ਮਾਲਕ ਟੈਕਸ ਅਦਾ ਕਰਕੇ ਇਮਾਰਤਾਂ ਨੂੰ ਕਰਵਾ ਸਕਣਗੇ ਰੈਗੂਲਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਜੋ ਗੈਰ ਕਾਨੂੰਨੀ ਇਮਾਰਤਾਂ ਦੀ ਉਸਾਰੀ ਕੀਤੀ ਹੋਈ ਹੈ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਯਕਮੁਸ਼ਤ ਨੀਤੀ ਲਾਗੂ ਕੀਤੀ ਜਾਵੇਗੀ। ਇਸ ਨੀਤੀ ਤਹਿਤ ਗੈਰ ਕਾਨੂੰਨੀ ਇਮਾਰਤਾਂ ਬਣਾਉਣ ਵਾਲੇ ਇਕ ਵਾਰ ਟੈਕਸ ਅਦਾ ਕਰਕੇ ਆਪਣੀਆਂ ਇਮਾਰਤਾਂ ਨੂੰ ਰੈਗੂਲਰ ਕਰਵਾ ਸਕਣਗੇ। ਇਸ ਮਾਮਲੇ ਨੂੰ ਲੈ ਕੇ ਅੱਜ ਮੰਤਰੀ ਮੰਡਲ ਦੀ 6 ਮੈਂਬਰੀ ਸਬ- ਕਮੇਟੀ ਦੀ ਮੀਟਿੰਗ ਹੋਈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਨ੍ਹਾਂ ਅਫ਼ਸਰਾਂ ਨੇ ਗੈਰ ਕਾਨੂੰਨੀ ਇਮਾਰਤਾਂ ਦੇ ਮਾਮਲੇ ਵਿੱਚ ਬੇਧਿਆਨੀ ਵਰਤੀ ਹੈ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ । ਅੱਗੇ ਤੋਂ ਸਰਕਾਰ ਇਹ ਧਿਆਨ ਰੱਖੇਗੀ ਕਿ ਕਿਸੇ ਵੀ ਥਾਂ ‘ਤੇ ਗੈਰ ਕਾਨੂੰਨੀ ਉਸਾਰੀਆਂ ਨਾ ਕੀਤੀਆਂ ਜਾਣ।

