Breaking News
Home / ਦੁਨੀਆ / ਪਾਕਿ ‘ਚ ਵਿਸਾਖੀ ਮੌਕੇ ਹਰ ਯਾਤਰੂ ਤੋਂ ਵਸੂਲੇ ਜਾਣਗੇ 4000 ਰੁਪਏ

ਪਾਕਿ ‘ਚ ਵਿਸਾਖੀ ਮੌਕੇ ਹਰ ਯਾਤਰੂ ਤੋਂ ਵਸੂਲੇ ਜਾਣਗੇ 4000 ਰੁਪਏ

ਬੇਲੋੜਾ ਸਾਮਾਨ ਲਿਆਉਣ ਵਾਲੇ ਯਾਤਰੂਆਂ ਵਿਰੁੱਧ ਕਸਟਮ ਵਿਭਾਗ ਤੋਂ ਕੀਤੀ ਕਾਰਵਾਈ ਦੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼ : ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਜਥੇ ਦੇ ਹਰੇਕ ਮੈਂਬਰ ਤੋਂ ਬੱਸ ਖ਼ਰਚ ਦੇ 4000 ਰੁਪਏ (ਭਾਰਤੀ ਕਰੰਸੀ) ਵਸੂਲੇ ਜਾਣਗੇ। ਇਸ ਖ਼ਰਚ ‘ਚ ਯਾਤਰੂਆਂ ਨੂੰ ਸਫ਼ਰ ਦੌਰਾਨ ਚਾਰ ਵਾਰ ਬਿਸਕੁਟ, ਚਿਪਸ ਦੇ ਪੈਕੇਟ ਅਤੇ ਠੰਢੇ ਪਾਣੀ ਦੀਆਂ ਬੋਤਲਾਂ ਆਦਿ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਮੀਡੀਆ ਦੀ ਜਾਣਕਾਰੀ ਮੁਤਾਬਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਦੱਸਿਆ ਕਿ ਗੁਰਧਾਮਾਂ ਦੀ ਯਾਤਰਾ ਲਈ ਏਅਰ ਕੰਡੀਸ਼ਨਰ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ।
ਇਸਦੇ ਇਲਾਵਾ ਜਥੇ ‘ਚ ਸ਼ਾਮਿਲ ਪੰਜ ਪਿਆਰਿਆਂ, ਸ਼੍ਰੋਮਣੀ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਦੇ ਆਗੂਆਂ ਲਈ ਵੱਖਰੇ ਤੌਰ ‘ਤੇ ਟਰਾਂਸਪੋਰਟ ਦੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਸਾਖੀ ਮੌਕੇ ਭਾਰਤ ਅਤੇ ਵਿਦੇਸ਼ਾਂ ਤੋਂ ਪਹੁੰਚਣ ਵਾਲੇ ਯਾਤਰੂਆਂ ਦੀ ਰਿਹਾਇਸ਼, ਲੰਗਰ, ਸਿਹਤ ਸੇਵਾਵਾਂ, ਸੁਰੱਖਿਆ ਆਦਿ ਨਾਲ ਸੰਬੰਧਿਤ ਲਗਪਗ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਇਸ ‘ਤੇ ਇਤਰਾਜ਼ ਵੀ ਜਤਾਇਆ ਕਿ ਭਾਰਤੀ ਜਥੇ ‘ਚ ਸ਼ਾਮਿਲ ਕਈ ਸ਼ਰਧਾਲੂ ਪਾਕਿਸਤਾਨੀ ਬਾਜ਼ਾਰਾਂ ‘ਚ ਵੇਚਣ ਲਈ ਭਾਰਤੀ ਸਾਮਾਨ ਦੇ ਵੱਡੇ-ਵੱਡੇ ਬੈਗ ਭਰ ਕੇ ਲੈ ਆਉਂਦੇ ਹਨ। ਜਿਸ ਨਾਲ ਕਸਟਮ ਕਲੀਅਰ ਕਰਨ ਲੱਗਿਆਂ ਬਾਕੀ ਜਥੇ ਦੇ ਮੈਂਬਰਾਂ ਨੂੰ ਕਾਫੀ ਸਮੇਂ ਤੱਕ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਸਪਸ਼ਟ ਤੌਰ ‘ਤੇ ਕਿਹਾ ਕਿ ਪੀ. ਐਸ. ਜੀ. ਪੀ. ਸੀ. ਵਲੋਂ ਵਾਹਗਾ ਸਥਿਤ ਪਾਕਿਸਤਾਨੀ ਕਸਟਮ ਵਿਭਾਗ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਵਰਤੋਂ ‘ਚ ਦੇ ਸਾਮਾਨ ਦੇ ਇਲਾਵਾ ਵਾਧੂ ਸਾਮਾਨ ਲਿਆਉਣ ਵਾਲੇ ਯਾਤਰੂਆਂ ਦਾ ਸਾਮਾਨ ਸਰਹੱਦ ‘ਤੇ ਹੀ ਰੱਖ ਲਿਆ ਜਾਵੇ।
ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ ਮੌਕੇ 1052 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
9 ਅਪ੍ਰੈਲ ਨੂੰ ਰਵਾਨਾ ਹੋਵੇਗਾ ਜਥਾ, 18 ਨੂੰ ਹੋਵੇਗੀ ਵਾਪਸੀ
ਅੰਮ੍ਰਿਤਸਰ : ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1052 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਇਹ ਜਥਾ 9 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਅੰਮ੍ਰਿਤਸਰ ‘ਚ ਦਫ਼ਤਰ ਤੋਂ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ 1161 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਦੂਤਾਵਾਸ ਨੇ 109 ਸ਼ਰਧਾਲੂਆਂ ਨੂੰ ਵੀਜੇ ਜਾਰੀ ਨਹੀਂ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਣਾ ਹੈ। ਇਹ ਜਥਾ 9 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਵੇਗਾ, ਜੋ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 18 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ। ਉਨ੍ਹਾਂ ਦੱਸਿਆ ਕਿ ਵਿਸਾਖੀ ਦਾ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ 14 ਅਪ੍ਰੈਲ ਨੂੰ ਹੋਵੇਗਾ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …