Breaking News
Home / ਪੰਜਾਬ / ਆਮ ਆਦਮੀ ਪਾਰਟੀ ਦੀ ਲੜਾਈ ਹੇਠਲੇ ਪੱਧਰ ਤੱਕ ਪਹੁੰਚੀ

ਆਮ ਆਦਮੀ ਪਾਰਟੀ ਦੀ ਲੜਾਈ ਹੇਠਲੇ ਪੱਧਰ ਤੱਕ ਪਹੁੰਚੀ

ਭਗਵੰਤ ਮਾਨ ਨੂੰ ਘੇਰਿਆ ਤਾਂ ਸੁਰੱਖਿਆ ਗਾਰਡਾਂ ਨੇ ਵਰਕਰਾਂ ਨਾਲ ਕੀਤੀ ਧੱਕਾਮੁੱਕੀ, ਵਰਕਰ ਦੇ ਪੈਰ ‘ਤੇ ਚੜ੍ਹੀ ਗੱਡੀ
ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਅੰਤਿਮ ਸਸਕਾਰ ‘ਤੇ ਮਹਿਲ ਕਲਾਂ ਪਹੁੰਚੇ ਸਨ ਆਪ ਸੰਸਦ ਮੈਂਬਰ ਭਗਵੰਤ ਮਾਨ
ਬਰਨਾਲਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਆਪਸੀ ਲੜਾਈ ਹੁਣ ਹੇਠਲੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਸੋਮਵਾਰ ਨੂੰ ‘ਆਪ’ ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦਾ ਅੰਤਿਮ ਸਸਕਾਰ ਵੀ ਪਾਰਟੀ ਦੀ ਆਪਸੀ ਲੜਾਈ ਵੀ ਭੇਟ ਚੜ੍ਹ ਗਿਆ। ਇਸ ਮੌਕੇ ਪਹੁੰਚੇ ਭਗਵੰਤ ਮਾਨ ਅਤੇ ਹਲਕੇ ਦੇ ‘ਆਪ’ ਵਰਕਰਾਂ ਵਿਚ ਵਿਵਾਦ ਹੋ ਗਿਆ ਅਤੇ ਪਾਰਟੀ ਵਰਕਰਾਂ ਨੇ ਸੰਸਦ ਮੈਂਬਰ ਭਗਵੰਤ ਮਾਨ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਧਾਇਕ ਪੰਡੋਰੀ ਦੇ ਪਿਤਾ ਦੇ ਅੰਤਿਮ ਸਸਕਾਰ ਮੌਕੇ ਅਰਦਾਸ ਹੋ ਰਹੀ ਸੀ ਤਾਂ ਇਸ ਮੌਕੇ ਭਗਵੰਤ ਮਾਨ ਜਾਣ ਲੱਗੇ। ਪਾਰਟੀ ਵਰਕਰਾਂ ਨੇ ਮਾਨ ਨਾਲ ਗੱਲ ਕਰਨੀ ਚਾਹੀ ਤਾਂ ਮਾਨ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪਾਰਟੀ ਵਰਕਰਾਂ ਨੇ ਮਾਨ ਦੀ ਗੱਡੀ ਦਾ ਘਿਰਾਓ ਕਰ ਦਿੱਤਾ। ਮਾਨ ਦੇ ਪ੍ਰਾਈਵੇਟ ਸੁਰੱਖਿਆ ਕਰਮੀਆਂ ਨੇ ਧੱਕੇ ਮਾਰ ਕੇ ਵਰਕਰਾਂ ਨੂੰ ਪਾਸੇ ਕਰ ਦਿੱਤਾ ਅਤੇ ਇਸੇ ਦੌਰਾਨ ਇਕ ਵਰਕਰ ਨਿਰਮਲ ਸਿੰਘ ਦੇ ਪੈਰ ‘ਤੇ ਮਾਨ ਦੀ ਗੱਡੀ ਦਾ ਟਾਇਰ ਵੀ ਚੜ੍ਹ ਗਿਆ। ਇਸ ਤੋਂ ‘ਆਪ’ ਵਰਕਰਾਂ ਦਾ ਗੁੱਸਾ ਹੋਰ ਵੀ ਵਧ ਗਿਆ ਅਤੇ ਸੰਸਦ ਮੈਂਬਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਸਿਰਫ ਦੁੱਖ ਸਾਂਝਾ ਕਰਨ ਆਇਆ ਸੀ : ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ ਕਿ ਉਹ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਬਾਅਦ ਵਿਚ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਵਰਕਰਾਂ ਨਾਲ ਦੁਰਵਿਵਹਾਰ ਨਹੀਂ ਕੀਤਾ।
ਭਗਵੰਤ ਮਾਨ ਦਾ ਹਰ ਜਗ੍ਹਾ ‘ਤੇ ਘਿਰਾਓ ਕਰਾਂਗੇ : ਵਰਕਰ
ਪਾਰਟੀ ਵਰਕਰ ਅਮਨਦੀਪ ਸਿੰਘ ਟੱਲੇਵਾਲ, ਨਿਰਮਲ ਸਿੰਘ, ਪਰਗਟ ਸਿੰਘ ਨੇ ਦੱਸਿਆ ਕਿ ਇਹ ਵਿਧਾਇਕ ਪੰਡੋਰੀ ਦੇ ਪਿਤਾ ਦੇ ਸਸਕਾਰ ‘ਤੇ ਦੁੱਖ ਸਾਂਝਾ ਕਰਨ ਪਹੁੰਚੇ ਸਨ।
ਮਾਨ ਦੇ ਵਿਰੋਧ ਦਾ ਇਰਾਦਾ ਨਹੀਂ ਸੀ, ਪਰੰਤੂ ਮਾਨ ਨੇ ਗੱਲਬਾਤ ਕਰਨ ਤੋਂ ਮਨ੍ਹਾ ਕੀਤਾ ਦਿੱਤਾ। ਦੋ ਅਗਸਤ ਨੂੰ ਹੋਈ ਰੈਲੀ ਵਿਚ ਪਹੁੰਚੇ ਵਰਕਰਾਂ ਨੂੰ ਮਾਨ ਨੇ ਆਰਐਸਐਸ, ਭਾਜਪਾ ਤਾ ਇਕੱਠ ਦੱਸਿਆ ਸੀ, ਜਿਸ ਕਾਰਨ ਅਸੀਂ ਸਿਰਫ ਭਗਵੰਤ ਮਾਨ ਕੋਲੋਂ ਇੰਨਾ ਪੁੱਛਣਾ ਚਾਹੁੰਦੇ ਹਾਂ ਕਿ ਅਸੀਂ ਉਸ ਰੈਲੀ ਵਿਚ ਪਹੁੰਚੇ ਸੀ, ਕੀ ਅਸੀਂ ਆਰਐਸਐਸ ਵਾਲੇ ਹਾਂ? ਉਨ੍ਹਾਂ ਨੇ ਕਿਹਾ ਕਿ ਸੰਸਦ ਮੈਂਬਰ ਮਾਨ ਲਈ ਅਸੀਂ ਆਪਣੇ ਪਿੰਡਾਂ ਵਿਚ ਨਿੱਜੀ ਵਿਰੋਧ ਪਾਲ ਲਿਆ ਅਤੇ ਆਪਣਾ ਭਵਿੱਖ ਦਾਅ ‘ਤੇ ਲਗਾ ਦਿੱਤਾ, ਪਰੰਤੂ ਮਾਨ ਨੇ ਆਪਣੇ ਸੁਰੱਖਿਆ ਗਾਰਡਾਂ ਕੋਲੋਂ ਸਾਨੂੰ ਧੱਕੇ ਮਰਵਾਏ। ਉਨ੍ਹਾਂ ਐਲਾਨ ਕੀਤਾ ਕਿ ਉਹ ਚੁੱਪ ਕਰਕੇ ਨਹੀਂ ਬੈਠਣਗੇ ਅਤੇ ਭਗਵੰਤ ਮਾਨ ਦਾ ਖੁੱਲ੍ਹ ਕੇ ਵਿਰੋਧ ਕਰਾਂਗੇ ਅਤੇ ਪਿੰਡ-ਪਿੰਡ ਘਿਰਾਓ ਕਰਾਂਗੇ।
ਮਾਨ ਦਾ ਵਿਰੋਧ ਕਰਨ ਵਾਲੇ ਪੰਜ ਆਪ ਵਰਕਰਾਂ ‘ਤੇ ਪਰਚਾ ਦਰਜ
ਬਰਨਾਲਾ : ਪਿੰਡ ਪੰਡੋਰੀ (ਬਰਨਾਲਾ) ਵਿਖੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਸਸਕਾਰ ਤੋਂ ਵਾਪਸ ਜਾ ਰਹੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਘੇਰ ਕੇ ਆਪਣੇ ਸੁਆਲਾਂ ਦੇ ਜੁਆਬ ਮੰਗ ਰਹੇ ਆਪ ਵਲੰਟੀਅਰਾਂ ਵਿਚੋਂ ਪੰਜ ਉਪਰ ਮਹਿਲ ਕਲਾਂ ਪੁਲਿਸ ਵਲੋਂ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਭਗਵੰਤ ਮਾਨ ਦੇ ਪੀ.ਐਸ.ਓ. ਵਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਅਧਾਰ ‘ਤੇ ਆਪ ਵਲੰਟੀਅਰ ਨਿਰਮਲ ਸਿੰਘ ਨਿੰਮਾ, ਗਗਨਦੀਪ ਸਿੰਘ ਸਰਾਂ, ਕਰਮਜੀਤ ਸਿੰਘ ਉੱਪਲ, ਪ੍ਰਗਟ ਸਿੰਘ ਮਹਿਲ ਖੁਰਦ, ਅਮਨਦੀਪ ਸਿੰਘ ਟੱਲੇਵਾਲ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ।
‘ਆਪ’ 2019 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ : ਕੇਜਰੀਵਾਲ
ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੇ ਐਨਡੀਏ ਖਿਲਾਫ ਅਗਾਮੀ ਲੋਕ ਸਭਾ ਚੋਣਾਂ ਵਿਚ ਮਹਾਂ ਗਠਜੋੜ ਬਣਨ ਤੋਂ ਪਹਿਲਾਂ ਹੀ ਖਿਲਰਨ ਲੱਗਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 2019 ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਖਿਲਾਫ ਬਣ ਰਹੇ ਮਹਾਂ ਗਠਜੋੜ ਦਾ ਹਿੱਸਾ ਨਹੀਂ ਬਣੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਇਸ ਗਠਜੋੜ ਦਾ ਹਿੱਸਾ ਬਣ ਰਹੀਆਂ ਹਨ, ਉਨ੍ਹਾਂ ਦਾ ਦੇਸ਼ ਦੇ ਵਿਕਾਸ ਵਿਚ ਕੋਈ ਯੋਗਦਾਨ ਨਹੀਂ ਹੈ। ਰੋਹਤਕ ਵਿਚ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ। ਦੂਜੇ ਪਾਸੇ ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਹੋ ਜਾਵੇਗਾ।
ਖਹਿਰਾ ਨੇ ਕੇਜਰੀਵਾਲ ਦੇ ਧੜੇ ਨੂੰ ਦੱਸਿਆ ਫਰਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਸ ਸਮੇ ਉਨ੍ਹਾਂ ਦਾ ਧੜਾ ਅਸਲੀ ਆਮ ਆਦਮੀ ਪਾਰਟੀ ਹੈ ਤੇ ਪਾਰਟੀ ਅੰਦਰ ਕੇਜਰੀਵਾਲ ਧੜਾ ਫਰਜ਼ੀ ਹੈ। ਇਸੇ ਤਰ੍ਹਾਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ ਆਪਣੇ ਇਸ ਧੜੇ ਨੂੰ ਹੋਰ ਮਜਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਤੇ ਉਨ੍ਹਾਂ ਦੀ 6-7 ਹੋਰ ਵਿਧਾਇਕਾਂ ਨਾਲ ਗੱਲਬਾਤ ਚੱਲ ਰਹੀ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਅਜੇ ਤੱਕ ਪਾਰਟੀ ਹਾਈਕਮਾਂਡ ਵੱਲੋਂ ਗੱਲਬਾਤ ਲਈ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ।ਸੁਖਪਾਲ ਖਹਿਰਾ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ਤੋਂ ਬਾਅਦ ਪਾਰਟੀ ਪਹਿਲਾਂ ਨਾਲੋਂ ਮਜਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਂਡ ਨੇ ਸਾਡੀ ਖੁਦਮੁਖਤਿਆਰੀ ਦੀ ਗੱਲ ਮਨ ਲਈ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਜ਼ਰੂਰ ਦਿਆਂਗੇ। ਖਹਿਰਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਕੀਤਾ ਤਾਂ ਉਹ ਕੋਈ ਹੋਰ ਰਸਤਾ ਅਪਣਾ ਕੇ ਲੋਕਾਂ ਦੀ ਕਚਹਿਰੀ ਵਿਚ ਜਾਣਗੇ।

‘ਆਪ’ ਦੇ ਬਾਗੀ ਧੜੇ ਵਲੋਂ ਗੜ੍ਹਸ਼ੰਕਰ ਵਿਖੇ ਕਨਵੈਨਸ਼ਨ
ਬਠਿੰਡਾ ਕਨਵੈਨਸ਼ਨ ਵਿਚ ਲਏ ਫੈਸਲਿਆਂ ਤੋਂ ਪਿੱਛੇ ਨਹੀਂ ਹਟਾਂਗੇ : ਖਹਿਰਾ
ਗੜ੍ਹਸ਼ੰਕਰ/ਬਿਊਰੋ ਨਿਊਜ਼ : ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਵਿਚ ‘ਆਪ’ ਦੇ ਬਾਗ਼ੀ ਧੜੇ ਵੱਲੋਂ ਦਾਣਾ ਮੰਡੀ ਵਿੱਚ ਪਾਰਟੀ ਵਾਲੰਟੀਅਰ ਕਨਵੈਨਸ਼ਨ ਕਰਵਾਈ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਬਾਗ਼ੀ ਧੜੇ ਦੇ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਠਿੰਡਾ ਕਨਵੈਨਸ਼ਨ ਵਿਚ ਲਏ ਫ਼ੈਸਲਿਆਂ ਤੋਂ ਟੱਸ ਤੋਂ ਮੱਸ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਹੈ ਤੇ ਕਰਦੇ ਰਹਿਣਗੇ, ਇਸ ਲਈ ਇੱਕ ਤਾਂ ਕੀ ਸੌ ਅਹੁਦੇ ਵੀ ਪੰਜਾਬ ਤੋਂ ਵਾਰ ਦੇਣਗੇ। ਖਹਿਰਾ ਨੇ ਕਿਹਾ ਕਿ ਉਹ ਪੰਜਾਬ ਨੂੰ ਖ਼ੁਦਮੁਖਤਿਆਰੀ ਦੇਣ ਦੀ ਮੰਗ ਕਰਦੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਟਿਕਟਾਂ ਦੀ ਗ਼ਲਤ ਵੰਡ ਕੀਤੀ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਕੋਈ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ ਜਿੱਤੀ ਹੋਈ ਬਾਜ਼ੀ ਹਰਾਉਣ ਵਾਲਾ ਕਦਮ ਸੀ।
ਇਸ ਮੌਕੇ ਉਨ੍ਹਾਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਰਕਾਰ ਅਕਾਲੀਆਂ ਦੀ ਨੀਤੀਆਂ ‘ਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਮਜ਼ਬੂਤ ਤੀਜਾ ਬਦਲ ਚਾਹੁੰਦੇ ਹਨ। ਇਸ ਦੀ ਮਿਸਾਲ ਬਠਿੰਡਾ ਰੈਲੀ ਦੇ ਆਪਮੁਹਾਰੇ ਇਕੱਠ ਤੋਂ ਮਿਲਦੀ ਹੈ। ਉਨ੍ਹਾਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਰਵਾਇਤੀ ਪਾਰਟੀਆਂ ਦੀ ਦੇਣ ਦੱਸਿਆ। ਵਿਧਾਇਕ ਨਾਜਰ ਸਿੰਘ ਮਾਨਾਸ਼ਾਹੀਆਂ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀਆਂ ਤੇ ਹੋਰਾਂ ਤੋਂ ਮੁਆਫ਼ੀ ਮੰਗਣਾ ਗ਼ਲਤ ਕਰਾਰ ਦਿੱਤਾ। ਵਿਧਾਇਕ ਕੰਵਰ ਸਿੰਘ ਸੰਧੂ ਨੇ ਬਠਿੰਡਾ ਵਿੱਚ ਪਾਸ ਮਤਿਆਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਫ਼ੈਸਲੇ ‘ਆਪ’ ਕਰਨ ਦੇ ਅਧਿਕਾਰ ਦਿੱਤੇ ਜਾਣ। ਇਸ ਮੌਕੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖ਼ਾਲਸਾ, ਜਗਦੇਵ ਸਿੰਘ ਕਮਾਲੂ, ਜਗਦੇਵ ਸਿੰਘ ਜੱਗਾ ਈਸੋਵਾਲ ਨੇ ਸੰਬੋਧਨ ਕੀਤਾ। ਇਸ ਦੌਰਾਨ ਕੁਝ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੇ ਕੁਝ ਨੇ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਨੂੰ ਕੋਸਿਆ। ਇਸ ਮੌਕੇ ਪਾਰਟੀ ਦੇ ਸਥਾਨਕ ਆਗੂਆਂ ਵਿੱਚ ਮਾਸਟਰ ਗੁਰਚਰਨ ਸਿੰਘ ਬਸਿਆਲਾ, ਚਰਨਜੀਤ ਚੰਨੀ, ਬਲਦੀਪ ਸਿੰਘ, ਕਮਲਜੀਤ ਕੁੱਕੜਾਂ ਆਦਿ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਮਾਹਿਲਪੁਰ ਤੋਂ ਡਾ. ਹਰਮਿੰਦਰ ਸਿੰਘ ਅਤੇ ਸਥਾਨਕ ਆਗੂਆਂ ਦੀ ਅਗਵਾਈ ਵਿਚ ਨੌਜਵਾਨਾਂ ਨੇ ਕਾਲੀਆਂ ਝੰਡੀਆਂ ਤੇ ਬੈਨਰਾਂ ਨਾਲ ਸਥਾਨਕ ਵਿਧਾਇਕ ਤੇ ਸੁਖਪਾਲ ਖਹਿਰਾ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ।

ਖਹਿਰਾ ਕੋਲੋਂ ਅਹੁਦਾ ਨਹੀਂ ਸੰਭਾਲਿਆ ਗਿਆ: ਭਗਵੰਤ ਮਾਨ
ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੇ ਸੰਕੇਤ ਦਿੱਤੇ ਪਰ ਨਾਲ ਹੀ ਖਹਿਰਾ ਧੜੇ ਦੀ ਘਰ ਵਾਪਸੀ ਲਈ ਯਤਨ ਕਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਖਹਿਰਾ ਅਤੇ ਸੰਧੂ ਖ਼ਿਲਾਫ਼ ਮਾਮਲਾ ਅਨੁਸ਼ਾਸਨੀ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਜਿਸ ‘ਤੇ ਛੇਤੀ ਕੋਈ ਫ਼ੈਸਲਾ ਲਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀ ਖੁਦਮੁਖਤਿਆਰੀ ਦਾ ਮੁੱਦਾ ਸੁਖਪਾਲ ਸਿੰਘ ਖਹਿਰਾ ਉਠਾ ਰਹੇ ਹਨ ਉਹ ਤਾਂ ਪਹਿਲਾਂ ਹੀ ਇਸ ਦਾ ਆਨੰਦ ਮਾਣਦੇ ਆ ਰਹੇ ਹਨ। ‘ਖਹਿਰਾ ਨੂੰ ਕਦੇ ਨਹੀਂ ਕਿਹਾ ਗਿਆ ਜਾਂ ਕਦੇ ਵੀ ਨਹੀਂ ਰੋਕਿਆ ਗਿਆ ਕਿ ਕਿਥੇ ਕੀ ਬੋਲਣਾ ਹੈ, ਕੀ ਬਿਆਨ ਦੇਣਾ ਹੈ। ਖਹਿਰਾ ਅਤੇ ਕੰਵਰ ਸੰਧੂ ਨੂੰ ਮਨਮਰਜ਼ੀ ਦੀਆਂ ਟਿਕਟਾਂ ਦਿੱਤੀਆਂ ਗਈਆਂ। ਦੋਵਾਂ ਦੇ ਹਲਕਿਆਂ ਵਿੱਚ ਬੂਥ ਇੰਚਾਰਜ ਉਨ੍ਹਾਂ ਨੂੰ ਪੁੱਛ ਕੇ ਮਨਮਰਜ਼ੀ ਦੇ ਲੱਗ ਰਹੇ ਹਨ।’ ਉਨ੍ਹਾਂ ਕਿਹਾ ਕਿ ਪਾਰਟੀ ਕੋਲ ਕੈਬਨਿਟ ਰੈਂਕ ਦਾ ਇੱਕੋ ਇੱਕ ਵੱਡਾ ਅਹੁਦਾ ਸੀ, ਉਹ ਵੀ ਸੁਖਪਾਲ ਸਿੰਘ ਖਹਿਰਾ ਨੂੰ ਦਿੱਤਾ ਗਿਆ ਪਰੰਤੂ ਇਹ ਅਹੁਦਾ ਵੀ ਉਨ੍ਹਾਂ ਤੋਂ ਸੰਭਾਲਿਆ ਨਹੀਂ ਗਿਆ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …