ ਇਹ ਸੇਵਾ ਅੱਗੋਂ ਵੀ ਲਗਾਤਾਰ ਚਲਦੀ ਰਹੇਗੀ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …