-7.4 C
Toronto
Friday, January 2, 2026
spot_img
Homeਪੰਜਾਬਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦੇਹਾਂਤ

ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਦੇਹਾਂਤ

ਚੰਡੀਗੜ੍ਹ/ਬਿਊਰੋ ਨਿਊਜ਼ : ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ (90) ਦਾ ਮੰਗਲਵਾਰ ਨੂੰ ਰਾਇਪੁਰ ਦੇ ਡਾ. ਬੀਆਰ ਅੰਬੇਡਕਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਕੱਤਰ ਸੁਰੇਂਦਰ ਕੁਮਾਰ ਜਾਇਸਵਾਲ ਨੇ ਦੱਸਿਆ ਕਿ ਟੰਡਨ ਨੂੰ ਬੇਚੈਨੀ ਦੀ ਸ਼ਿਕਾਇਤ ਬਾਅਦ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਟੰਡਨ ਜਨਸੰਘ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸਨ। ਜੁਲਾਈ 2014 ਨੂੰ ਉਹ ਛੱਤੀਸਗੜ੍ਹ ਦੇ ਰਾਜਪਾਲ ਬਣੇ ਸਨ। ਆਪਣੇ ਲੰਮੇ ਰਾਜਨੀਤਕ ਕਰੀਅਰ ਵਿੱਚ ਟੰਡਨ ਪੰਜਾਬ ਦੇ ਉਪ ਮੁੱਖ ਮੰਤਰੀ ਸਮੇਤ ਕਈ ਅਹੁਦਿਆਂ ‘ਤੇ ਰਹੇ। ਉਹ ਛੇ ਵਾਰ ਵਿਧਾਇਕ ਬਣੇ ਅਤੇ ਐਮਰਜੈਂਸੀ ਦੌਰਾਨ 1975 ਤੋਂ 1977 ਤੱਕ ਜੇਲ੍ਹ ਵਿੱਚ ਬੰਦ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹ ਐਮਰਜੈਂਸੀ ਦੇ ਵਿਰੋਧ ਲਈ ਹਮੇਸ਼ਾ ਜਾਣੇ ਜਾਣਗੇ। ਉਨ੍ਹਾਂ ਟਵੀਟ ਵਿੱਚ ਕਿਹਾ, ”ਅਸੀਂ ਇਕ ਸਨਮਾਨਯੋਗ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ, ਜਿਸ ਦੀ ਸਮਾਜ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।” ਉਨ੍ਹਾਂ ਟੰਡਨ ਵੱਲੋਂ ਪੰਜਾਬ ਦੇ ਵਿਕਾਸ ਅਤੇ ਸ਼ਾਂਤੀ ਬਹਾਲੀ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਯਾਦ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਸੂਬੇ ਵਿੱਚ ਛੁੱਟੀ ਐਲਾਨ ਦਿੱਤੀ। ਸਰਕਾਰੀ ਬੁਲਾਰੇ ਨੇ ਦੱਸਿਆ ਟੰਡਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਸੂਬੇ ਵਿੱਚ ਸਾਰੇ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ ਦੇ ਦਫ਼ਤਰ ਬੰਦ ਕਰ ਦਿੱਤੇ ਗਏ। ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਸੂਬੇ ਵਿੱਚ ਸੱਤ ਦਿਨਾਂ ਦਾ ਸ਼ੋਕ ਐਲਾਨਿਆ ਹੈ। ਹੋਰਨਾਂ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉਤਰਾਖੰਡ ਦੇ ਰਾਜਪਾਲ ਕੇ ਕੇ ਪਾਲ, ਮੱਧਪ੍ਰਦੇਸ਼ ਦੇ ਰਾਜਪਾਲ ਆਨੰਦੀ ਬੇਨ ਪਟੇਲ ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਦੁੱਖ ਪ੍ਰਗਟਾਇਆ ਹੈ। ਵੀਰਵਾਰ ਨੂੰ ਚੰਡੀਗੜ੍ਹ ਵਿਖੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਬਲਰਾਮਜੀ ਦਾਸ ਟੰਡਨ ‘ਤੇ ਸੰਖੇਪ ਝਾਤ : ਬਲਰਾਮਜੀ ਦਾਸ ਟੰਡਨ 1 ਨਵੰਬਰ 1927 ਨੂੰ ਅੰਮ੍ਰਿਤਸਰ ਵਿਚ ਜਨਮੇ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀ. ਏ. ਤੱਕ ਸਿੱਖਿਆ ਹਾਸਲ ਕੀਤੀ। ਲੰਮਾ ਸਮਾਂ ਸਮਾਜ ਸੇਵਾ ਦੇ ਕੰਮ ਕਰਨ ਬਾਅਦ ਟੰਡਨ 1953 ਤੋਂ 1957 ਦੌਰਾਨ ਅੰਮ੍ਰਿਤਸਰ ਵਿਚ ਨਗਰ ਨਿਗਮ ‘ਚ ਕੌਂਸਲਰ ਅਤੇ 1957, 62, 67, 69 ਅਤੇ 1977 ਵਿਚ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਜਾਂਦੇ ਰਹੇ। 1997 ਦੀ ਵਿਧਾਨ ਸਭਾ ਚੋਣ ਦੌਰਾਨ ਰਾਜਪੁਰਾ ਤੋਂ ਚੁਣੇ ਗਏ। ਉਨ੍ਹਾਂ ਨੂੰ ਪੰਜਾਬ ਮੰਤਰੀ ਮੰਡਲ ਵਿਚ ਸੀਨੀਅਰ ਕੈਬਨਿਟ ਮੰਤਰੀ ਵਜੋਂ ਸਨਅਤ, ਸਿਹਤ, ਸਥਾਨਕ ਪ੍ਰਸ਼ਾਸਨ ਦਾ ਮੰਤਰਾਲਾ ਦਿੱਤਾ ਗਿਆ। 1979 ਤੋਂ 1980 ਦੌਰਾਨ ਵਿਰੋਧੀ ਧਿਰ ਦੇ ਆਗੂ ਵੀ ਰਹੇ। 1975 ਤੋਂ 1977 ਤਕ ਐਮਰਜੈਂਸੀ ਦੌਰਾਨ ਜੇਲ੍ਹ ਵਿਚ ਵੀ ਰਹੇ। ਟੰਡਨ ਦੇ ਜੀਵਨ ‘ਤੇ ਉਨ੍ਹਾਂ ਦੇ ਪੁੱਤਰ ਸੰਜੇ ਟੰਡਨ ਭਾਜਪਾ ਇਕਾਈ ਚੰਡੀਗੜ੍ਹ ਪ੍ਰਧਾਨ ਨੇ ‘ਇਕ ਪ੍ਰੇਰਕ ਚਰਿੱਤਰ’ ਕਿਤਾਬ ਲਿਖੀ।

RELATED ARTICLES
POPULAR POSTS