Breaking News
Home / ਪੰਜਾਬ / ਧਾਰਮਿਕ ਚਿੰਨ੍ਹਾਂ ਵਾਲਾ ਸ਼ਾਲ ਪਹਿਨ ਕੇ ਫਿਰ ਚਰਚਾ ‘ਚ ਨਵਜੋਤ ਸਿੱਧੂ

ਧਾਰਮਿਕ ਚਿੰਨ੍ਹਾਂ ਵਾਲਾ ਸ਼ਾਲ ਪਹਿਨ ਕੇ ਫਿਰ ਚਰਚਾ ‘ਚ ਨਵਜੋਤ ਸਿੱਧੂ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਚਨਚੇਤ ਸ਼ਾਹਕੋਟ ਫੇਰੀ ਨਾਲ ਪੰਜਾਬ ਭਰ ‘ਚ ਇਕ ਨਵਾਂ ਵਿਵਾਦ ਛਿੜ ਗਿਆ ਹੈ। ਦਰਅਸਲ ਨਵਜੋਤ ਸਿੱਧੂ ਹਲਕਾ ਸ਼ਾਹਕੋਟ ਦੇ ਪਿੰਡ ਸੰਢਾਵਾਲ ਵਿਖੇ ਕਿਸਾਨਾਂ ਨੂੰ ਐਮਐਸਪੀ ਪ੍ਰਤੀ ਜਾਗਰੂਕ ਕਰਨ ਆਏ ਸਨ। ਉਨ੍ਹਾਂ ਨੇ ਇਕ ਰੁਮਾਲਾ ਸਾਹਿਬ ਦੀ ਤਰ੍ਹਾਂ ਸ਼ਾਲ ਜਿਸ ਉੱਪਰ ਖੰਡਾ ਅਤੇ ਇਕ ਓਅੰਕਾਰ ਛਪਿਆ ਹੋਇਆ ਸੀ, ਦੀ ਬੁੱਕਲ ਮਾਰੀ ਹੋਈ ਸੀ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆਂ ‘ਤੇ ਖੂਬ ਵਾਇਰਲ ਹੋ ਰਹੀ ਹੈ ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਸ ਸਬੰਧੀ ਪੰਥਕ ਸੇਵਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮਾਣਕਪੁਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਗੁਰਬਾਣੀ ਦੀ ਬੇਅਦਬੀ ਕਰਦੇ ਹਨ ਤੇ ਕਦੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ। ਨਵਜੋਤ ਸਿੱਧੂ ਨੇ ਅਜਿਹਾ ਕਰਕੇ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਪਹੁੰਚਾਈ ਹੈ ਜਿਸ ਲਈ ਉਨ੍ਹਾਂ ਨੂੰ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਧਾਰਮਿਕ ਚਿੰਨ੍ਹਾਂ ਵਾਲੀ ਸ਼ਾਲ ਦੀ ਬੁੱਕਲ ਮਾਰ ਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਆਪ ਨੂੰ ਸਿੱਖ ਗੁਰੂਆਂ ਦੇ ਬਰਾਬਰ ਸਮਝਦੇ ਹਨ ਜਾਂ ਕਿਸੇ ਸਾਜਿਸ਼ ਤਹਿਤ ਉਸਨੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਨਵਜੋਤ ਸਿੱਧੂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦੀ ਅਪੀਲ ਕੀਤੀ।
ਸਿੱਧੂ ਨੇ ਮੰਗੀ ਮੁਆਫ਼ੀ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ੴ ਅਤੇ ਖੰਡੇ ਦੇ ਨਿਸ਼ਾਨ ਵਾਲਾ ਸ਼ਾਲ ਆਪਣੇ ਉੱਪਰ ਲੈਣ ਦੇ ਮਾਮਲੇ ‘ਚ ਸਿੱਖ ਜਗਤ ਕੋਲੋਂ ਮੁਆਫ਼ੀ ਮੰਗੀ ਹੈ। ਸਿੱਧੂ ਨੇ ਇਸ ਸਬੰਧੀ ਅੱਜ ਸਵੇਰੇ ਟਵੀਟ ਕੀਤਾ ਅਤੇ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਬਉੱਚ ਹੈ ਅਤੇ ਜੇਕਰ ਮੈਂ ਅਣਜਾਣੇ ‘ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਜ਼ਿਕਰਯੋਗ ਹੈ ਕਿ ਸਿੱਧੂ ਨੇ ਪਿਛਲੇ ਦਿਨੀਂ ਖੰਡੇ ਵਾਲੀ ਲੋਈ ਦੀ ਬੁੱਕਲ ਮਾਰੀ ਸੀ ਤੇ ਇਸ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਕੁੱਝ ਸਿੱਖ ਸੰਗਠਨਾਂ ਨੇ ਵਿਰੋਧ ਕਰਦਿਆਂ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਸੀ। ਮੰਗ ਪੱਤਰ ਵਿੱਚ ਕਿਹਾ ਸੀ ਕਿ ਸਿੱਧੂ ਦੇ ਅਜਿਹਾ ਕਰਨ ਨਾਲ ਸਿੱਖ ਭਾਈਚਾਰੇ ਦੇ ਮਨ ਨੂੰ ਸੱਟ ਵੱਜੀ ਹੈ।
ਟਿੱਕਰੀ ਬਾਰਡਰ ‘ਤੇ ਮਾਨਸਾ ਦੇ ਇਕ ਹੋਰ ਕਿਸਾਨ ਦੀ ਗਈ ਜਾਨ
ਚੰਡੀਗੜ੍ਹ : ਟਿੱਕਰੀ ਬਾਰਡਰ ਦੇ ਕਿਸਾਨ ਮੋਰਚੇ ‘ਚ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ ਦੀ ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਨਾਲ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਜਗਸੀਰ ਸਿੰਘ ਟਿਕਰੀ ਬਾਰਡਰ ਨੇੜੇ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਜਗਸੀਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਇਹ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਸਬੰਧਤ ਸੀ। ਕਿਸਾਨ ਆਗੂ ਨੇ ਦੱਸਿਆ ਕਿ ਜਗਸੀਰ ਸਿੰਘ ਦਿੱਲੀ ਕਿਸਾਨ ਅੰਦੋਲਨ ਦਾ ਸ਼ਹੀਦ ਹੈ, ਜੋ ਆਪਣੇ ਪਿਛੇ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਬੇਟਾ ਛੱਡ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਸੀਰ ਸਿੰਘ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।
ਕਿਸਾਨੀ ਅੰਦੋਲਨ ‘ਚ ਸ਼ਾਮਲ ਕਿਸਾਨ ਪਿਆਰਾ ਸਿੰਘ ਦੀ ਗਈ ਜਾਨ
ਮਾਨਸਾ : ਕਿਸਾਨੀ ਅੰਦੋਲਨ ਵਿੱਚ ਹਿੱਸਾ ਲੈਣ ਸਮੇਂ ਟਿਕਰੀ ਬਾਰਡਰ ‘ਤੇ ਮਾਨਸਾ ਦੇ ਪਿੰਡ ਧਰਮਪੁਰਾ ਦੇ ਕਿਸਾਨ ਦੀ ਠੰਡ ਲੱਗਣ ਕਾਰਨ ਮੌਤ ਹੋ ਗਈ। ਪਿਆਰਾ ਸਿੰਘ ਦੀ ਉਮਰ 75 ਸਾਲ ਸੀ ਅਤੇ ਉਹ ਇਕ ਮਹੀਨੇ ਤੋਂ ਟਿੱਕਰੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿਚ ਡਟਿਆ ਹੋਇਆ ਸੀ। ਇਸ ਦੌਰਾਨ ਪਿਆਰਾ ਸਿੰਘ ਠੰਡ ਲੱਗਣ ਕਾਰਨ ਬਿਮਾਰ ਹੋ ਗਿਆ ਅਤੇ ਇਲਾਜ ਲਈ ਉਸ ਨੂੰ ਪਿੰਡ ਲਿਆਂਦਾ ਗਿਆ ਸੀ। ਇਲਾਜ ਦੌਰਾਨ ਪਿਆਰਾ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਮਹਿੰਦਰ ਸਿੰਘ ਦਿਆਲਪੁਰਾ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ।

Check Also

ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਮੋਹਾਲੀ ਏਅਰਪੋਰਟ ਤੋਂ ਕੀਤਾ ਗਿਫ਼ਤਾਰ

ਪਿਛਲੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਵਾਟਰ ਕੈਨਨ ਬੁਆਏ ਨਾਲ ਹੋਇਆ ਸੀ ਪ੍ਰਸਿੱਧ ਚੰਡੀਗੜ੍ਹ/ਬਿਊਰੋ ਨਿਊਜ਼ : …