Breaking News
Home / ਦੁਨੀਆ / ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ ਵੱਡਾ ਅੱਤਵਾਦੀ ਹਮਲਾ

ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ ਵੱਡਾ ਅੱਤਵਾਦੀ ਹਮਲਾ

22 ਮੌਤਾਂ; 119 ਜ਼ਖਮੀ, ਮਰਨ ਵਾਲਿਆਂ ‘ਚ ਜ਼ਿਆਦਾਤਰ ਬੱਚੇ ਤੇ ਨੌਜਵਾਨ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ 12 ਸਾਲ ‘ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਮੰਗਲਵਾਰ ਨੂੰ ਮਾਨਚੈਸਟਰ ਵਿਚ ਪੌਪ ਸਟਾਰ ਏਰੀਆਨਾ ਗ੍ਰੈਂਡ ਦੇ ਕਨਸਰਟ ਵਿਚ ਅੱਤਵਾਦੀ ਸੰਗਠਨ ਆਈਐਸ ਦੇ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਧਮਾਕੇ ਵਿਚ 8 ਸਾਲ ਦੀ ਬੱਚੀ ਸਮੇਤ 22 ਵਿਅਕਤੀ ਮਾਰੇ ਗਏ ਅਤੇ 119 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਨੌਜਵਾਨ ਹੀ ਹਨ। ਆਈਐਸ ਦਾ ਜੇਹਾਦੀ ਹਮਲਾਵਰ ਵੀ ਮੌਕੇ ‘ਤੇ ਹੀ ਮਾਰਿਆ ਗਿਆ। ਆਈਐਸ ਨੇ ਕਿਹਾ-ਤੁਸੀਂ ਰੱਕਾ-ਮੋਸੂਲ ਵਿਚ ਸਾਡੇ ਬੱਚਿਆਂ ‘ਤੇ ਬੰਬ ਦਾਗੇ, ਹੁਣ ਅਸੀਂ ਤੁਹਾਡੇ ਬੱਚੇ ਮਾਰ ਦਿੱਤੇ। ਅਮਰੀਕੀ ਪੌਪ ਸਟਾਰ ਏਰੀਆਨਾ ਸੁਰੱਖਿਅਤ ਹੈ। ਮਾਨਚੈਸਟਰ ਵਿਚ ਵੱਡੀ ਗਿਣਤੀ ਵਿਚ ਦੱਖਣੀ ਏਸ਼ੀਆਈ ਲੋਕ ਰਹਿੰਦੇ ਹਨ। ਹੁਣ ਤੱਕ ਕਿਸੇ ਵੀ ਭਾਰਤੀ ਨੂੰ ਨੁਕਸਾਨ ਪਹੁੰਚਣ ਦੀ ਕੋਈ ਵੀ ਖ਼ਬਰ ਨਹੀਂ ਹੈ।  ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਨੇ ਕਿਹਾ ਕਿ ਪੁਲਿਸ ਇਸ ਨੂੰ ਇਕ ਅੱਤਵਾਦੀ ਹਮਲੇ ਦੇ ਰੂਪ ਵਿਚ ਦੇਖ ਰਹੀ ਹੈ। ਸਰਕਾਰ ਇਸਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅੱਤਵਾਦੀ ਸੰਗਠਨ ਆਈਐਸ ਦੇ ਸਮਰਥਕਾਂ ਨੇ ਧਮਾਕੇ ਤੋਂ ਇਕ ਘੰਟੇ ਪਹਿਲਾਂ ਹੀ ਟਵਿੱਟਰ ‘ਤੇ ਇਸਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਲੰਡਨ ਵਿਚ 7 ਜੁਲਾਈ 2005 ਦੇ ਧਮਾਕਿਆਂ ਤੋਂ ਬਾਅਦ ਇਹ ਬ੍ਰਿਟੇਨ ਵਿਚ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਹੈ। ਉਸ ਹਮਲੇ ਵਿਚ 52 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 700 ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ। ਧਮਾਕੇ ਸ਼ਹਿਰ ਦੇ ਸਭ ਤੋਂ ਵੱਡੇ ਇਨਡੋਰ ਸਟੇਡੀਅਮ ਮਾਨਚੈਸਟਰ ਏਰੀਨਾ ਵਿਚ ਹੋਇਆ। ਇੱਥੇ ਤਕਰੀਬਨ 21 ਹਜ਼ਾਰ ਵਿਅਕਤੀ ਹਾਜ਼ਰ ਸਨ। ਚਸ਼ਮਦੀਦਾਂ ਅਨੁਸਾਰ ਸ਼ੋਅ ਖਤਮ ਹੋਣ ਤੋਂ ਬਾਅਦ ਏਰੀਆਨਾ ਸਟੇਜ ਤੋਂ ਜਾ ਚੁੱਕੀ ਸੀ। ਲੋਕ ਬਾਹਰ ਨਿਕਲ ਰਹੇ ਸਨ। ਤਦ ਤੇਜ਼ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਕ ਚਸ਼ਮਦੀਦ ਨੇ ਦੱਸਿਆ ਕਿ ਲੋਕ ਸਮਝ ਨਹੀਂ ਸਕੇ ਕਿ ਧਮਾਕਾ ਕਿਸ ਵਜ੍ਹਾ ਕਰਕੇ ਹੋਇਆ। ਕੋਈ ਗੁਬਾਰਾ ਫਟਿਆ ਜਾਂ ਸਪੀਕਰ। ਪਰ ਖੂਨ ਨਾਲ ਲਥਪਥ ਸਰੀਰ ਦੇਖ ਕੇ ਲੋਕਾਂ ਅਫਰਾ ਤਫਰੀ ਮਚ ਗਈ। ਲੋਕ ਕੁਰਲਾ ਰਹੇ ਸਨ, ਕੋਟ ਅਤੇ ਫੋਨ ਫਰਸ਼ ‘ਤੇ ਪਏ ਸਨ। ਲੋਕ ਸਭ ਕੁਝ ਛੱਡ ਕੇ ਦੌੜ ਰਹੇ ਸਨ। ਗ੍ਰੇਟਰ ਮਾਨਚੈਸਟਰ ਪੁਲਿਸ ਨੇ ਦੱਸਿਆ ਕਿ ਹਮਲਾਵਰ ਇਕੱਲਾ ਸੀ ਸੀ। ਉਹ ਮਾਰਿਆ ਗਿਆ। ਪੁਲਿਸ ਪਤਾ ਲਗਾ ਰਹੀ ਹੈ ਕਿ ਉਹ ਇਕੱਲਾ ਕੰਮ ਕਰ ਰਿਹਾ ਸੀ ਜਾਂ ਕਿਸੇ ਨੈਟਵਰਕ ਦਾ ਹਿੱਸਾ ਸੀ। ਹਮਲਾਵਰ ਕੋਲ ਦੇਸੀ ਧਮਾਕਾਖੇਜ ਸਮੱਗਰੀ ਸੀ, ਜਿਸ ਦੀ ਵਰਤੋਂ ਧਮਾਕੇ ਲਈ ਕੀਤੀ ਗਈ। ਸ਼ੁਰੂਆਤੀ ਜਾਂਚ ਵਿਚ ਪੁਲਿਸ ਨੇ 23 ਸਾਲ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਥੇ ਆਈਐਸ ਸਮਰਥਕ ਟਵਿੱਟਰ ‘ਤੇ ਇਸ ਹਮਲੇ ਤੋਂ ਬਾਅਦ ਵੀ ਜਸ਼ਨ ਮਨਾ ਰਹੇ ਸਨ।
ਸਿੱਖ ਕੈਬ ਡਰਾਈਵਰ ਨੇ ਦਿੱਤੀ ਫਰੀ ਸਰਵਿਸ, ਗੁਰਦੁਆਰਿਆਂ ਵਿਚ ਆਸਰਾ
ਹਮਲੇ ਤੋਂ ਬਾਅਦ ਅਫਰਾ-ਤਫਰੀ ਮਚ ਗਈ ਸੀ, ਪਰ ਇਸ ਦਰਮਿਆਨ ਇਕ ਭਾਰਤੀ ਸਿੱਖ ਕੈਬ ਡਰਾਈਵਰ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ। ਉਹ ਆਪਣੀ ਕੈਬ ਰਾਹੀਂ ਜ਼ਖ਼ਮੀ ਵਿਅਕਤੀਆਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾਉਣ ਵਿਚ ਜੁਟ ਗਿਆ। ਉਸ ਨੇ ਟੈਕਸੀ ‘ਤੇ ਕਾਗਜ਼ ਚਿਪਕਾ ਦਿੱਤਾ, ਜਿਸ ‘ਤੇ ਲਿਖਿਆ ਸੀ, ‘ਫਰੀ ਟੈਕਸੀ ਇਨ ਨੀਡਡ’। ਨਾਲ ਹੀ ਉਥੋਂ ਦੇ ਗੁਰਦੁਆਰਿਆਂ ਵਿਚ ਪੀੜਤਾਂ ਨੂੰ ਸ਼ਰਣ ਦੇਣ ਦਾ ਐਲਾਨ ਕੀਤਾ ਗਿਆ ਹੈ। ਚਾਰ ਗੁਰਦੁਆਰਿਆਂ ਦਾ ਪਤਾ ਟਵੀਟ ਕਰਦੇ ਹੋਏ ਹਰਜਿੰਦਰ ਸਿੰਘ ਕੁਕਰੇਜਾ ਨੇ ਲਿਖਿਆ, ਗੁਰਦੁਆਰਿਆਂ ਵਿਚ ਖਾਣੇ ਅਤੇ ਰਹਿਣ ਦੀ ਵਿਵਸਥਾ ਹੈ ਅਤੇ ਇਸ ਦੇ ਦਰਵਾਜ਼ੇ ਸਾਰੇ ਲੋਕਾਂ ਲਈ ਖੁੱਲ੍ਹੇ ਹਨ।
ਧਮਾਕੇ ਦੀ ਚੁਫੇਰਿਉਂ ਨਿਖੇਧੀ
ਲੰਡਨ: ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਸਮੇਤ ਦੁਨੀਆ ਭਰ ਦੇ ਆਗੂਆਂ ਨੇ ਦਹਿਸ਼ਤੀ ਹਮਲੇ ਦੀ ਨੁਕਤਾਚੀਨੀ ਕੀਤੀ ਹੈ। ਮਹਾਰਾਣੀ ਨੇ ਹਮਲੇ ਨੂੰ ਜ਼ਾਲਮਾਨਾ ਕਾਰਵਾਈ ਕਰਾਰ ਦਿੱਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਨੂੰ ਕਾਇਰਾਨਾ ਦੱਸਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੈਥਲਹੈਮ ਵਿਚ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਰੇ ਮੁਲਕਾਂ ਨੂੰ ਦਹਿਸ਼ਤਗਰਦਾਂ ਤੋਂ ਲੋਕਾਂ ਦੀ ਰਾਖੀ ਲਈ ਹੱਥ ਮਿਲਾਉਣੇ ਚਾਹੀਦੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਨੂੰ ਗ਼ੈਰ ਮਨੁੱਖੀ ਕਾਰਾ ਕਰਾਰ ਦਿੱਤਾ।
ਗੁਰਦੁਆਰਿਆਂ ਨੇ ਲੰਗਰ ਵਰਤਾਏ :  ਮਾਨਚੈਸਟਰ : ਮਾਨਚੈਸਟਰ ‘ਚ ਅੱਤਵਾਦੀ ਹਮਲੇ ਤੋਂ ਬਾਅਦ ਲੋਕਾਂ ਦੀ ਸਹਾਇਤਾ ਲਈ ਧਾਰਮਿਕ ਅਸਥਾਨਾਂ ਸਮੇਤ ਲੋਕਾਂ ਨੇ ਆਪਣੇ ਦਰ ਖੋਲ੍ਹ ਦਿੱਤੇ। ਗੁਰਦੁਆਰਿਆਂ ਵਿਚੋਂ ਲੋਕਾਂ ਨੂੰ ਲੰਗਰ ਵਰਤਾਏ ਗਏ ਅਤੇ ਰਾਤ ਨੂੰ ਉਨ੍ਹਾਂ ਲਈ ਕਮਰੇ ਖੋਲ੍ਹ ਦਿੱਤੇ ਗਏ। ਧਮਾਕੇ ਮਗਰੋਂ ਮਾਨਚੈਸਟਰ ਏਰੀਨਾ ਵਿਚ ਜਦੋਂ ਸੈਂਕੜੇ ਲੋਕ ਬਾਹਰ ਨਿਕਲੇ ਤਾਂ ਟੈਕਸੀ ਡਰਾਈਵਰਾਂ ਨੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾਉਣ ਦਾ ਬੀੜਾ ਚੁੱਕਿਆ। ਡਰਾਈਵਰ ਏ ਜੇ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਨਜ਼ਦੀਕੀਆਂ ਦੀ ਭਾਲ ਵਿਚ ਹਸਪਤਾਲ ਜਾਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਪੈਸਿਆਂ ਦੇ ਮਦਦ ਕੀਤੀ। ਕਈਆਂ ਕੋਲ ਦੇਣ ਜੋਗੇ ਪੈਸੇ ਨਹੀਂ ਸਨ ਕਿਉਂਕਿ ਉਹ ਰਸਤੇ ਤੋਂ ਭਟਕ ਗਏ ਸਨ। ਸਟਰੀਟ ਕਾਰਜ਼ ਦੇ ਸੈਮ ਅਰਸ਼ਦ ਨੇ ਆਪਣੇ ਡਰਾਈਵਰਾਂ ਨੂੰ ਸੰਗੀਤਕ ਪ੍ਰੋਗਰਾਮ ਵਿਚੋਂ ਭਟਕੇ ਲੋਕਾਂ ਨੂੰ ਮੁਫ਼ਤ ਵਿਚ ਸਫ਼ਰ ਦੇ ਹੁਕਮ ਦਿੱਤੇ। ਸਥਾਨਕ ਵਸਨੀਕ ਐਮਿਲੀ ਬੋਲਟਨ ਨੇ ਕਿਹਾ ਕਿ ਕੈਬ ਡਰਾਈਵਰਾਂ ਵੱਲੋਂ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਜਦਕਿ ਕਈਆਂ ਨੇ ਆਪਣੇ ਘਰ ਦੇ ਕਮਰੇ ਲੋਕਾਂ ਲਈ ਖੋਲ੍ਹ ਦਿੱਤੇ ਕਿਉਂਕਿ ਉਹ ਡਰ ਦੇ ਮਾਰੇ ਹੋਟਲਾਂ ਵਿਚ ਨਹੀਂ ਪਰਤ ਸਕੇ ਸਨ। ਉਸ ਨੇ ਕਿਹਾ ਕਿ ਗੁਰਦੁਆਰਿਆਂ ਵਿਚੋਂ ਲੰਗਰ ਅਤੇ ਬਿਸਤਰੇ ਲੋਕਾਂ ਨੂੰ ਵੰਡੇ ਗਏ ਅਤੇ ਸਵੇਰੇ ਲੋਕਾਂ ਨੇ ਖ਼ੂਨਦਾਨ ਕੀਤਾ। ਉਸ ਨੇ ਮਾਨਚੈਸਟਰ ਵਿਚ ਘਰ ਹੋਣ ‘ਤੇ ਮਾਣ ਮਹਿਸੂਸ ਕੀਤਾ। ਲਿਵਰਪੂਲ ਸਿਟੀ ਰੀਜਨ ਮੈਟਰੋ ਮੇਅਰ ਸਟੀਵ ਰੋਥਰਮ, ਜਿਸ ਦੀਆਂ ਦੋ ਧੀਆਂ ਅਤੇ ਦੋ ਭਤੀਜੀਆਂ ਪ੍ਰੋਗਰਾਮ ਵਿਚ ਸ਼ਾਮਲ ਸਨ, ਨੇ ਆਮ ਲੋਕਾਂ ਵੱਲੋਂ ਦਿਖਾਈ ਦਿਆਨਤਦਾਰੀ ਦੀ ਸ਼ਲਾਘਾ ਕੀਤੀ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …