-5.7 C
Toronto
Tuesday, February 3, 2026
spot_img
Homeਦੁਨੀਆਵਲਾਦੀਮੀਰ ਪੂਤਿਨ ਨੇ ਭਾਰਤ ਨੂੰ ਦੱਸਿਆ ਮਹਾਨ ਸ਼ਕਤੀ

ਵਲਾਦੀਮੀਰ ਪੂਤਿਨ ਨੇ ਭਾਰਤ ਨੂੰ ਦੱਸਿਆ ਮਹਾਨ ਸ਼ਕਤੀ

ਅਫ਼ਗਾਨਿਸਤਾਨ ਦੇ ਹਾਲਾਤ ‘ਤੇ ਰੂਸੀ ਰਾਸ਼ਟਰਪਤੀ ਨੇ ਕੀਤੀ ਚਿੰਤਾ ਜ਼ਾਹਿਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਨੂੰ ਮਹਾਨ ਸ਼ਕਤੀ, ਇਕ ਦੋਸਤਾਨਾ ਰਾਸ਼ਟਰ ਅਤੇ ਪਰਖਿਆ ਹੋਇਆ ਦੋਸਤ ਦੱਸਿਆ। ਉਨ੍ਹਾਂ ਅੱਤਵਾਦ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧਾਂ ਸਬੰਧੀ ਆਮ ਚਿੰਤਾਵਾਂ ਬਾਰੇ ਵੀ ਗੱਲ ਕੀਤੀ। ਇਸ ਦੌਰਾਨ ਪੂਤਿਨ ਨੇ ਅਫ਼ਗਾਨਿਸਤਾਨ ਦੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਖਿੱਤੇ ਵਿਚ ਦਰਪੇਸ਼ ਪ੍ਰਮੁੱਖ ਚੁਣੌਤੀਆਂ ਦੇ ਮੁਕਾਬਲੇ ਲਈ ਭਾਰਤ ਤੇ ਰੂਸ ਸਹਿਯੋਗ ਜਾਰੀ ਰੱਖਣਗੇ।
ਪੂਤਿਨ ਨੇ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿਚ ਕਿਹਾ ਕਿ ਅਸੀਂ ਭਾਰਤ ਨੂੰ ਇਕ ਮਹਾਨ ਸ਼ਕਤੀ, ਇਕ ਦੋਸਤਾਨਾ ਰਾਸ਼ਟਰ ਅਤੇ ਇਕ ਪਰਖਿਆ ਹੋਇਆ ਦੋਸਤ ਸਮਝਦੇ ਹਾਂ। ਸਾਡੇ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਵਧ ਰਹੇ ਹਨ ਅਤੇ ਮੈਂ ਭਵਿੱਖ ਵੱਲ ਦੇਖ ਰਿਹਾ ਹਾਂ। ਪੂਤਿਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਵੱਲੋਂ ਕੌਮਾਂਤਰੀ ਮੁੱਦਿਆਂ ‘ਤੇ ਇਕ-ਦੂਜੇ ਨੂੰ ਸਹਿਯੋਗ ਜਾਰੀ ਹੈ ਅਤੇ ਕਈ ਮੁੱਦਿਆਂ ‘ਤੇ ਦੋਵੇਂ ਦੇਸ਼ਾਂ ਦਾ ਨਜ਼ਰੀਆ ਇਕੋ ਵਰਗਾ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਕੁਦਰਤੀ, ਅਸੀਂ ਉਸ ਹਰ ਗੱਲ ਨੂੰ ਲੈ ਕੇ ਚਿੰਤਤ ਹਾਂ ਜਿਸ ਦਾ ਸਬੰਧ ਅੱਤਵਾਦ ਨਾਲ ਹੈ। ਮੇਰਾ ਮਤਲਬ ਅੱਤਵਾਦ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਖਿਲਾਫ ਲੜਾਈ ਤੋਂ ਹੈ ਅਤੇ ਇਸੇ ਤਰ੍ਹਾਂ ਅਸੀਂ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਲੈ ਕੇ ਵੀ ਚਿੰਤਤ ਹਾਂ।
ਰੂਸੀ ਆਗੂ ਨੇ ਵਾਤਾਵਰਨ, ਵਪਾਰ ਅਤੇ ਨਿਵੇਸ਼ ਤੋਂ ਇਲਾਵਾ ਉੱਚ ਪੱਧਰੀ ਤਕਨਾਲੋਜੀ ‘ਚ ਭਾਰਤ ਤੇ ਰੂਸ ਵਿਚਾਲੇ ਵਧ ਰਹੇ ਸਹਿਯੋਗ ਦਾ ਜ਼ਿਕਰ ਵੀ ਕੀਤਾ।
ਉੱਧਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਹਨ। ਪਿਛਲੇ ਕੁਝ ਦਹਾਕਿਆਂ ਵਿਚ ਵਿਸ਼ਵ ਵਿਚ ਕਾਫੀ ਬੁਨਿਆਦੀ ਤਬਦੀਲੀਆਂ ਆਈਆਂ ਅਤੇ ਕਈ ਤਰ੍ਹਾਂ ਦੇ ਭੂ-ਰਾਜਨੀਤਕ ਸਮੀਕਰਨ ਬਣੇ ਪਰ ਭਾਰਤ ਤੇ ਰੂਸ ਦੀ ਦੋਸਤੀ ਉਸੇ ਤਰ੍ਹਾਂ ਰਹੀ।
ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਰੂਸੀ ਰਾਸ਼ਟਰਪਤੀ ਪੂਤਿਨ ਦਾ ਦੂਜਾ ਦੌਰਾ ਭਾਰਤ ਤੇ ਰੂਸ ਦੇ ਸਮਝੌਤਿਆਂ ਸਬੰਧੀ ਉਨ੍ਹਾਂ ਦੀ ਨਿੱਜੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਹ ਵੀ ਦਰਸਾਉਂਦਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਭਾਈਵਾਲੀ ਮਜ਼ਬੂਤ ਹੋ ਰਹੀ ਹੈ।

 

RELATED ARTICLES
POPULAR POSTS